- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਏਆਈ ਵਰਗੇ ਹੁਨਰਾਂ ਨਾਲ ਕੀਤਾ ਜਾਵੇਗਾ ਲੈਸ - ਹਰਜੋਤ ਸਿੰਘ ਬੈਂਸ

ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨਾਲ ਜੁੜੀ ਹੁੰਦੀ ਹੈ ਕਿਸੇ ਵੀ ਦੇਸ਼ ਦੀ ਤਰੱਕੀ : ਮੁਨੀਸ਼ ਸਿਸੋਦੀਆ
ਰੱਟੇ ਦੀ ਜਗ੍ਹਾ ਸਮਝਣ ਵਾਲੀ ਪ੍ਰੀਖਿਆ ਪ੍ਰਣਾਲੀ ’ਤੇ ਦਿੱਤਾ ਜ਼ੋਰ
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ,
ਤਰਨਤਾਰਨ : ‘ਬ੍ਰਾਈਟ ਮਾਈਂਡਜ਼ ਪੰਜਾਬ’ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਸ਼ੁਕਰਵਾਰ ਨੂੰ ਤਰਨਤਾਰਨ ਵਿਖੇ ਸ਼ਾਨਦਾਰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ 85 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 500 ਦੇ ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ, ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਸਕੱਤਰ ਸਿੰਘ ਬੱਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬੱਚੇ ਸੂਬੇ ਅਤੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਤਰਜੀਹ ਦੇਣ ਤਾਂ ਜੋ ਉਹ ਪੇਸ਼ੇਵਰ ਬੁਲੰਦੀਆਂ ਨੂੰ ਛੋਹ ਕੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਮਿਆਰੀ ਸਿੱਖਿਆ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਵਿਚ ਕੇਰਲ ਨੂੰ ਪਛਾੜ ਕੇ ਪੰਜਾਬ ਹੁਣ ਭਾਰਤ ਦੇ ਸਿੱਖਿਆ ਸੂਚਕ ਅੰਕ ਵਿਚ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਹੈ। ਨੀਤੀ ਆਯੋਗ ਦੀ 2026 ਦੀ ਰਿਪੋਰਟ ਅਤੇ ਕੇਂਦਰ ਦੀ ਪੀਜੀਆਈ 2.0 ਦਰਜਾਬੰਦੀ ਨਾਲ ਸੂਬੇ ਦੇ ਸਕੂਲਾਂ ਨੂੰ ਦੇਸ਼ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤੇਜ਼ੀ ਨਾਲ ਵਧ ਰਹੇ ਆਰਟੀਫੀਸ਼ੀਅਲ ਇੰਟੈਲੀਜੈਂਸ ‘ਏਆਈ’ ਵਰਗੇ ਭਵਿੱਖ ਮੁਖੀ ਹੁਨਰਾਂ ਨਾਲ ਲੈਸ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਵਿਚ ਦੇਸ਼ ਦੀ ਪਹਿਲੀ ਡਿਜ਼ੀਟਲ ਯੂਨੀਵਰਸਿਟੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੇਵੀ ਤੋਂ ਬਾਰ੍ਹਵੀਂ ਤਕ ਦੇ ਵਿਦਿਆਰਥੀਆਂ ਨੂੰ ਵੀ ‘ਏਆਈ’ ਵਿਸ਼ਾ ਪੜ੍ਹਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਐਕਟ’ ਵਿਚ ਸੋਧ ਕਰਨ ਲਈ ਇਕ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਫੀਸਾਂ ਅਤੇ ਫੰਡਾਂ ਵਿਚ ਸਾਲਾਨਾ ਵਾਧਾ ਵੱਧ ਤੋਂ ਵੱਧ 5 ਫੀਸਦੀ ਤਕ ਸੀਮਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਫ਼ੀਸਾਂ ਵਿਚ ‘ਗੈਰ-ਵਾਜਬ’ ਵਾਧਾ ਕਰਨ ਵਾਲੇ ਸਕੂਲਾਂ ਵਿਰੁੱਧ ਕਾਰਵਾਈ ਕਰਨ ਦਾ ਵੀ ਫ਼ੈਸਲਾ ਕੀਤਾ ਹੈ ਅਤੇ ਇਕੱਠੀ ਕੀਤੀ ਗਈ ਵਾਧੂ ਰਕਮ ਮਾਪਿਆਂ ਨੂੰ ਵਾਪਸ ਕਰਵਾਈ ਜਾਵੇਗੀ। ਇਸ ਮੌਕੇ ਏਡੀਸੀ ਜਨਰਲ ਡਾ. ਅਦਿੱਤਿਆ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜਰ ਸਨ।
------
130 ਕਰੋੜ ਦੀ ਰਾਸ਼ੀ ਨਾਲ ਜ਼ਿਲ੍ਹੇ ਦੇ ਸਕੂਲਾਂ ਦਾ ਵਿਕਾਸ ਕਰਵਾਇਆ
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਇਲਾਕੇ ਦੇ ਸਕੂਲਾਂ ਵਿਚ 130 ਕਰੋੜ ਤੋਂ ਵੱਧ ਦੇ ਵਿਕਾਸ ਕਰਵਾਏ ਗਏ ਹਨ। ਉਨਾਂ ਕਿਹਾ ਕਿ ਉਹ ਅਜਿਹੇ ਪਹਿਲੇ ਸਿੱਖਿਆ ਮੰਤਰੀ ਹਨ, ਜਿਨ੍ਹਾਂ ਨੇ ਸਰਹੱਦੀ ਖੇਤਰ ਦੇ ਸਕੂਲਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹਾ, ਜਿਹੜਾ ਕਿ ਸਿੱਖਿਆ ਦੇ ਖੇਤਰ ਵਿਚ ਪੱਛੜਿਆ ਮੰਨਿਆ ਜਾਂਦਾ ਸੀ, ਇਸ ਵੇਲੇ ਸਰਬੋਤਮ ਕਾਰਗੁਜ਼ਾਰੀ ਦਿਖਾ ਰਿਹਾ ਹੈ। ਉਨ੍ਹਾਂ ‘ਸਵੱਛ ਅਤੇ ਹਰਿਆ- ਭਰਿਆ ਵਿਦਿਆਲਿਆ’ ਵਿੱਚੋਂ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਵਾਲੇ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।
-----
ਰੱਟੇ ਦੀ ਥਾਂ ਸਮਝਣ ਵਾਲੀ ਹੋਣੀ ਚਾਹੀਦੀ ਹੈ ਸਿੱਖਿਆ ਪ੍ਰਣਾਲੀ- ਸਿਸੋਦੀਆ
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਖੁੱਲ੍ਹੀ ਰਚਨਾਤਮਕ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਦੇਸ਼ ਦੀ ਤਰੱਕੀ ਅੰਦਰੂਨੀ ਤੌਰ ’ਤੇ ਇਸਦੀ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਠੀਕ ਕਰ ਦਿੱਤੀ ਜਾਵੇ, ਤਾਂ ਦੇਸ਼ ਆਪਣੇ ਆਪ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਰੱਟੇ ਦੀ ਜਗ੍ਹਾ ਸਮਝਣ ਵਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਬੱਚਿਆ ਤੋਂ ਵੀ ਸੁਝਾਅ ਲਏ ਕਿ ਸਿੱਖਿਆ ਨੀਤੀ ਅਤੇ ਪ੍ਰੀਖਿਆ ਪ੍ਰਣਾਲੀ 'ਚ ਕੀ ਬਦਲਾਅ ਕਰਨੇ ਚਾਹੀਦੇ ਹੈ।
ਸਮਾਗਮ ਦਾ ਮਾਹੌਲ ਬਹੁਤ ਹੀ ਉਤਸ਼ਾਹਪੂਰਨ ਸੀ ਕਿਉਂਕਿ ਵਿਦਿਆਰਥੀਆਂ ਨੇ ਪ੍ਰਣਾਲੀਗਤ ਸੁਧਾਰਾਂ ਲਈ ਸੁਝਾਅ ਦੇ ਕੇ ਸਰਗਰਮੀ ਨਾਲ ਹਿੱਸਾ ਲਿਆ। ਇਕੱਠ ਵਿਚ ਨੀਤੀ ਘਾੜਿਆਂ ਅਤੇ ਨੌਜਵਾਨ ਸਿਖਿਆਰਥੀਆਂ ਦਰਮਿਆਨ ਵਿਚਾਰਾਂ ਦਾ ਸੁਚੱਜਾ ਆਦਾਨ-ਪ੍ਰਦਾਨ ਦੇਖਿਆ ਗਿਆ। ਇਸ ਦੌਰਾਨ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਅੰਤਰਰਾਸ਼ਟਰੀ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਗਿਆ।