ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਖਾਲੜਾ ’ਚ ਲੱਗਾ ਆਰਓ ਸਿਸਟਮ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਖਾਲੜਾ ’ਚ ਲੱਗਾ ਆਰਓ ਸਿਸਟਮ
Publish Date: Fri, 03 Jul 2026 07:13 PM (IST)
Updated Date: Sat, 04 Jul 2026 04:06 AM (IST)
ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ : ਭਾਰਤ-ਪਾਕਿ ਸਰਹੱਦ ਨੇੜੇ ਵੱਸੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਖਾਲੜਾ ਮੌਜੂਦਾ ਸਮੇਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਹਲਾਤ ਇਹ ਹਨ ਕਿ ਸਰਕਾਰੀ ਸਵੱਛ ਪਾਣੀ ਦੀ ਸਮੱਸਿਆ, ਸਬ ਹੈਲਥ ਸੈਂਟਰ ਅਤੇ ਸੇਵਾ ਕੇਂਦਰ ਨੂੰ ਆਮ ਲੋਕਾਂ ਦੇ ਲੰਘਣ ਵਾਲੇ ਰਸਤੇ ਦੇ ਆਲੇ ਦੁਆਲੇ ਉੱਘੀ ਹੋਈ ਖਤਰਨਾਕ ਜੰਗਲੀ ਬੂਟੀ, ਜ਼ਹਿਰੀਲੇ ਸੱਪ, ਕੀੜੇ ਮਕੌੜੇ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਨਾਲ ਸਥਾਨਕ ਲੋਕ ਜੂਝ ਰਹੇ ਹਨ। ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਨੇ ਮੌਜੂਦਾ ਸਰਕਾਰ ਦੀ ਅਣਗਹਿਲੀ ਬਾਰੇ ਜਾਣਕਰੀ ਸਾਂਝੀ ਕਰਦਿਆਂ ਕਿਹਾ ਕਿ ਇਨਸਾਨ ਨੂੰ ਜਿਊਂਦਾ ਰਹਿਣ ਲਈ ਜ਼ਿੰਦਗੀ ਵਿਚ ਸਭ ਤੋਂ ਪ੍ਰਮੁੱਖ ਲੋੜ ਪੀਣ ਵਾਲਾ ਪਾਣੀ ਹੀ ਮੰਨਿਆ ਗਿਆ ਹੈ। 2010 ਵਿਚ ਤੱਤਕਾਲੀ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਕਾਲੀ ਦਲ ਸਰਕਾਰ ਨੇ ਖਾਲੜਾ ਅਤੇ ਇਸ ਨਾਲ ਲਗਦੇ ਚਾਰ ਪੰਜ ਹੋਰ ਪਿੰਡਾਂ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਾਫ ਤੇ ਸ਼ੁੱਧ ਪੀਣ ਵਾਲੇ ਪਾਣੀ ਦੇ ਫਿਲਟਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ, ਤਾਂ ਜੋ ਜਿਹੜੇ ਗਰੀਬ ਪਰਿਵਾਰ ਆਪਣੇ ਘਰਾਂ ਵਿਚ ਸ਼ੁੱਧ ਅਤੇ ਸਾਫ਼ ਪਾਣੀ ਪੀਣ ਲਈ ਆਰਓ ਵਗੈਰਾ ਨਹੀਂ ਲਗਵਾ ਸਕਦੇ, ਉਹ ਆਪਣਾ ਅਤੇ ਆਪਣੇ ਪਰਿਵਾਰ ਨੂੰ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਇਸ ਫਿਲਟਰ ਪਾਣੀ ਦੀ ਵਰਤੋਂ ਕਰ ਸਕਣ। ਪਰ ਪਿਛਲੇ ਕੁਝ ਸਾਲਾਂ ਤੋਂ ਖਾਲੜਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਲਗਾਏ ਗਏ ਮਹਿੰਗੇ ਆਰਓ ਪ੍ਰੋਜੈਕਟ ਨੂੰ ਮੌਜੂਦਾ ਸਰਕਾਰਾਂ ਨੇ ਅਣਗੌਲਿਆ ਕਰ ਦਿੱਤਾ ਅਤੇ ਇਸ ਵਿਚ ਮੌਜੂਦ ਮਹਿੰਗੀ ਮਸ਼ੀਨਰੀ ਇਸ ਵੇਲੇ ਤਰਸਯੋਗ ਹਾਲਤ ਵਿਚ ਖਤਮ ਹੋਣ ਕਿਨਾਰੇ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਖੇਮਕਰਨ ਤੋਂ ਸੀਨੀਅਰ ਆਗੂ ਅਮਨਦੀਪ ਸਿੰਘ ਨਾਰਲੀ ਨੇ ਕਿਹਾ ਕਿ ਖਾਲੜਾ ਦੇ ਸਬ ਹੈਲਥ ਸੈਂਟਰ ’ਚ ਹਰ ਰੋਜ਼ ਲੜਕੀਆਂ, ਗਰਭਵਤੀ ਔਰਤਾਂ ਅਤੇ ਨਿੱਕੇ-ਨਿੱਕੇ ਬੱਚਿਆਂ ਦੇ ਟੀਕਾਕਰਨ ਆਦਿ ਸਬੰਧੀ ਆਉਣ ਵਾਲੀਆਂ ਮਾਵਾਂ ਨੂੰ ਦੋਹਾਂ ਕਿਨਾਰਿਆਂ ਤੋਂ ਘਿਰੇ ਇਸ ਖਤਰਨਾਕ ਜੰਗਲ ਬੂਟੀ ਵਾਲੇ ਰਸਤੇ ਰਾਹੀਂ ਲੰਘਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਸੇ ਤਰ੍ਹਾਂ ਸੇਵਾ ਕੇਂਦਰ ਤਕ ਪਹੁੰਚਣ ਲਈ ਇਨ੍ਹਾਂ ਆਮ ਲੋਕਾਂ ਨੂੰ ਆਪਣੇ ਕੰਮ ਕਾਜ ਲਈ ਇਸੇ ਰਸਤੇ ਨੂੰ ਅਪਣਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅੱਤ ਦੀ ਪੈ ਰਹੀ ਗਰਮੀ ਦੇ ਦੌਰਾਨ ਜ਼ਹਿਰੀਲੇ ਸੱਪ, ਜਾਂ ਹੋਰ ਕੀੜੇ ਮਕੌੜੇ ਇਨਸਾਨੀ ਜੀਵਨ ਲਈ ਖਤਰਨਾਕ ਸਾਬਿਤ ਹੋ ਸਕਦੇ ਹਨ। ਉਕਤ ਆਗੂਆਂ ਨੇ ਬੀਡੀਪੀਓ ਭਿੱਖੀਵਿੰਡ, ਡਿਪਟੀ ਕਮਿਸ਼ਨਰ, ਵਿਧਾਇਕ ਸਰਵਨ ਸਿੰਘ ਧੁੰਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਇਸ ਦੀ ਸਫਾਈ ਆਦਿ ਵੱਲ ਧਿਆਨ ਦਿੱਤਾ ਜਾਵੇ। ਕੈਪਸ਼ਨ- ਕਸਬਾ ਖਾਲੜਾ ਵਿਖੇ ਸਰਕਾਰ ਦੀ ਅਣਗਹਿਲੀ ਕਾਰਨ ਖਤਮ ਹੋਣ ਕਿਨਾਰੇ ਪੁੱਜਾ ਸਰਕਾਰੀ ਆਰਓ ਸਿਸਟਮ। ਕੈਪਸ਼ਨ- ਸਬ ਹੈਲਥ ਸੈਂਟਰ ਅਤੇ ਸੇਵਾ ਕੇਂਦਰ ਨੂੰ ਜਾਣ ਵਾਲੇ ਰਸਤੇ ਦੇ ਆਲੇ ਦੁਆਲੇ ਉੱਘੀ ਜੰਗਲੀ ਬੂਟੀ। ਕੈਪਸ਼ਨ- ਅਮਰਜੀਤ ਸਿੰਘ ਢਿੱਲੋਂ। ਕੈਪਸ਼ਨ- ਭਾਈ ਅਮਨਦੀਪ ਸਿੰਘ ਨਾਰਲੀ।