ਸਵ. ਚਰਨਜੀਤ ਸ਼ਰਮਾ ਪਾਰਕ ਬਣੀ ਨਸ਼ੇੜੀਆਂ ਤੇ ਜੂਏਬਾਜ਼ਾਂ ਦਾ ਅੱਡਾ ਸਵ. ਚਰਨਜੀਤ ਸ਼ਰਮਾ ਪਾਰਕ ਬਣੀ ਨਸ਼ੇੜੀਆਂ ਤੇ ਜੂਏਬਾਜ਼ਾਂ ਦਾ ਅੱਡਾ
Publish Date: Tue, 30 Jun 2026 05:02 PM (IST)
Updated Date: Wed, 01 Jul 2026 04:02 AM (IST)
ਪਾਰਕ ਦੀ ਤਰਸਯੋਗ ਹਾਲਤ, ਲੋਕਾਂ ਨੇ ਕੀਤੀ ਸੁਧਾਰ ਦੀ ਮੰਗ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਸ਼ਹਿਰ ਦੇ ਪ੍ਰਸਿੱਧ ਸਵ. ਚਰਨਜੀਤ ਸ਼ਰਮਾ ਪਾਰਕ ਅਤੇ ਸਥਿਤ ਪਾਣੀ ਵਾਲੀ ਟੈਂਕੀ ਦਾ ਇਲਾਕਾ ਅੱਜ ਕੱਲ੍ਹ ਨਸ਼ੇੜੀਆਂ ਅਤੇ ਜੂਏਬਾਜ਼ਾਂ ਦਾ ਅੱਡਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਮੁਹੱਲਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਨਗਰ ਕੌਂਸਲ ਪੱਟੀ ਅਤੇ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਰਮਨ ਸ਼ਰਮਾ, ਰਸ਼ਪਾਲ ਸਿੰਘ ਬੇਦੀ ਸਾਬਕਾ ਕੌਂਸਲਰ ਅਤੇ ਬਿਕਰਮਜੀਤ ਸਿੰਘ ਸੋਹਲ ਨੇ ਦੱਸਿਆ ਕਿ ਸਵ. ਚਰਨਜੀਤ ਸ਼ਰਮਾ ਪਾਰਕ ਦਾ ਉਦਘਾਟਨ ਸਾਲ 2007 ਵਿਚ ਕੀਤਾ ਗਿਆ ਸੀ ਅਤੇ 2008 ਵਿਚ ਇਸ ਦਾ ਨਿਰਮਾਣ ਕਾਰਜ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ। ਉਸ ਸਮੇਂ ਇਸ ਪਾਰਕ ਨੂੰ ਆਧੁਨਿਕ ਸਹੂਲਤਾਂ ਨਾਲ ਸਜਾਇਆ ਗਿਆ ਸੀ। ਲੋਕਾਂ ਦੀ ਸੈਰ ਲਈ ਵਿਸ਼ੇਸ਼ ਟਰੈਕ ਬਣਾਇਆ ਗਿਆ, ਸੁੰਦਰ ਫੁਹਾਰੇ ਲਗਾਏ ਗਏ ਅਤੇ ਹਰਿਆਲੀ ਨਾਲ ਭਰਪੂਰ ਮਾਹੌਲ ਤਿਆਰ ਕੀਤਾ ਗਿਆ ਸੀ, ਜਿਸ ਕਾਰਨ ਇਹ ਪਾਰਕ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅੱਜ ਇਹ ਪਾਰਕ ਆਪਣੀ ਪਹਿਚਾਣ ਗੁਆ ਚੁੱਕਾ ਹੈ। ਪਾਰਕ ਵਿਚ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਸ਼ਾਮ ਤੋਂ ਲੈ ਕੇ ਦੇਰ ਰਾਤ ਤਕ ਇਥੇ ਜੂਏਬਾਜ਼ਾਂ ਦੀਆਂ ਮਹਿਫ਼ਲਾਂ ਸਜਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਅਸਮਾਜਿਕ ਅਨਸਰਾਂ ਨੇ ਇਸ ਜਨਤਕ ਥਾਂ ਨੂੰ ਆਪਣਾ ਅੱਡਾ ਬਣਾ ਲਿਆ ਹੈ, ਜਿਸ ਕਾਰਨ ਆਮ ਲੋਕ ਅਤੇ ਖ਼ਾਸ ਕਰਕੇ ਔਰਤਾਂ ਤੇ ਬਜ਼ੁਰਗ ਇਥੇ ਆਉਣ ਤੋਂ ਕਤਰਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਪਾਰਕ ਦੀ ਮੌਜੂਦਾ ਹਾਲਤ ਸਪੱਸ਼ਟ ਤੌਰ ’ਤੇ ਨਗਰ ਕੌਂਸਲ ਅਤੇ ਸਰਕਾਰਾਂ ਦੀ ਅਣਦੇਖੀ ਨੂੰ ਦਰਸਾਉਂਦੀ ਹੈ। ਕਦੇ ਸ਼ਹਿਰ ਦੀ ਸ਼ਾਨ ਮੰਨੀ ਜਾਣ ਵਾਲੀ ਇਹ ਪਾਰਕ ਅੱਜ ਸਿਰਫ਼ ਨਾਮ ਦੀ ਪਾਰਕ ਬਣ ਕੇ ਰਹਿ ਗਈ ਹੈ। ਪਾਰਕ ਵਿਚ ਨਾ ਤਾਂ ਸਫ਼ਾਈ ਦੀ ਕੋਈ ਵਿਵਸਥਾ ਹੈ ਅਤੇ ਨਾ ਹੀ ਇਸ ਦੀ ਸੰਭਾਲ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪਾਰਕ ਵਿਚ ਜਨਤਕ ਬਾਥਰੂਮਾਂ ਦਾ ਨਿਰਮਾਣ ਕੀਤਾ ਗਿਆ ਸੀ, ਪਰ ਅੱਜ ਇਹ ਬਾਥਰੂਮ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਹਨ। ਬਾਥਰੂਮਾਂ ਅੰਦਰ ਅਤੇ ਆਲੇ-ਦੁਆਲੇ ਨਸ਼ੇ ਲਈ ਵਰਤੀਆਂ ਗਈਆਂ ਸਰਿੰਜਾਂ, ਟੀਕੇ ਅਤੇ ਹੋਰ ਸਮੱਗਰੀ ਖਿਲਰੀ ਪਈ ਹੈ। ਇਸ ਕਾਰਨ ਨਾ ਸਿਰਫ਼ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਬਾਥਰੂਮਾਂ ਦੇ ਬਿਲਕੁਲ ਸਾਹਮਣੇ ਬਾਬਾ ਚੁੱਪ ਸ਼ਾਹ ਜੀ ਦਾ ਦਰਬਾਰ ਸਥਿਤ ਹੈ, ਜਿਥੇ ਹਰ ਵੀਰਵਾਰ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਅਜਿਹੇ ਧਾਰਮਿਕ ਸਥਾਨ ਦੇ ਨੇੜੇ ਗੰਦਗੀ ਅਤੇ ਨਸ਼ੇ ਦਾ ਮਾਹੌਲ ਬਣਿਆ ਹੋਣਾ ਬਹੁਤ ਹੀ ਚਿੰਤਾਜਨਕ ਹੈ। ਇਸ ਨਾਲ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਸਗੋਂ ਇਲਾਕੇ ਦੀ ਸਮਾਜਿਕ ਸਥਿਤੀ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਮੌਕੇ ਮੁਹੱਲੇ ਦੇ ਲੋਕਾਂ ਨੇ ਨਗਰ ਕੌਂਸਲ ਪੱਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਰਕ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਨਸ਼ੇੜੀਆਂ ਅਤੇ ਜੂਏਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਾਰਕ ਵਿਚ ਬਣੇ ਬਾਥਰੂਮਾਂ ਬਾਰੇ ਯੋਗ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਢਾਹਿਆ ਜਾਂ ਹੋਰ ਕਿਸੇ ਉਚਿਤ ਮਕਸਦ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕਾਰਵਾਈ ਕੀਤੀ ਜਾਵੇ, ਤਾਂ ਇਸ ਪਾਰਕ ਨੂੰ ਮੁੜ ਪਹਿਲਾਂ ਵਾਂਗ ਸੁੰਦਰ ਅਤੇ ਲੋਕਾਂ ਲਈ ਲਾਭਦਾਇਕ ਬਣਾਇਆ ਜਾ ਸਕਦਾ ਹੈ। ਇਸ ਮੌਕੇ ਰਮਨ ਸ਼ਰਮਾ, ਰਸ਼ਪਾਲ ਸਿੰਘ ਬੇਦੀ ਸਾਬਕਾ ਕੌਂਸਲਰ, ਬਿਕਰਮਜੀਤ ਸਿੰਘ ਸੋਹਲ, ਸੰਜੀਵ ਸ਼ਰਮਾ, ਦਲਜੀਤ ਸਿੰਘ ਸੋਹਲ, ਲਖਬੀਰ ਸਿੰਘ ਭੁੱਟੋ, ਸ਼ਕਤੀ ਪ੍ਰਧਾਨ ਵਾਲਮੀਕਿ ਕ੍ਰਾਂਤੀ ਸੈਨਾ, ਬਲਦੇਵ ਸਿੰਘ, ਪਲਵਿੰਦਰ ਸਿੰਘ, ਦਕਸ਼ ਸ਼ਰਮਾ, ਲਕਸ਼ਮਣ ਸਿੰਘ, ਪ੍ਰੇਮ ਸਿੰਘ ਅਤੇ ਦਿਲਬਾਗ ਸਿੰਘ ਸਮੇਤ ਹੋਰ ਸ਼ਹਿਰ ਵਾਸੀ ਹਾਜ਼ਰ ਸਨ। ਕੈਪਸ਼ਨ - ਪਾਰਕ ਵਿਚ ਬਣੇ ਪਬਲਿਕ ਬਾਥਰੂਮਾਂ ਦੇ ਬਾਹਰ ਪਈ ਗੰਦਗੀ ਦਿਖਾਉਂਦੇ ਹੋਏ ਰਮਨ ਸ਼ਰਮਾ, ਰਸ਼ਪਾਲ ਸਿੰਘ ਬੇਦੀ ਸਾਬਕਾ ਕੌਂਸਲਰ ਤੇ ਬਿਕਰਮਜੀਤ ਸਿੰਘ ਸੋਹਲ ਅਤੇ ਹੋਰ। ਕੈਪਸ਼ਨ - ਸਵ. ਚਰਨਜੀਤ ਮੱਬੂ ਸ਼ਰਮਾ ਸਾਬਕਾ ਕੌਂਸਲਰ ਦੀ ਯਾਦ ਵਿਚ ਪਾਰਕ ਦੀ ਸਮੱਸਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਰਮਨ ਸ਼ਰਮਾ, ਰਸ਼ਪਾਲ ਸਿੰਘ ਬੇਦੀ ਸਾਬਕਾ ਕੌਂਸਲਰ, ਬਿਕਰਮਜੀਤ ਸਿੰਘ ਸੋਹਲ ਅਤੇ ਵਾਰਡ ਨੰਬਰ 6 ਤੇ 7 ਵਾਸੀ। ਕੈਪਸ਼ਨ - ਪਾਰਕ ਵਿਚ ਬਣੇ ਬਾਥਰੂਮਾਂ ’ਚ ਨਸ਼ੇੜੀਆਂ ਵੱਲੋਂ ਸੁੱਟੀਆਂ ਸਰਿੰਜਾਂ ਅਤੇ ਸਿਲਵਰ ਪੇਪਰ ਤੇ ਲੇਟਰ। ਕੈਪਸ਼ਨ - ਸਵ. ਚਰਨਜੀਤ ਸ਼ਰਮਾ ਮੱਬੂ ਪਾਰਕ ਵਿਚ ਉੱਘੀ ਬੂਟੀ ਦਿਖਾਉਂਦੇ ਹੋਏ।