- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਦੇ ਸਰਹਾਲੀ ਰੋਡ ਦੀ ਹਾਲਤ ਬਣੀ ਤਰਸਯੋਗ, ਰਾਹਗੀਰ ਤੇ ਇਲਾਕਾ ਵਾਸੀ ਨਰਕ ਡਾਹਢੇ ਪ੍ਰੇਸ਼ਾਨ

ਕਈ ਪਿੰਡਾਂ ਨਾ ਜੋੜਨਾ ਵਾਲਾ ਮੁੱਖ ਮਾਰਗ ਹੋਣ ਦੇ ਬਾਵਜੂਦ ਲੰਮੇ ਸਮੇਂ ਤੋਂ ਹੋ ਰਹੀ ਹੈ ਅਣਦੇਖੀ
ਠੇਕੇਦਾਰ ਵੱਲੋਂ ਸੜਕ ਪੁੱਟ ਕੇ ਛੱਡਣ ਕਾਰਨ ਵਧੀਆਂ ਮੁਸ਼ਕਲਾਂ, ਬਰਸਾਤਾਂ ਤੋਂ ਪਹਿਲਾਂ ਹੱਲ ਦੀ ਮੰਗ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਇਤਿਹਾਸਕ ਅਤੇ ਵਪਾਰਕ ਪੱਖੋਂ ਅਹਿਮ ਮੰਨੇ ਜਾਂਦੇ ਪੱਟੀ ਸ਼ਹਿਰ ਦੇ ਮੁੱਖ ਸਰਹਾਲੀ ਰੋਡ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਬੇਹੱਦ ਤਰਸਯੋਗ ਬਣੀ ਹੋਈ ਹੈ। ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੀ ਕਥਿਤ ਲਾਪਰਵਾਹੀ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਰੋਜ਼ਾਨਾ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਮਰੀਜ਼ਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀਆਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਰਹਾਲੀ ਰੋਡ ਪੱਟੀ ਸ਼ਹਿਰ ਦਾ ਸਭ ਤੋਂ ਪ੍ਰਸਿੱਧ ਅਤੇ ਰੁੱਝਿਆ ਹੋਇਆ ਰੋਡ ਹੈ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਹੇ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ, ਪਰ ਸਰਕਾਰ ਜਾਂ ਸਬੰਧਤ ਵਿਭਾਗ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੱਖਾਂ ਰੁਪਏ ਦੇ ਟੈਕਸ ਦੇਣ ਦੇ ਬਾਵਜੂਦ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਲਈ ਵੀ ਤਰਸਣਾ ਪੈ ਰਿਹਾ ਹੈ। ਇਹ ਕੋਈ ਆਮ ਲਿੰਕ ਰੋਡ ਨਹੀਂ ਬਲਕਿ ਇਹ ਪੱਟੀ ਸ਼ਹਿਰ ਨੂੰ ਦਰਜਨਾਂ ਪਿੰਡਾਂ ਅਤੇ ਅੱਗੇ ਜਾ ਕੇ ਨੈਸ਼ਨਲ ਹਾਈਵੇ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਪੇਂਡੂ ਖੇਤਰ ਦੇ ਲੋਕ ਆਪਣੇ ਕੰਮਕਾਰਾਂ ਲਈ ਇਸੇ ਰਸਤੇ ਰਾਹੀਂ ਸ਼ਹਿਰ ਆਉਂਦੇ ਹਨ ਜਾਂ ਪੱਟੀ ਇਲਾਕੇ ਦੇ ਲੋਕ ਹਾਈਵੇ ਤਕ ਪਹੁੰਚ ਕਰਦੇ ਹਨ। ਇਸ ਰੋਡ ’ਤੇ ਸ਼ਹਿਰ ਦੀਆਂ ਕਈ ਮਹੱਤਵਪੂਰਨ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੀ ਹਨ, ਜਿਨ੍ਹਾਂ ਵਿਚ ਪੱਟੀ ਦਾ ਮੁੱਖ ਸਰਕਾਰੀ ਹਸਪਤਾਲ, ਸੰਧੂ ਹਸਪਤਾਲ, ਰਾਏ ਹਸਪਤਾਲ, ਸਰਕਾਰੀ ਆਈਟੀਆਈ ਪੱਟੀ ਅਤੇ ਯੂਨੀਵਰਸਿਟੀ ਕਾਲਜ ਪੱਟੀ, ਖੇਤੀਬਾੜੀ ਬਲਾਕ ਪੱਟੀ ਦਾ ਦਫ਼ਤਰ, ਪੰਜਾਬ ਹੋਮ ਗਾਰਡ ਦਾ ਬਟਾਲੀਅਨ ਹੈੱਡਕੁਆਰਟਰ ਤੋਂ ਇਲਾਵਾ ਮੁੱਖ ਦਾਣਾ ਮੰਡੀ ਅਤੇ ਸਬਜ਼ੀ ਮੰਡੀ, ਪੰਜਾਬ ਰੋਡਵੇਜ਼ ਦੀ ਮੁੱਖ ਵਰਕਸ਼ਾਪ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਇਹ ਸੜਕ ਇੱਕ ਵੱਡੀ ਮੁਸੀਬਤ ਬਣ ਚੁੱਕੀ ਹੈ। ਹਸਪਤਾਲ ਜਾਣ ਵਾਲੇ ਗੰਭੀਰ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਲਈ ਇਸ ਟੁੱਟੀ ਸੜਕ ਦੇ ਹਿਚਕੋਲੇ ਜਾਨਲੇਵਾ ਸਾਬਤ ਹੋ ਰਹੇ ਹਨ।
-----
ਬਰਸਾਤਾਂ ਤੋਂ ਪਹਿਲਾਂ ਸਰਕਾਰ ਲਵੇ ਸੜਕ ਦੀ ਸਾਰ : ਚੰਨ
ਇਸ ਸਬੰਧੀ ਕੈਰੋਂ ਗਰੁੱਪ ਪੱਟੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਮੁੱਖ ਮੰਤਰੀ ਪੰਜਾਬ, ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਪਾਸੋਂ ਮੰਗ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਜੇਕਰ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਇਸ ਸੜਕ ਦਾ ਨਿਰਮਾਣ ਕਾਰਜ ਮੁਕੰਮਲ ਨਾ ਕੀਤਾ ਗਿਆ, ਤਾਂ ਸਥਿਤੀ ਹੋਰ ਵੀ ਗੰਭੀਰ ਬਣ ਜਾਵੇਗੀ ਅਤੇ ਪੂਰੀ ਸੜਕ ਤਲਾਬ ਦਾ ਰੂਪ ਧਾਰਨ ਕਰ ਲਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਸੜਕ ਦਾ ਕੰਮ ਸ਼ੁਰੂ ਨਾ ਕਰਵਾਇਆ, ਤਾਂ ਇਲਾਕਾ ਵਾਸੀ ਅਤੇ ਵੱਖ-ਵੱਖ ਜਥੇਬੰਦੀਆਂ ਤਿੱਖਾ ਸੰਘਰਸ਼ ਵਿੱਢਣ ਅਤੇ ਰੋਡ ਜਾਮ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਦੀ ਹੋਵੇਗੀ।
-------
