- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਖਿਰ ਪੁਲਿਸ ਦੀ ਟੇਡੀ ਹੋਈ ਤੀਸਰੀ ਅੱਖ ਨੂੰ ਕਰਨਾ ਹੀ ਪਿਆ ਸਿੱਧਾ.....

ਪੰਜਾਬੀ ਜਾਗਰਣ ’ਚ ਖ਼ਬਰ ਤੋਂ ਬਾਅਦ ਹਰੀਕੇ ਪੁਲਿਸ ਨੇ ਨੀਂਦ ਤਿਆਗੀ
18 ਦਿਨ ਤੋਂ ਉੱਖੜੇ ਖੰਭੇ ’ਤੇ ਪਈ ਸਵੱਲੀ ਨਜ਼ਰ
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ,
ਹਰੀਕੇ ਪੱਤਣ : ਕਸਬੇ ਦੇ ਮੁੱਖ ਚੌਂਕ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਲਾਏ ਹਾਈਟੈਕ ਕੈਮਰੇ ਝੱਖੜ ਦੀ ਭੇਟ ਚੜ੍ਹ ਕੇ ਪਿਛਲੇ 18 ਦਿਨ ਤੋਂ ਬੰਦ ਹੋਣ ਦੇ ਨਾਲ ਟੇਢੇ ਹਾਲ ਖੜ੍ਹੇ ਸਨ, ਜਿਨ੍ਹਾਂ ਨੂੰ ਸਥਾਨਕ ਪੁਲਿਸ ਵੱਲੋਂ ਆਖਿਰਕਾਰ ਸਿੱਧਾ ਕਰਨਾ ਹੀ ਪਿਆ। ‘ਪੰਜਾਬੀ ਜਾਗਰਣ’ ਵੱਲੋਂ ਇਸ ਮੰਜਰ ਨੂੰ ਪ੍ਰਮੁੱਖਤਾ ਨਾਲ ‘ਅਪਰਾਧਿਕ ਲੋਕਾਂ ’ਤੇ ਨਿਗਰਾਨੀ ਲਈ ਲੱਗੀ ਪੁਲਿਸ ਦੀ ਤੀਸਰੀ ਅੱਖ ਹੋਈ ਟੇਡੀ’ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹਰੀਕੇ ਪੁਲਿਸ ਨੂੰ ਆਪਣੀ ਨੀਂਦ ਤਿਆਗਣੀ ਪਈ। ਇਸ ਤੋਂ ਬਾਅਦ ਪੁਲਿਸ ਨੇ ਖੰਭੇ ਨੂੰ ਸਿੱਧਾ ਕਰਕੇ ਕੈਮਰਿਆਂ ਨੂੰ ਮੁੜ ਚਾਲੂ ਕਰ ਦਿੱਤਾ। ਇਸ ਲਈ ਕਸਬੇ ਦੇ ਇਨਸਾਫ਼ ਪਸੰਦ ਲੋਕਾਂ ਨੇ ‘ਪੰਜਾਬੀ ਜਾਗਰਣ’ ਦਾ ਧੰਨਵਾਦ ਕੀਤਾ।
ਹਰੀਕੇ ਪੁਲਿਸ ਵੱਲੋਂ ਪਿੰਡ ਵਾਸੀ ਅਤੇ ਦੁਕਾਨਦਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆ ਤੀਸਰੀ ਅੱਖ ਦਾ ਸਹਾਰਾ ਲਿਆ ਜਾਣ ਲੱਗਾ। ਇਸ ਤੋਂ ਇਲਾਵਾ ਛਿੱਟ ਪੁੱਟ ਵਾਰਦਾਤਾਂ ਦੇ ਨਾਲ ਜ਼ਰਾਇਮ ਪੇਸ਼ਾ ਲੋਕਾਂ ’ਤੇ ਬਾਜ਼ ਅੱਖ ਰੱਖਣ ਲਈ ਚੌਂਕ ਵਿਚ ਲਾਏ ਕੈਮਰੇ ਵੱਡੀ ਸਹਾਇਤਾ ਦੇ ਗਵਾਹ ਬਣਦੇ ਹਨ। ਇਥੇ ਹੀ ਬਸ ਨਹੀ ਮਾਲਵੇ ਖੇਤਰ ਵਿਚ ਅਣਸੁਖਾਵੀਂਆ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰ ਫ਼ਰਾਰ ਹੋਣ ਲਈ ਇਸੇ ਰਸਤੇ ਦਾ ਇਸਤੇਮਾਲ ਕਰਨ ਨੂੰ ਪਹਿਲ ਦਿੰਦੇ ਰਹੇ। ਜਿਸ ਤੋਂ ਘਟਨਾ ਸਥਾਨ ਨਾਲ ਸਬੰਧਤ ਪੁਲਿਸ ਨੂੰ ਨਿੱਜੀ ਇਮਾਰਤਾਂ ’ਤੇ ਲੱਗੇ ਕੈਮਰਿਆ ਦਾ ਸਹਾਰਾ ਲੈਣਾ ਪੈਦਾ ਸੀ। ਪਰ ਉਹ ਵੀ ਤਕਨੀਕੀ ਕਾਰਨਾਂ ਦੇ ਚੱਲਦਿਆ ਕਾਰਗਰ ਸਿੱਧ ਨਹੀ ਹੁੰਦੇ ਸਨ।
ਜਨਤਾ ਅੰਦਰ ਸੁਰੱਖਿਆ ਦੀ ਭਾਵਨਾ ਅਤੇ ਪੁਲਿਸ ਦੇ ਭਰੋਸੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਹਰੀਕੇ ਪੱਤਣ ਦੇ ਮੁੱਖ ਚੌਕ ਵਿਚ ਹਾਈਟੈੱਕ ਕੈਮਰੇ ਲਾਏ ਗਏ। ਪਰ ਤਿੰਨ ਹਫ਼ਤੇ ਪਹਿਲਾਂ ਆਏ ਤੂਫਾਨ ਨੇ ਹੀ ਤੀਸਰੀ ਅੱਖ ਦੇ ਖੰਭਿਆਂ ਦਾ ਲੱਕ ਤੋੜ ਦਿੱਤਾ, ਜਿਸ ਨੂੰ ਦਰੁਸਤ ਹਾਲਤ ਕਰਕੇ ਚਾਲੂ ਰੱਖਣ ਦੀ ਹਰੀਕੇ ਪੁਲਿਸ ਨੇ ਜ਼ਹਿਮਤ ਨਹੀ ਸੀ ਉਠਾਈ। ਮੀਡੀਏ ਰਾਹੀ ਮਾਮਲਾ ਧਿਆਨ ਵਿਚ ਆਉਣ ’ਤੇ ਪੁਲਿਸ ਦੇ ਜ਼ਿਲ੍ਹਾ ਪੱਧਰੀ ਅਫਸਰਾਂ ਦੇ ਹੁਕਮ ਪਾ ਕੇ ਹਰੀਕੇ ਪੁਲਿਸ ਨੇ 18 ਦਿਨ ਪਹਿਲਾਂ ਵਿਗੜੀ ਤੀਜੀ ਅੱਖ ਨੂੰ ਦਰੁਸਤ ਕਰ ਦਿੱਤਾ ।