- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਚਾਮੁੰਡਾ ਧਾਮ ’ਤੇ 54ਵੇਂ ਲੰਗਰ ਭੰਡਾਰੇ ਤੇ ਜਾਗਰਣ ਦੀਆਂ ਤਿਆਰੀਆਂ ਸ਼ੁਰੂ

ਭੰਡਾਰੇ ਦੀ ਆਗਿਆ ਲਈ ਸੇਵਾਦਾਰਾਂ ਨੇ ਕੀਤੀ ਮੰਦਰ ਪ੍ਰਬੰਧਕਾਂ ਨਾਲ ਮੁਲਾਕਾਤ
ਲੰਗਰ ਭੰਡਾਰੇ ਦੀ ਸੁਚਾਰੂ ਪ੍ਰਬੰਧਾਂ ਸਬੰਧੀ ਸਹਿਯੋਗ ਕਰਨ ਦੀ ਕੀਤੀ ਅਪੀਲ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਨੰਦੀਕੇਸ਼ਵਰ ਧਾਮ ਮਾਤਾ ਚਾਮੁੰਡਾ ਦੇਵੀ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਚਾਮੁੰਡਾ ਸੇਵਕ ਸਭਾ ਤਰਨਤਾਰਨ ਵੱਲੋਂ ਸਾਵਣ ਮੇਲੇ ਦੌਰਾਨ 54ਵਾਂ ਵਿਸ਼ਾਲ ਲੰਗਰ ਭੰਡਾਰਾ ਅਤੇ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਲੰਗਰ ਭੰਡਾਰੇ ਲਈ ਲੋੜੀਂਦੀ ਪ੍ਰਵਾਨਗੀ ਅਤੇ ਸਥਾਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਭਾ ਦੇ ਸੇਵਾਦਾਰਾਂ ਦਾ ਵਫ਼ਦ ਹਿਮਾਚਲ ਪ੍ਰਦੇਸ਼ ਪੁੱਜਿਆ, ਜਿਥੇ ਉਨ੍ਹਾਂ ਮੰਦਰ ਪ੍ਰਬੰਧਕਾਂ ਨਾਲ ਮੁਲਾਕਾਤ ਕਰਕੇ ਲੰਗਰ ਲਈ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਵਫ਼ਦ ਨੇ ਮੰਦਰ ਅਧਿਕਾਰੀ ਰਾਕੇਸ਼ ਕੁਮਾਰ ਨੂੰ ਮੰਗ ਪੱਤਰ ਸੌਂਪਦਿਆਂ ਲੰਗਰ ਭੰਡਾਰੇ ਦੇ ਸੁਚਾਰੂ ਪ੍ਰਬੰਧਾਂ ਲਈ ਸਹਿਯੋਗ ਦੀ ਅਪੀਲ ਕੀਤੀ। ਮੰਦਰ ਪ੍ਰਬੰਧਕਾਂ ਵੱਲੋਂ ਵੀ ਸੇਵਾਦਾਰਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਵਫ਼ਦ ਵਿਚ ਲਲਿਤ ਕੁਮਾਰ ਦੀਪੂ, ਲੱਕੀ ਜੋਸ਼ੀ, ਸ਼ਿਵ ਅਰੋੜਾ, ਰਾਹੁਲ ਸੋਨੀ ਅਤੇ ਰਾਹੁਲ ਕੁਮਾਰ ਸਮੇਤ ਹੋਰ ਸੇਵਾਦਾਰ ਸ਼ਾਮਲ ਸਨ। ਸਭਾ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਨੇ ਦੱਸਿਆ ਕਿ ਸ਼੍ਰੀ ਚਾਮੁੰਡਾ ਸੇਵਕ ਸਭਾ 50 ਸਾਲਾਂ ਤੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਮਾਤਾ ਸ਼੍ਰੀ ਚਾਮੁੰਡਾ ਦੇਵੀ ਦੇ ਦਰਬਾਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਲੰਗਰ ਭੰਡਾਰੇ ਦਾ ਆਯੋਜਨ ਕਰ ਰਹੀ ਹੈ।
ਇਸ ਸਾਲ 54ਵਾਂ ਲੰਗਰ ਭੰਡਾਰਾ 17 ਅਗਸਤ ਤੋਂ 23 ਅਗਸਤ ਤਕ ਨਿਰੰਤਰ ਚੱਲੇਗਾ, ਜਿਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੂੰ ਸੇਵਾ ਭਾਵਨਾ ਨਾਲ ਭੰਡਾਰਾ ਛਕਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 22 ਅਗਸਤ ਨੂੰ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਧਾਰਮਿਕ ਸਮਾਗਮ ਵਿਚ ਤਰਨਤਾਰਨ ਸ਼ਹਿਰ ਤੋਂ ਵੱਡੀ ਗਿਣਤੀ ਸ਼ਰਧਾਲੂ ਹਰ ਸਾਲ ਦੀ ਤਰ੍ਹਾਂ ਹਾਜਰੀ ਭਰਨ ਲਈ ਪਹੁੰਚਣਗੇ।
ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਮਾਤਾ ਸ਼੍ਰੀ ਚਾਮੁੰਡਾ ਦੇਵੀ ਦੇ ਦਰਬਾਰ ਵਿਚ ਨਤਮਸਤਕ ਹੋਣ, ਲੰਗਰ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਅਤੇ 22 ਅਗਸਤ ਨੂੰ ਹੋਣ ਵਾਲੇ ਵਿਸ਼ਾਲ ਭਗਵਤੀ ਜਾਗਰਣ ਵਿਚ ਸ਼ਾਮਿਲ ਹੋ ਕੇ ਮਾਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ।