- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਅਮਰੀਕਾ ਟਰੇਡ ਸਮਝੌਤੇ ਵਿਰੁੱਧ ਐਕਸ਼ਨ 22 ਨੂੰ - ਐੱਸਕੇਐੱਮ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਮੋਰਚੇ ਦੇ 43ਵੇਂ ਦਿਨ ਅੱਜ ਐੱਸਕੇਐੱਮ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਅਮਰੀਕਾ ਦੇ ਦਬਾਅ ਅਧੀਨ ਟਰੇਡ ਸਮਝੌਤਾ ਕੀਤਾ ਗਿਆ ਤਾਂ 22 ਜੁਲਾਈ ਨੂੰ ਭਾਜਪਾ ਲੀਡਰਸ਼ਿਪ ਦੇ ਘਰਾਂ ਅੱਗੇ ਪ੍ਰਦਰਸ਼ਨ ’ਤੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ। ਵੀਰਵਾਰ ਮੋਰਚੇ ’ਤੇ ਇਕੱਠੇ ਹੋਏ ਕਿਸਾਨ ਆਗੂਆਂ ਤਰਸੇਮ ਸਿੰਘ ਲੁਹਾਰ, ਗੁਰਸਾਹਿਬ ਸਿੰਘ ਡੱਲ, ਜੱਸਾ ਸਿੰਘ ਕੱਦਗਿੱਲ, ਨਛੱਤਰ ਸਿੰਘ ਪੰਨੂ, ਗੁਰਦਿਆਲ ਸਿੰਘ ਵਰਨਾਲਾ, ਸਤਬੀਰ ਸਿੰਘ, ਹਰਭਜਨ ਸਿੰਘ ਚੂਸਲੇਵੜ੍ਹ ਨੇ ਦੱਸਿਆ ਕਿ ਭਾਰਤ ਸਰਕਾਰ ਅਮਰੀਕਾ ਸਾਮਰਾਜ ਦੇ ਦਬਾਅ ਹੇਠ ਲਗਾਤਾਰ ਲੋਕ ਮਾਰੂ ਫੈਸਲੇ ਕਰ ਰਹੀ ਹੈ।
ਅਮਰੀਕਾ ਦੇ ਡਰ ਥੱਲੇ ਕੌਮਾਂਤਰੀ ਮਾਰਕੀਟ ਵਿੱਚੋਂ ਸਸਤਾ ਤੇਲ ਛੱਡ ਕੇ ਮਹਿੰਗਾ ਤੇਲ ਖਰੀਦ ਰਹੀ ਹੈ। ਹੁਣ ਅਮਰੀਕਾ ਵੱਲੋਂ ਦਬਾਅ ਹੈ ਕਿ ਫ੍ਰੀਂ ਟਰੇਡ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ। ਅਮਰੀਕਾ ਇਹ ਐਲਾਨ ਕਰ ਰਿਹਾ ਹੈ ਕਿ ਇਸ ਸਮਝੌਤੇ ਲਈ ਭਾਰਤ ਸਹਿਮਤ ਹੈ ਅਤੇ ਜਲਦੀ ਸਮਝੌਤਾ ਨੇਪਰੇ ਚਾੜ੍ਹਿਆ ਜਾਵੇਗਾ, ਜਦੋਂ ਕਿ ਭਾਰਤ ਸਰਕਾਰ ਚੁੱਪ ਹੈ। ਸਯੁੰਕਤ ਕਿਸਾਨ ਮੋਰਚਾ ਭਾਰਤ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਇਹ ਫੈਸਲਾ ਲੈਂਦੀ ਹੈ ਤਾਂ 22 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਦੇ ਬੀਜੇਪੀ ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਉਸ ਦਿਨ ਰੋਸ ਵਜੋਂ ਟੋਲ ਪਲਾਜ਼ਾ ਫ਼੍ਰੀ ਕੀਤੇ ਜਾਣਗੇ। ਯਾਦ ਰਹੇ ਕਿ ਜੇਕਰ ਇਹ ਸਮਝੌਤਾ ਨੇਪਰੇ ਚੜ੍ਹ ਗਿਆ ਤਾਂ ਭਾਰਤ ਦੇ ਛੋਟੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਸਮੇਤ ਹੋਰ ਛੋਟੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ। ਭਾਰਤ ਅਮਰੀਕਾ ਸਾਮਰਾਜ ਦਾ ਅਰਧ ਗੁਲਾਮ ਬਣ ਜਾਵੇਗਾ। ਹੁਣ ਵੀ ਅਮਰੀਕਾ ਨੇ ਇਰਾਨ ਖਾੜੀ ਵਿਚ ਸਾਡੇ ਤਿੰਨ ਮਲਾਹ ਮਾਰ ਦਿੱਤੇ ਹਨ, ਭਾਰਤ ਜੁਅਰਤ ਨਾਲ ਰੋਸ ਵੀ ਨਹੀਂ ਕਰ ਸਕਿਆ। ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਅੜੀਅਲ ਰਵੱਈਆ ਛੱਡ ਕੇ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਦਾ ਵਾਅਦਾ ਪੂਰਾ ਕਰਨ ਲਈ ਐਲਾਨ ਕਰੇ, ਤਾਂ ਕਿ ਇਸ ਜ਼ਿਲ੍ਹੇ ਦੇ ਕਿਸਾਨਾਂ, ਮਜ਼ਦੂਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਰੁਜ਼ਗਾਰ ਦਾ ਮੌਕਾ ਪ੍ਰਾਪਤ ਹੋ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਸ਼ੇਰੋਂ, ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਝੀਤਾ, ਗੁਰਚਰਨ ਸਿੰਘ ਸਭਰਾ, ਸੁਖਬਾਜ ਸਿੰਘ ਸਿੱਧੂ, ਦਵਿੰਦਰ ਸੋਹਲ, ਪੰਜਾਬ ਸਿੰਘ ਕਸੇਲ, ਬਲਜਿੰਦਰ ਸਿੰਘ ਡੱਲ, ਕੁਲਵਿੰਦਰ ਸਿੰਘ ਅਹਿਮਦਪੁਰ, ਕੁਲਦੀਪ ਸਿੰਘ ਢੋਟਾ, ਗੁਰਲਾਲ ਸਿੰਘ ਕੋਟਲੀ, ਪ੍ਰਗਟ ਸਿੰਘ ਕੁਹਾੜਕਾ, ਸੁਖਦੇਵ ਸਿੰਘ ਤੁੜ, ਮੇਘ ਸਿੰਘ, ਰਾਣਾ ਬੁੰਡਾਲਾ, ਹਰਭਾਗ ਸਿੰਘ, ਹਰਬਿੰਦਰ ਸਿੰਘ ਕਸੇਲ, ਦਿਲਬਾਗ ਸਿੰਘ ਬੱਬੂ ਸਮੇਤ ਕਈ ਹੋਰ ਆਗੂ ਹਾਜ਼ਰ ਸਨ।