ਗੰਡੀਵਿੰਡ ਦੇ ਛੱਪੜ ’ਚ ਮੱਛੀ ਛੱਡਣ ਦਾ ਮੁੱਦਾ ਗਰਮਾਇਆ, ਪਿੰਡ ਵਾਸੀਆਂ ਕੀਤਾ ਵਿਰੋਧ
ਗੰਡੀਵਿੰਡ ਦੇ ਛੱਪੜ ’ਚ ਮੱਛੀ ਛੱਡਣ ਦਾ ਮੁੱਦਾ ਗਰਮਾਇਆ, ਪਿੰਡ ਵਾਸੀਆਂ ਕੀਤਾ ਵਿਰੋਧ
Publish Date: Thu, 25 Jun 2026 06:33 PM (IST)
Updated Date: Fri, 26 Jun 2026 04:10 AM (IST)

ਸਿਆਸੀ ਜਥੇਬੰਦੀਆਂ ਨੇ ਵਿਰੋਧ ਦਰਜ ਕਰਵਉਂਦਿਆਂ ਫ਼ੈਸਲੇ ਨੂੰ ਲਈ ਘਾਤਕ ਦੱਸਿਆ ਕਿਰਪਾਲ ਰੰਧਾਵਾ/ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਹਰੀਕੇ ਪੱਤਣ/ਚੋਹਲਾ ਸਾਹਿਬ : ਵਿਧਾਨ ਸਭਾ ਪੱਟੀ ਦੇ ਬਲਾਕ ਨੌਸ਼ਿਹਰਾ ਪੰਨੂਆਂ ਅਧੀਨ ਆਉਂਦੇ ਪਿੰਡ ਗੰਡੀਵਿੰਡ ਧੱਤਲ ਵਿਖੇ ਪੰਚਾਇਤ ਵੱਲੋਂ ਛੱਪੜ ਵਿਚ ਮੱਛੀ ਪਾਏ ਜਾਣ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਹਾਲਾਂਕਿ ਇਸ ਨੂੰ ਆਮਦਨ ਵਧਾਉਣ ਦਾ ਜ਼ਰੀਆ ਦੱਸਦਿਆਂ ਮੱਛੀ ਕਮਾਈ ਨਾਲ ਪਿੰਡ ਦੇ ਕਾਇਆ ਕਲਪ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪਰ ਬਾਵਜੂਦ ਇਸ ਦੇ ਪਿੰਡ ਵਾਸੀਆਂ ਸਿਆਸੀ ਧੜੇਬੰਦੀ ਤੋਂ ਉਪਰ ਉੱਠ ਕੇ ਨਗਰ ਦੇ ਧਾਰਮਿਕ ਸਥਾਨ ’ਤੇ ਭਰਵੀਂ ਇਕੱਤਰਤਾ ਕਰਕੇ ਵਿਰੋਧ ਦਰਜ ਕਰਾਉਦਿਆਂ ਪੰਚਾਇਤ ਦੇ ਇਸ ਫੈਸਲੇ ਨੂੰ ਖੇਤੀ ਲਈ ਘਾਤਕ ਦੱਸਿਆ। ਪ੍ਰਤਾਪ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਸਾਰੇ ਸਾਬਕਾ ਸਰਪੰਚ, ਸੁਖਰਾਜ ਸਿੰਘ, ਸੁਰਿੰਦਰ ਸਿੰਘ ਅਤੇ ਸਲਵੰਤ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋ ਛੱਪੜ ’ਚ ਮੱਛੀ ਪਾਉਣ ਦਾ ਜੋ ਤਜ਼ਵੀਜ ਲਿਆਂਦੀ ਗਈ ਹੈ। ਇਸ ਨਾਲ ਪਿੰਡ ਵਾਸੀ ਰੱਤੀ ਭਰ ਵੀ ਸਹਿਮਤੀ ਨਹੀ ਰੱਖਦੇ, ਇਸ ਅਸਹਿਮਤੀ ਦਾ ਕਾਰਨ ਇਹ ਹੈ ਕਿ ਛੱਪੜ ਵਿਚ ਬਰਸਾਤੀ ਪਾਣੀ ਦੇ ਨਾਲ-ਨਾਲ ਬਾਰਿਸ਼ਾਂ ਦੇ ਪਾਣੀ ਦੀ ਵੱਡੀ ਆਮਦ ਦੇ ਚੱਲਦਿਆਂ ਇਲਾਕੇ ਦੀ 500 ਤੋਂ 600 ਏਕੜ ਜ਼ਮੀਨ ਬਰਬਾਦ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਛੱਪੜ ਵਿਚ ਬਰਸਾਤੀ ਪਾਣੀ ਬਹੁਤ ਮੁਸ਼ਕਿਲ ਨਾਲ ਸਮਾਉਂਦਾ ਹੈ, ਜੇਕਰ ਮੱਛੀ ਲਈ ਵਾਧੂ ਪਾਣੀ ਇਸ ਜ਼ਮੀਨ ਵਿਚ ਰੱਖਿਆ ਜਾਵੇਗਾ, ਤਾਂ ਬਰਸਾਤੀ ਮੌਸਮ ’ਚ ਇਸ ਦੇ ਓਵਰਫਲੋ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਜਿਸ ਕਾਰਨ ਖੇਤੀਬਾੜੀ ਪ੍ਰਭਾਵਿਤ ਲਾਜ਼ਮੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਇਸ ਪ੍ਰਾਜੈਕਟ ਨੂੰ ਰੱਦ ਕਰਨ ਦੀ ਗੁਹਾਰ ਵੀ ਲਗਾਈ, ਜਿਸ ਲਈ ਸਬੰਧਤ ਬੀਡੀਪੀਓ ਨੇ ਮੌਕਾ ਮੁਲਾਹਜ਼ਾ ਕਰਨ ਦਾ ਸਮਾਂ ਦਿੱਤਾ ਸੀ, ਪਰ ਉਹ ਵੀ ਨਹੀਂ ਆਏ। ਹਾਜ਼ਰੀਨ ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪਿੰਡ ਵਿਰੁੱਧ ਜਾਣ ਦਾ ਫੈਸਲਾ ਨਾ ਬਦਲਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸ਼ਮਸ਼ੇਰ ਸਿੰਘ, ਰਾਜਨਪ੍ਰੀਤ ਸਿੰਘ, ਸਵਿੰਦਰ ਸਿੰਘ, ਸੁਰਜੀਤ ਸਿੰਘ, ਹਰਰੂਪ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਮਨਜਿੰਦਰ ਸਿੰਘ, ਰਾਜਾ ਸਿੰਘ, ਅਵਤਾਰ ਸਿੰਘ, ਚਰਨ ਸਿੰਘ, ਪਾਲ ਸਿੰਘ, ਬਲਕਾਰ ਸਿੰਘ, ਜੋਗਾ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਹਰਦਿਆਲ ਸਿੰਘ, ਹਰਦੇਵ ਸਿੰਘ, ਸਾਹਿਬ ਸਿੰਘ ਆਦਿ ਨੇ ਇਕਸੁਰ ਹੋ ਕੇ ਕਿਹਾ ਕਿ ਪਿੰਡ ਦੀ ਜ਼ਮੀਨ ਬਚਾਉਣ ਲਈ ਹਰ ਸੰਘਰਸ਼ ਦੇ ਹਿੱਸਾ ਬਣਨਗੇ। ਇਸ ਸਬੰਧੀ ਪਿੰਡ ਦੇ ਸਰਪੰਚ ਬਲਵੰਤ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਲਗਾਤਾਰ ਫੋਨ ਬੰਦ ਆਉਂਦਾ ਰਿਹਾ, ਜਦੋਂਕਿ ਬੀਡੀਪੀਓ ਊਦੈਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਦਰਖਾਸਤ ਮਸੂਲ ਹੋਈ, ਜਿਸ ਤੋਂ ਬਾਅਦ ਸਰਪੰਚ ਕੋਲੋਂ ਰਿਕਾਰਡ ਮੰਗਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਸੰਤੁਸ਼ਟੀ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਕੈਪਸ਼ਨ - ਗੰਡੀਵਿੰਡ ਪਿੰਡ ਦੇ ਛੱਪੜ ’ਚ ਮੱਛੀ ਛੱਡਣ ਦਾ ਵਿਰੋਧ ਕਰਨ ਮੌਕੇ ਪਿੰਡ ਵਾਸੀ।