- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਬਜ਼ਾਰ ਚੋਹਲਾ ਸਾਹਿਬ ਨੂੰ ਮਿਲੀ ਵੱਡੀ ਰਾਹਤ, 200 ਕੇਵੀਏ ਦਾ ਨਵਾਂ ਟ੍ਰਾਂਸਫਾਰਮਰ ਹੋਇਆ ਸਥਾਪਤ

ਰਾਕੇਸ਼ ਨਈਅਰ, •ਪੰਜਾਬੀ ਜਾਗਰਣ,
ਚੋਹਲਾ ਸਾਹਿਬ : ਕਸਬਾ ਚੋਹਲਾ ਸਾਹਿਬ ਦੇ ਮੁੱਖ ਬਜ਼ਾਰ ਦੇ ਬਿਜਲੀ ਖਪਤਕਾਰਾਂ ਨੂੰ ਹੁਣ ਬਿਜਲੀ ਸਪਲਾਈ ਸਬੰਧੀ ਆ ਰਹੀਆਂ ਲੰਬੇ ਸਮੇਂ ਦੀਆਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਬਿਜਲੀ ਵਿਭਾਗ ਵੱਲੋਂ ਖ਼ਪਤਕਾਰਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਸਵੀਕਾਰ ਕਰਦਿਆਂ ਮੁੱਖ ਬਜ਼ਾਰ ਵਿਚ ਲੱਗੇ ਪੁਰਾਣੇ 100 ਕੇਵੀਏ ਟ੍ਰਾਂਸਫਾਰਮਰ ਦੀ ਥਾਂ 200 ਕੇਵੀਏ ਸਮੱਰਥਾ ਵਾਲਾ ਨਵਾਂ ਟ੍ਰਾਂਸਫਾਰਮਰ ਸਥਾਪਤ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਖ਼ਪਤਕਾਰ ਕ੍ਰਿਪਾਲ ਸਿੰਘ ਸੋਨੂੰ ਧਾਮੀ, ਰਾਜੂ ਨਈਅਰ, ਨਰਿੰਦਰ ਸਿੰਘ ਭੱਪ, ਜਸਬੀਰ ਸਿੰਘ ਜੱਸਾ, ਸੂਰਜ ਪ੍ਰਤਾਪ ਸਿੰਘ, ਰਮੇਸ਼ ਕੁਮਾਰ, ਸੁਰਿੰਦਰ ਕੁਮਾਰ, ਤਰਸੇਮ ਨਈਅਰ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਮੁੱਖ ਬਜ਼ਾਰ ਵਿਚ ਬਿਜਲੀ ਦੀ ਖਪਤ ਲਗਾਤਾਰ ਵਧਣ ਕਾਰਨ ਪੁਰਾਣਾ ਟ੍ਰਾਂਸਫਾਰਮਰ ਅਕਸਰ ਓਵਰਲੋਡ ਹੋ ਜਾਂਦਾ ਸੀ। ਇਸ ਕਾਰਨ ਟ੍ਰਾਂਸਫਾਰਮਰ ਵਿਚ ਨੁਕਸ ਪੈਣ ਦੇ ਨਾਲ-ਨਾਲ ਘੱਟ ਵੋਲਟੇਜ ਦੀ ਸਮੱਸਿਆ ਵੀ ਬਣੀ ਰਹਿੰਦੀ ਸੀ, ਜਿਸ ਕਾਰਨ ਘਰਾਂ ਅਤੇ ਦੁਕਾਨਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲਦੀ ਸੀ ਅਤੇ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨੇ ਉਨ੍ਹਾਂ ਦੀ ਮੰਗ ’ਤੇ ਤੁਰੰਤ ਕਾਰਵਾਈ ਕਰਦਿਆਂ 200 ਕੇਵੀਏ ਦਾ ਨਵਾਂ ਟ੍ਰਾਂਸਫਾਰਮਰ ਲਗਾਇਆ ਹੈ, ਜਿਸ ਨਾਲ ਹੁਣ ਖੇਤਰ ਵਿਚ ਬਿਜਲੀ ਸਪਲਾਈ ਹੋਰ ਸੁਚਾਰੂ, ਮਜ਼ਬੂਤ ਅਤੇ ਨਿਰਵਿਘਨ ਹੋਵੇਗੀ। ਇਸ ਨਾਲ ਘੱਟ ਵੋਲਟੇਜ ਅਤੇ ਵਾਰ-ਵਾਰ ਆਉਣ ਵਾਲੀਆਂ ਤਕਨੀਕੀ ਦਿੱਕਤਾਂ ਤੋਂ ਵੀ ਕਾਫ਼ੀ ਹੱਦ ਤਕ ਰਾਹਤ ਮਿਲੇਗੀ।
ਇਸ ਮੌਕੇ ਐਕਸੀਅਨ ਪੱਟੀ ਵਿਜੇਪਾਲ ਸਿੰਘ ਅਤੇ ਐੱਸਡੀਓ ਸਰਹਾਲੀ ਹਰਜੀਤ ਸਿੰਘ ਨੇ ਕਿਹਾ ਕਿ ਨਵੇਂ ਅਤੇ ਵੱਡੀ ਸਮੱਰਥਾ ਵਾਲੇ ਟ੍ਰਾਂਸਫਾਰਮਰ ਦੇ ਚਾਲੂ ਹੋਣ ਨਾਲ ਖਪਤਕਾਰਾਂ ਨੂੰ ਓਵਰਲੋਡਿੰਗ ਅਤੇ ਘੱਟ ਵੋਲਟੇਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਅਤੇ ਬਿਜਲੀ ਸਪਲਾਈ ਦੀ ਗੁਣਵੱਤਾ ਵਿਚ ਮਹੱਤਵਪੂਰਨ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਅਤੇ ਊਰਜਾ ਬਚਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਵੀ ਕੀਤੀ।
ਇਸ ਸਮੱਸਿਆ ਦੇ ਹੱਲ ਲਈ ਖਪਤਕਾਰਾਂ ਨੇ ਐਕਸੀਅਨ ਪੱਟੀ ਵਿਜੇਪਾਲ ਸਿੰਘ, ਐੱਸਡੀਓ ਸਰਹਾਲੀ ਹਰਜੀਤ ਸਿੰਘ, ਜੇਈ ਮਲਕੀਤ ਸਿੰਘ ਹਰੀਕੇ, ਸਰਪੰਚ ਕੇਵਲ ਕ੍ਰਿਸ਼ਨ ਚੋਹਲਾ ਸਾਹਿਬ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।