ਠੇਕੇਦਾਰ ਪੁੱਟ ਕੇ ਭੁੱਲਿਆ, ਪ੍ਰਸ਼ਾਸਨ ਨੇ ਧਾਰੀ ਚੁੱਪ
ਰਾਹਗੀਰ ਸਤਨਾਮ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਰਾਏ, ਸਤਨਾਮ ਸਿੰਘ, ਪ੍ਰਗਟ ਸਿੰਘ, ਹਰਜਿੰਦਰ ਸਿੰਘ ਢਿੱਲੋਂ ਅਤੇ ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਕੁਝ ਸਮਾਂ ਪਹਿਲਾਂ ਸਬੰਧਤ ਠੇਕੇਦਾਰ ਵੱਲੋਂ ਇਸ ਸੜਕ ਦੇ ਨਿਰਮਾਣ ਦੇ ਨਾਂ ’ਤੇ ਇਸ ਨੂੰ ਪੁੱਟ ਦਿੱਤਾ ਗਿਆ ਸੀ। ਪਰ ਪੁੱਟਣ ਤੋਂ ਬਾਅਦ ਠੇਕੇਦਾਰ ਇਸ ਦਾ ਨਿਰਮਾਣ ਕਾਰਜ ਅਧੂਰਾ ਛੱਡ ਕੇ ਇਸ ਦਾ ਚੇਤਾ ਹੀ ਭੁੱਲ ਗਿਆ ਹੈ। ਨਾ ਤਾਂ ਸੜਕ ’ਤੇ ਦੁਬਾਰਾ ਲੁੱਕ-ਬਜਰੀ ਪਾਈ ਗਈ ਅਤੇ ਨਾ ਹੀ ਮਿੱਟੀ ਨੂੰ ਬਰਾਬਰ ਕੀਤਾ ਗਿਆ। ਇਸ ਅਧੂਰੇ ਕੰਮ ਕਾਰਨ ਸੜਕ ਉੱਪਰ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ, ਜੋ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
---------
ਬਿਮਾਰੀਆਂ ਦਾ ਘਰ ਬਣਿਆ ਰੋਡ, ਰਿਹਾਇਸ਼ੀ ਲੋਕਾਂ ਦਾ ਜੀਣਾ ਮੁਹਾਲ
ਸੜਕ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਟੋਇਆਂ ਵਿਚ ਖੜ੍ਹੇ ਗੰਦੇ ਪਾਣੀ, ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਕਾਰਨ ਇੱਥੇ ਜਿਊਣਾ ਦੁੱਭਰ ਹੋ ਗਿਆ ਹੈ। ਮੱਛਰਾਂ ਦੀ ਵਧਦੀ ਪੈਦਾਵਾਰ ਕਾਰਨ ਇਲਾਕੇ ਵਿਚ ਡੇਂਗੂ, ਮਲੇਰੀਆ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ।
------
ਰੋਜ਼ਾਨਾ ਵਾਪਰ ਰਹੇ ਹਾਦਸੇ, ਕਈ ਰਾਹਗੀਰ ਹੋ ਚੁੱਕੇ ਨੇ ਜ਼ਖ਼ਮੀ
ਸਥਾਨਕ ਲੋਕਾਂ ਦੱਸਿਆ ਕਿ ਸੜਕ ’ਤੇ ਪਏ ਡੂੰਘੇ ਟੋਇਆਂ ਵਿਚ ਗੰਦਾ ਪਾਣੀ ਭਰਿਆ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ। ਅਕਸਰ ਹੀ ਦੋਪਹੀਆ ਵਾਹਨ ਚਾਲਕ ਸਕੂਟਰ, ਮੋਟਰਸਾਈਕਲ ਸਵਾਰ ਅਤੇ ਸਾਈਕਲ ਸਵਾਰ ਇਨ੍ਹਾਂ ਟੋਇਆਂ ਵਿਚ ਡਿੱਗ ਕੇ ਗੰਭੀਰ ਸੱਟਾਂ ਲਗਵਾ ਚੁੱਕੇ ਹਨ। ਕਈ ਵਾਰ ਵੱਡੇ ਵਾਹਨਾਂ ਦੇ ਐਕਸਲ ਟੁੱਟਣ ਕਾਰਨ ਘੰਟਿਆਂਬੱਧੀ ਜਾਮ ਲੱਗ ਜਾਂਦਾ ਹੈ।