ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਾਈਕਾਟ ਕਰਨ ਦੇ ਹੋਰਡਿੰਗ ਲੱਗੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਾਈਕਾਟ ਕਰਨ ਦੇ ਹੋਰਡਿੰਗ ਲੱਗੇ
Publish Date: Thu, 25 Jun 2026 08:10 PM (IST)
Updated Date: Fri, 26 Jun 2026 04:11 AM (IST)

ਗੁਰਬਰਿੰਦਰ ਸਿੰਘ•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁਰਦੁਆਰਾ ਬਾਉਲੀ ਸਾਹਿਬ ਵਿਖੇ ‘ਮੁੱਖ ਮੰਤਰੀ ਗੁਰੂ ਦੋਖੀ ਅਤੇ ਪੰਥ ਵਿਰੋਧੀ, ਸੰਗਤ ਕਰੇ ਬਾਈਕਾਟ’ ਲਿਖੇ ਹੋਰਡਿੰਗ ਬੋਰਡ ਲਗਾ ਦਿੱਤੇ ਗਏ ਹਨ। ਬੋਰਡ ਲਾਉਣ ਦੀ ਸ਼ੁਰੂਆਤ ਕਰਨ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਨੇ ਦੱਸਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨਿਰਦੇਸ਼ਾਂ ਹੇਠ ਮੁੱਖ ਮੰਤਰੀ ਗੁਰੂ ਦੋਖੀ ਅਤੇ ਪੰਥ ਵਿਰੋਧੀ ਸੰਗਤ ਕਰੇ ਬਾਈਕਾਟ ਦੇ ਹੋਰਡਿੰਗ ਬੋਰਡ ਗੋਇੰਦਵਾਲ ਸਾਹਿਬ ਇਲਾਕੇ ਅੰਦਰ ਲਾਉਣ ਦੀ ਸ਼ੁਰੂਆਤ ਗੁਰਦੁਆਰਾ ਬਾਉਲੀ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੋਂ ਸੰਗਤਾਂ ਨੂੰ ਜਾਣੂ ਕਰਾਉਣ ਲਈ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਤੇ ਜਨਤਕ ਸਥਾਨਾਂ ’ਤੇ ਵੱਡ ਅਕਾਰੀ ਬੋਰਡ ਲਗਾਏ ਜਾ ਰਹੇ ਹਨ। ਮੈਨੇਜਰ ਸਰਬਦਿਆਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਬਾਉਲੀ ਸਾਹਿਬ ਤੋਂ ਇਲਾਵਾ, ਗੁਰਦੁਆਰਾ ਚੁਬਾਰਾ ਸਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ, ਸ਼ੇਖਚੱਕ ਅਤੇ ਖਡੂਰ ਸਾਹਿਬ ਦੇ ਗੁਰੂ ਘਰਾਂ ਵਿਖੇ ਬੋਰਡ ਲਗਾਏ ਜਾਣਗੇ ਤਾਂ ਜੋ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੋਂ ਜਾਣੂ ਹੋ ਸਕੇ ਅਤੇ ਜਿਨ੍ਹਾਂ ਚਿਰ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਸਨਮੁਖ ਪੇਸ਼ ਹੋਕੇ ਆਪਣੀ ਭੁੱਲ ਨਹੀਂ ਬਖਸ਼ਾਉਂਦੇ, ਉਨ੍ਹਾਂ ਚਿਰ ਮੁੱਖ ਮੰਤਰੀ ਦਾ ਬਾਈਕਾਟ ਕੀਤਾ ਜਾਵੇ। ਫਲੈਕਸ ਬੋਰਡਾਂ ’ਤੇ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਤੇ ਦੂਜੇ ਪਾਸੇ ਪੰਜ ਸਿੰਘ ਸਾਹਿਬਾਨ ਵਲੋਂ 15 ਜੂਨ ਨੂੰ ਮੁੱਖ ਮੰਤਰੀ ਸਬੰਧੀ ਜਾਰੀ ਕੀਤੇ ਆਦੇਸ਼ ਦੀ ਕਾਪੀ ਪ੍ਰਕਾਸ਼ਿਤ ਕਰਨ ਦੇ ਨਾਲ ਨਾਲ ਇਸ ’ਤੇ ‘ਗੁਰੂ ਦੋਖੀ ਅਤੇ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਗਤ ਕਰੇ ਬਾਈਕਾਟ’ ਲਿਖਿਆ ਹੋਇਆ ਹੈ। ਨਾਲ ਹੀ ਜਾਰੀ ਕਰਤਾ ਵਾਲੀ ਜਗ੍ਹਾ ’ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਲਿਖਿਆ ਹੋਇਆ ਹੈ। ----- ਤਰਨਤਾਰਨ ’ਚ ਵੱਖ-ਵੱਖ ਥਾਵਾਂ ’ਤੇ ਲਗਾਏ ਹੋਰਡਿੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਾਰੀ ਉਪਰੋਕਤ ਹੋਰਡਿੰਗ ਤਰਨਤਾਰਨ ਸ਼ਹਿਰ ਦੀਆਂ ਵੀ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਕੋਲ ਲੱਗੇ ਬੋਰਡਾਂ ਉੱਪਰ ‘ਗੁਰੂ ਦੋਖੀ ਤੇ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਗਤ ਕਰੇ ਬਾਈਕਾਟ’ ਸਪੱਸ਼ਟ ਤੌਰ ’ਤੇ ਲਿਖਿਆ ਹੋਇਆ ਹੈ। ਗੁਰੂ ਘਰ ਦੇ ਕੋਲ ਬੋਰਡ ਲਗਾਉਣ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਵੀ ਅਜਿਹੇ ਬੋਰਡ ਲਗਾਏ ਗਏ ਹਨ।