- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਥਾੜ੍ਹ ਖੇਤਰ ਦੇ ਕਿਸਾਨ ਹਰ ਸਾਲ ਭੋਗਦੇ ਹਨ ਹੜ੍ਹਾਂ ਦੀ ਮਾਰ ਦਾ ਡਰ ਤੇ ਨੁਕਸਾਨ

ਲੰਘੇ ਸਾਲ ਆਏ ਹੜ੍ਹ ਦੇ ਬਾਵਜੂਦ ਸਰਕਾਰ ਨੇ ਨਹੀਂ ਕੀਤੇ ਕੋਈ ਪੁਖਤਾ ਪ੍ਰਬੰਧ, ਕਿਸਾਨਾਂ ’ਚ ਚਿੰਤਾ
ਬੰਨ੍ਹਾਂ ਦੀ ਮਜ਼ਬੂਤੀ ਅਤੇ ਯੋਗ ਮੁਆਵਜ਼ੇ ਲਈ ਸਰਕਾਰ ਤੋਂ ਕੀਤੀ ਅਪੀਲ
ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਪੱਟੀ ਦੇ ਹਥਾੜ੍ਹ ਇਲਾਕੇ ਅੰਦਰ ਹਰ ਸਾਲ ਹੜ੍ਹਾਂ ਦਾ ਖਤਰਾ ਲੋਕਾਂ ਲਈ ਵੱਡੀ ਮੁਸੀਬਤ ਬਣ ਕੇ ਸਾਹਮਣੇ ਆਉਂਦਾ ਹੈ। ਦਰਿਆਈ ਖੇਤਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਹਰ ਸਾਲ ਆਪਣੀਆਂ ਫਸਲਾਂ, ਜ਼ਮੀਨਾਂ ਅਤੇ ਘਰਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਪ੍ਰਭਾਵਿਤ ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਅਤੇ ਸਬੰਧਤ ਵਿਭਾਗਾਂ ਵੱਲੋਂ ਹੜ੍ਹਾਂ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾਂਦੇ। ਇਸ ਕਾਰਨ ਹਰੇਕ ਮਾਨਸੂਨ ਦੌਰਾਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਰਹਿੰਦਾ ਹੈ। ਪਿੰਡਰਾਮਸਿੰਘ ਵਾਲਾ, ਰਾਧਲਕੇ, ਮੁੱਠਿਆ ਵਾਲਾ, ਰਸੂਲਪੁਰ, ਭੋਜੋਕੇ, ਭਾਓੂਵਾਲ, ਤੂਤ, ਸਭਰਾ, ਸੀਤੋ, ਜੱਲੋਕੇ ਅਤੇ ਘੜੁੰਮ ਆਦਿ ਪਿੰਡਾਂ ਦੇ ਲੋਕ ਵਧੇਰੇ ਪ੍ਰਭਾਵਿਤ ਹੁੰਦੇ ਹਨ।
ਗੱਲ ਕਰੀਏ ਤਾਂ ਪੰਜਾਬ ਨੇ ਪਿਛਲੇ ਕਈ ਦਹਾਕਿਆਂ ਦੌਰਾਨ ਹੜ੍ਹਾਂ ਦੀਆਂ ਭਿਆਨਕ ਤਬਾਹੀਆਂ ਵੇਖੀਆਂ ਹਨ। ਸਾਲ 1988, 1995, 2023 ਅਤੇ 2025 ਵਿਚ ਆਏ ਹੜ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦਿੱਤਾ ਸੀ। ਕਈ ਥਾਵਾਂ ’ਤੇ ਦਰਿਆਵਾਂ ਨੇ ਖੇਤੀਯੋਗ ਜ਼ਮੀਨਾਂ ਨੂੰ ਆਪਣੇ ਵਿੱਚ ਸਮਾ ਲਿਆ ਸੀ, ਜਦੋਂਕਿ ਵੱਡੇ ਖੇਤਰ ਰੇਤ ਨਾਲ ਭਰ ਗਏ ਸਨ। ਹੜ੍ਹਾਂ ਕਾਰਨ ਸਿਰਫ਼ ਫਸਲਾਂ ਦਾ ਹੀ ਨਹੀਂ ਸਗੋਂ ਪਸ਼ੂ ਧੰਨ, ਘਰਾਂ ਅਤੇ ਬੁਨਿਆਦੀ ਢਾਂਚੇ ਦਾ ਵੀ ਭਾਰੀ ਨੁਕਸਾਨ ਹੋਇਆ ਸੀ।
ਉਸ ਸਮੇਂ ਵੱਖ-ਵੱਖ ਸੰਪਰਦਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਲੋਕਾਂ ਨੇ ਅੱਗੇ ਆ ਕੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਕੀਤੀ ਸੀ। ਬਹੁਤ ਸਾਰੇ ਖੇਤਾਂ ਵਿੱਚੋਂ ਰੇਤ ਹਟਾਉਣ ਲਈ ਲੋਕਾਂ ਨੇ ਸਹਿਯੋਗ ਦਿੱਤਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੀ ਮੁਹੱਈਆ ਕਰਵਾਈ ਗਈ ਸੀ। ਪੰਜਾਬ ਸਰਕਾਰ ਵੱਲੋਂ ਵੀ ਕੁਝ ਸਮੇਂ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢ ਕੇ ਵੇਚਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਜੋ ਉਹ ਆਪਣੀ ਆਰਥਿਕ ਹਾਲਤ ਨੂੰ ਕੁਝ ਹੱਦ ਤੱਕ ਸੰਭਾਲ ਸਕਣ। ਪਰ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਅੱਜ ਵੀ ਦਰਿਆ ਵਹਿ ਰਹੇ ਹਨ ਜਾਂ ਜਿਨ੍ਹਾਂ ਦੀ ਖੇਤੀਯੋਗ ਜ਼ਮੀਨ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ, ਉਨ੍ਹਾਂ ਨੂੰ ਅੱਜ ਤਕ ਯੋਗ ਮੁਆਵਜ਼ਾ ਨਹੀਂ ਮਿਲਿਆ। ਕਈ ਪਰਿਵਾਰ ਅਜੇ ਵੀ ਸਰਕਾਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਜਿਨ੍ਹਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਇਕੋ ਇਕ ਸਾਧਨ ਖੇਤੀ ਸੀ, ਉਹ ਅੱਜ ਬੇਬਸੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
--------
ਬੰਨ੍ਹਾਂ ਦੀ ਮਜ਼ਬੂਤੀ ਲਈ ਨਹੀਂ ਚੁੱਕੇ ਕੋਈ ਠੋਸ ਕਦਮ : ਕਮਾਰੇਡ ਮਹਾਬੀਰ ਸਿੰਘ ਗਿੱਲ
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਵਰਕਿੰਗ ਪ੍ਰਧਾਨ ਕਾਮਰੇਡ ਮਹਾਵੀਰ ਸਿੰਘ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਹੜ੍ਹਾਂ ਦੌਰਾਨ ਦਰਿਆਵਾਂ ਨੇ ਬੰਨ੍ਹਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਸੀ। ਕਈ ਥਾਵਾਂ ’ਤੇ ਬੰਨ੍ਹ ਟੁੱਟ ਗਏ ਜਾਂ ਕਮਜ਼ੋਰ ਹੋ ਗਏ, ਪਰ ਉਨ੍ਹਾਂ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਹਰ ਸਾਲ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਬੰਨ੍ਹਾਂ ਅਤੇ ਮੜੱੜੀਆਂ ਦੀ ਮਜ਼ਬੂਤੀ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆਉਂਦੀ ਹੈ। ਕਾਮਰੇਡ ਮਹਾਵੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਦਰਿਆਈ ਖੇਤਰ ਨਾਲ ਸਬੰਧਤ ਪਿੰਡਾਂ ਦੀਆਂ ਜ਼ਮੀਨਾਂ ਅਤੇ ਲੋਕਾਂ ਦੀ ਸੰਪਤੀ ਨੂੰ ਬਚਾਉਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਪਿੰਡਾਂ ਦੇ ਬੰਨ੍ਹਾਂ ਅਤੇ ਮੜੱੜੀਆਂ ਦੀ ਤੁਰੰਤ ਮੁਰੰਮਤ ਕਰਕੇ ਉਨ੍ਹਾਂ ਨੂੰ ਮਜ਼ਬੂਤ ਬਣਾਇਆ ਜਾਵੇ।
------
ਕਿਨਾਰਿਆਂ ’ਤੇ ਨਾ ਪੱਥਰ ਲਗਾਏ ਤੇ ਨਾ ਹੀ ਮਿੱਟੀ ਨਾਲ ਬੰਨ੍ਹ ਉੱਚਾ ਕੀਤਾ
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 20 ਤੋਂ 25 ਸਾਲਾਂ ਦੌਰਾਨ ਸਬੰਧਤ ਵਿਭਾਗ ਵੱਲੋਂ ਕਈ ਥਾਵਾਂ ’ਤੇ ਨਾ ਤਾਂ ਪੱਥਰ ਲਗਾਏ ਗਏ ਹਨ ਅਤੇ ਨਾ ਹੀ ਮਿੱਟੀ ਪਾ ਕੇ ਬੰਨ੍ਹਾਂ ਨੂੰ ਉੱਚਾ ਕੀਤਾ ਗਿਆ ਹੈ। ਮਾਨਸੂਨ ਦਾ ਸੀਜ਼ਨ ਸ਼ੁਰੂ ਹੋਣ ’ਚ ਹੁਣ ਕੁਝ ਹੀ ਦਿਨ ਬਾਕੀ ਹਨ, ਪਰ ਅਜੇ ਤੱਕ ਹੜ੍ਹਾਂ ਤੋਂ ਬਚਾਅ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ ਗਏ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੰਨ੍ਹਾਂ ਦੀ ਮੁਰੰਮਤ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਹੜ੍ਹਾਂ ਦਾ ਖਤਰਾ ਮੁੜ ਵਧ ਸਕਦਾ ਹੈ।
ਕਿਸਾਨਾਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਆਰਥਿਕ ਸਥਿਤੀ ਦਾ ਵਿਸ਼ੇਸ਼ ਸਰਵੇ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਹੜ੍ਹਾਂ ਤੋਂ ਪਹਿਲਾਂ ਬੰਨ੍ਹਾਂ ਦੀ ਮੁਰੰਮਤ, ਦਰਿਆ ਕੰਢਿਆਂ ਦੀ ਸੁਰੱਖਿਆ, ਮੜੱੜੀਆਂ ਦੀ ਮਜ਼ਬੂਤੀ ਅਤੇ ਡਰੇਨੇਜ ਪ੍ਰਬੰਧਾਂ ਨੂੰ ਸੁਧਾਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਮੇਂ ਸਿਰ ਕਦਮ ਚੁੱਕੇ ਤਾਂ ਹਜ਼ਾਰਾਂ ਏਕੜ ਖੇਤੀਯੋਗ ਜ਼ਮੀਨ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਹਰ ਸਾਲ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
---------
ਦੋਵਾਂ ਭਰਾਵਾਂ ਦੀ 9 ਏਕੜ ਜ਼ਮੀਨ ਵਿੱਚੋਂ ਵਹਿ ਰਿਹਾ ਹੈ ਦਰਿ : ਸਾਹਿਬ ਸਿੰਘ
ਇਸ ਦੌਰਾਨ ਪਿੰਡ ਰਾਮ ਸਿੰਘ ਵਾਲਾ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਆਪਣੀ ਦਰਦ ਭਰੀ ਦਾਸਤਾਨ ਵੀ ਬਿਆਨ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਆਏ ਹੜ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਅਤੇ ਅੱਜ ਉਹ ਆਪਣੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਪਿੰਡ ਵਾਸੀ ਸਾਹਿਬ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਦੀ ਕਰੀਬ 9 ਏਕੜ ਜ਼ਮੀਨ ਹੜ੍ਹਾਂ ਕਾਰਨ ਪ੍ਰਭਾਵਿਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਅੱਜ ਉਨ੍ਹਾਂ ਦੀ ਜ਼ਮੀਨ ਵਿੱਚੋਂ ਦਰਿਆ ਵਹਿ ਰਿਹਾ ਹੈ ਅਤੇ ਖੇਤੀ ਕਰਨਾ ਅਸੰਭਵ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਤੀ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦੇ ਖਰਚੇ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤਾ ਗਿਆ ਮੁਆਵਜ਼ਾ ਵੀ ਉਨ੍ਹਾਂ ਦੇ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਸੀ। ਉਨ੍ਹਾਂ ਮੰਗ ਕੀਤੀ ਕਿ ਮਾਈਨਿੰਗ ਵਿਭਾਗ ਉਨ੍ਹਾਂ ਨੂੰ ਆਪਣੀ ਜ਼ਮੀਨ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਦੇਵੇ ਤਾਂ ਜੋ ਉਹ ਕੁਝ ਆਮਦਨ ਕਮਾ ਸਕਣ।
------
4 ਏਕੜ ਜ਼ਮੀਨ ਹੜ੍ਹਾਂ ਦੀ ਭੇਟ ਚੜ੍ਹ ਗਈ : ਹਰਬੰਸ ਸਿੰਘ
ਹਰਬੰਸ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 4 ਏਕੜ ਜ਼ਮੀਨ ਹੜ੍ਹਾਂ ਦੀ ਭੇਟ ਚੜ੍ਹ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਉਮੀਦ ਸੀ ਕਿ ਪਾਣੀ ਉਤਰਣ ਤੋਂ ਬਾਅਦ ਜ਼ਮੀਨ ਨੂੰ ਪੱਧਰਾ ਕਰਕੇ ਮੁੜ ਖੇਤੀ ਕੀਤੀ ਜਾ ਸਕੇਗੀ, ਪਰ ਹੁਣ ਉਥੇ ਦਰਿਆ ਵਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਭਰਾਵਾਂ ਕੋਲ ਸਿਰਫ਼ 6 ਏਕੜ ਜ਼ਮੀਨ ਹੀ ਬਚੀ ਹੈ ਅਤੇ ਇਸ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਰਿਹਾ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਜੇਕਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਕਿਸਾਨਾਂ ਦੀਆਂ ਜ਼ਮੀਨਾਂ ਵੀ ਦਰਿਆ ਦੀ ਭੇਟ ਚੜ੍ਹ ਸਕਦੀਆਂ ਹਨ।
-----
ਜ਼ਮੀਨ ਵਿਚ ਰੇਤ ਦੀ ਮੋਟੀ ਪਰਤ ਜਮ੍ਹਾਂ ਹੋ ਗਈ : ਸਕੱਤਰ ਸਿੰਘ
ਸਕੱਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਤਿੰਨ ਭਰਾਵਾਂ ਦੀ 7 ਏਕੜ ਜ਼ਮੀਨ ਹੜ੍ਹਾਂ ਵਿਚ ਰੁੜ੍ਹ ਗਈ ਸੀ। ਉਨ੍ਹਾਂ ਕਿਹਾ ਕਿ ਪਾਣੀ ਉਤਰਣ ਤੋਂ ਬਾਅਦ ਜ਼ਮੀਨ ਵਿੱਚ ਰੇਤ ਦੀ ਮੋਟੀ ਪਰਤ ਜਮ੍ਹਾਂ ਹੋ ਗਈ, ਜਿਸ ਕਾਰਨ ਸਿਰਫ਼ ਸਵਾ ਏਕੜ ਵਿੱਚ ਹੀ ਕਣਕ ਦੀ ਬਿਜਾਈ ਹੋ ਸਕੀ। ਇਸ ਜ਼ਮੀਨ ਵਿੱਚ ਵੀ ਫਸਲ ਦਾ ਝਾੜ ਬਹੁਤ ਘੱਟ ਨਿਕਲਿਆ। ਉਨ੍ਹਾਂ ਕਿਹਾ ਕਿ ਆਮਦਨ ਘਟਣ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਸਰਕਾਰੀ ਮਦਦ ਦੇ ਬਿਨਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।