- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ’ਚ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਕਿਸਾਨਾਂ ਦੇ ਖੇਤਾਂ ’ਚ ਵੜਿਆ ਪਾਣੀ, ਝੋਨੇ ਦੀ ਫ਼ਸਲ ਨੂੰ ਨੁਕਸਾਨ

ਝੋਨੇ ਤੇ ਹਰੇ ਚਾਰੇ ਦੀ ਫ਼ਸਲ ਨੁਕਸਾਨ ਹੋਣ ਦਾ ਖਦਸ਼ਾ, ਕਿਸਾਨਾਂ ’ਚ ਰੋਸ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਸ਼ਕਰੀ ਮਾਈਨਰ ਬ੍ਰਾਂਚ ਵੱਲੋਂ ਪੱਟੀ ਰਾਜਬਾਹਾ ਲਈ ਕਿਸਾਨਾਂ ਦੀ ਸਿੰਚਾਈ ਵਾਸਤੇ ਪਾਣੀ ਛੱਡਿਆ ਗਿਆ, ਪਰ ਪੱਟੀ ਦੇ ਪੀਰਾਂ ਸਾਹਿਬ ਰੋਡ ਨੇੜੇ ਖਾਲ ਦੀ ਢੁੱਕਵੀਂ ਨਿਕਾਸੀ ਨਾ ਹੋਣ ਅਤੇ ਖਾਲ ਦੇ ਕੱਚੇ ਹੋਣ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ ਅਤੇ ਪੈਲੀਆਂ ਵਿਚ ਦਾਖ਼ਲ ਹੋ ਗਿਆ। ਇਸ ਕਾਰਨ ਝੋਨੇ ਦੀ ਫ਼ਸਲ ਅਤੇ ਹਰੇ ਚਾਰੇ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਗਿਆ ਹੈ ਅਤੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਕਿਸਾਨ ਆਗੂ ਸੁਖਰਾਜ ਸਿੰਘ ਰਾਣਾ ਬਰਾੜ, ਗੁਰਚੇਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਆਰਜ਼ੀ ਸੂਆ ਪਹਿਲਾਂ ਬਣਾਇਆ ਗਿਆ ਸੀ। ਪਰ ਨਹਿਰੀ ਵਿਭਾਗ ਵੱਲੋਂ ਖਾਲ ਨੂੰ ਪੱਕਾ ਕਰਨ ਅਤੇ ਲੋੜੀਂਦੇ ਟੇਲੇ ਬਣਾਉਣ ਦਾ ਕੰਮ ਪੂਰਾ ਕੀਤੇ ਬਿਨ੍ਹਾਂ ਹੀ ਇਸ ਵਿਚ ਪਾਣੀ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਤੇਜ਼ ਰਫ਼ਤਾਰ ਨਾਲ ਆ ਰਿਹਾ ਪਾਣੀ ਖੇਤਾਂ ਵਿਚ ਫੈਲ ਰਿਹਾ ਹੈ, ਜਿਸ ਨਾਲ ਝੋਨੇ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਅਤੇ ਜ਼ਮੀਨ ਵੀ ਪੁੱਟੀ ਜਾ ਰਹੀ ਹੈ।
ਕਿਸਾਨਾਂ ਨੇ ਦੱਸਿਆ ਕਿ ਇਸ ਖਾਲ ਦੇ ਆਸ-ਪਾਸ ਸੁਖਦੇਵ ਸਿੰਘ ਭੁੱਲਰ, ਗੋਰਾ ਕਾਲਾ ਘਰਿਆਲੇ ਵਾਲੇ, ਅਮਰੀਕ ਸਿੰਘ ਭੁੱਲਰ ਅਤੇ ਖਾਰੇ ਵਾਲਿਆਂ ਸਮੇਤ ਕਈ ਕਿਸਾਨਾਂ ਦੀ ਜ਼ਮੀਨ ਹੈ, ਜਿਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲ ਦੀ ਪੁਟਾਈ ਵੀ ਕਿਸਾਨਾਂ ਨੇ ਆਪਸ ਵਿਚ ਰਲ ਕੇ ਆਪਣੇ ਖ਼ਰਚੇ ’ਤੇ ਕਰਵਾਈ ਸੀ, ਪਰ ਹੁਣ ਪਾਣੀ ਆਉਣ ਕਾਰਨ ਫ਼ਸਲ ਅਤੇ ਜ਼ਮੀਨ ਨੂੰ ਰੁੜਨ ਤੋਂ ਬਚਾਉਣ ਲਈ ਮੁੜ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕਰਕੇ ਮਲਬਾ ਪਵਾਇਆ ਜਾ ਰਿਹਾ ਹੈ।
ਕਿਸਾਨਾਂ ਨੇ ਨਹਿਰੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਮੰਗ ਕੀਤੀ ਕਿ ਜਦੋਂ ਤਕ ਖਾਲ ਦਾ ਪੱਕਾ ਨਿਰਮਾਣ ਅਤੇ ਨਿਕਾਸੀ ਦਾ ਪ੍ਰਬੰਧ ਮੁਕੰਮਲ ਨਹੀਂ ਹੁੰਦਾ, ਉਦੋਂ ਤਕ ਇਸ ਵਿਚ ਪਾਣੀ ਛੱਡਣਾ ਬੰਦ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਮੀਂਹਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਸ ਸਬੰਧੀ ਨਹਿਰੀ ਵਿਭਾਗ ਦੇ ਜੇਈ ਅੰਕਿਤ ਕੁਮਾਰ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਪਾਣੀ ਦੀ ਨਿਕਾਸੀ ਅਤੇ ਪੂਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।