ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਸਨਮਾਨਿਤ
ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਬਣੇ ਸੁਖਦੇਵ ਸਿੰਘ ਸੰਧੂ ਨੂੰ ਕੀਤਾ ਸਨਮਾਨਿਤ
Publish Date: Thu, 25 Jun 2026 07:23 PM (IST)
Updated Date: Fri, 26 Jun 2026 04:11 AM (IST)

ਰਾਜਨ ਚੋਪੜਾ•ਪੰਜਾਬੀ ਜਾਗਰਣ, ਭਿੱਖੀਵਿੰਡ : ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਵਾਰਡ ਨੰਬਰ 2 ਤੋਂ ਕੌਂਸਲਰ ਸੁਖਦੇਵ ਸਿੰਘ ਸੰਧੂ ਤੋਂ ਇਲਾਵਾ ਵਾਰਡ ਨੰਬਰ 10 ਤੋਂ ਚੁਣੇ ਗਏ ਕੌਂਸਲਰ ਵਿਨੇ ਮਲਹੋਤਰਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 8 ਤੋਂ ਕੌਂਸਲਰ ਹਰਪਾਲ ਸਿੰਘ ਨੂੰ ਮੀਤ ਪ੍ਰਧਾਨ ਚੁਣੇ ਜਾਣ ’ਤੇ ਵਿਧਾਇਕ ਸਰਵਣ ਸਿੰਘ ਧੁੰਨ ਤੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਹੈ। ਇਸ ਮੌਕੇ ਵੱਖ-ਵੱਖ ਵਾਰਡਾਂ ਤੋਂ ਚੁਣੇ ਗਏ ਕੌਂਸਲਰਾਂ ਦਾ ਵੀ ਸਨਮਾਨ ਕੀਤਾ ਗਿਆ। ਦੱਸ ਦਈਏ ਕਿ 3 ਵਾਰਡਾਂ ਵਾਲੀ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਅਤੇ ਸੀਨੀਅਰ ਵਾਈਸ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਹੋਈ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਐੱਸਡੀਐੱਮ ਭਿੱਖੀਵਿੰਡ ਜਗਦੀਪ ਸਿੰਘ ਨੇ ਕੀਤੀ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਨਵ-ਚੁਣੇ ਕੌਂਸਲਰਾਂ ਨੂੰ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਚੇਅਰਮੈਨ ਰਣਜੀਤ ਸਿੰਘ ਚੀਮਾ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਭਿੱਖੀਵਿੰਡ ਦੇ ਕੁਲ 13 ਵਾਰਡਾਂ ਵਿੱਚੋਂ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 7 ਵਾਰਡਾਂ ਵਿਚ ਜਿੱਤ ਦਰਜ ਕਰਕੇ ਬਹੁਮਤ ਪ੍ਰਾਪਤ ਕੀਤਾ ਸੀ। ਅੱਜ ਹੋਈ ਚੋਣ ਪ੍ਰਕਿਰਿਆ ਦੌਰਾਨ ਕੌਂਸਲਰਾਂ ਨੇ ਸੁਖਦੇਵ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਵਿਨੇ ਮਲਹੋਤਰਾ ਨੂੰ ਸੀਨੀਅਰ ਵਾਈਸ ਪ੍ਰਧਾਨ ਤੇ ਹਰਪਾਲ ਸਿੰਘ ਨੂੰ ਵਾਈਸ ਪ੍ਰਧਾਨ ਚੁਣਿਆ। ਨਵੇਂ ਚੁਣੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੂੰ ਵਧਾਈ ਦਿੰਦਿਆ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਦੀ ਨਵੀਂ ਟੀਮ ਭਿੱਖੀਵਿੰਡ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਅਤੇ ਗਤੀ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਚੁਣੀ ਕਮੇਟੀ ਸ਼ਹਿਰ ਵਾਸੀਆਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ ਅਤੇ ਭਿੱਖੀਵਿੰਡ ਸ਼ਹਿਰ ਦਾ ਵਿਕਾਸ ਕਰੇਗੀ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਸੁਖਦੇਵ ਸਿੰਘ, ਸੀਨੀਅਰ ਵਾਈਸ ਪ੍ਰਧਾਨ ਵਿਨੇ ਮਲਹੋਤਰਾ ਅਤੇ ਵਾਈਸ ਪ੍ਰਧਾਨ ਹਰਪਾਲ ਸਿੰਘ ਨੇ ਸਮੂਹ ਕੌਂਸਲਰਾਂ, ਵਿਧਾਇਕ ਸਰਵਨ ਸਿੰਘ ਧੁੰਨ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਅਮਲ ਵਿਚ ਲਿਆਂਦਾ ਜਾਵੇਗਾ, ਤਾਂ ਜੋ ਲੋਕਾਂ ਨੂੰ ਨਗਰ ਪੰਚਾਇਤ ਪੱਧਰ ’ਤੇ ਕਿਸੇ ਵੀ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।