ਤਰਨਤਾਰਨ ਜ਼ਿਲ੍ਹੇ ’ਚ ਐੱਸਆਈਆਰ ਤਹਿਤ ਪਹਿਲੇ ਪੜਾਅ ਦਾ ਆਗਾਜ਼
ਤਰਨਤਾਰਨ ਜ਼ਿਲ੍ਹੇ ’ਚ ਐੱਸਆਈਆਰ ਤਹਿਤ ਪਹਿਲੇ ਪੜਾਅ ਦਾ ਹੋਇਆ ਆਗਾਜ਼
Publish Date: Thu, 25 Jun 2026 06:24 PM (IST)
Updated Date: Fri, 26 Jun 2026 04:08 AM (IST)

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਐੱਸਆਈਆਰ ਤਹਿਤ ਘਰੋਂ-ਘਰੀ ਗਣਨਾ ਦਾ ਪਹਿਲੇ ਪੜਾਅ ਦਾ ਕੰਮ ਆਰੰਭ ਹੋ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਗਣਨਾ ਦੇ ਪਹਿਲੇ ਪੜਾਅ ਦੌਰਾਨ ਬੀਐੱਲਓਜ਼ ਵੱਲੋਂ ਘਰ-ਘਰ ਜਾ ਕੇ ਪ੍ਰੀ-ਪ੍ਰਿੰਟਡ ਫਾਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਬੀਐੱਲਓਜ਼ ਵੱਲੋਂ ਇਹ ਫਾਰਮ ਭਰਨ ਵਿਚ ਵੋਟਰਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਇਨ੍ਹਾਂ ਫਾਰਮਾਂ ਨੂੰ ਘਰ-ਘਰ ਜਾ ਕੇ ਵਾਪਸ ਇਕੱਤਰ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘਰੋਂ-ਘਰੀ ਗਣਨਾ ਦੀ ਪ੍ਰਕਿਰਿਆ 24 ਜੁਲਾਈ ਤਕ ਜਾਰੀ ਰਹੇਗੀ। ਜੇਕਰ ਬੀਐੱਲਓ ਨੂੰ ਕੋਈ ਫਾਰਮ ਪ੍ਰਾਪਤ ਨਹੀਂ ਹੁੰਦਾ ਤਾਂ ਉਸ ਫਾਰਮ ਦੀ ਪ੍ਰਾਪਤੀ ਲਈ ਉਹ ਤਿੰਨ ਵਾਰ ਤਕ ਉਸ ਘਰ ਦਾ ਦੌਰਾ ਕਰੇਗਾ ਅਤੇ ਆਪਣੇ ਦੌਰੇ ਸਬੰਧੀ ਘਰ ਦੇ ਦਰਵਾਜ਼ੇ ’ਤੇ ਸਟਿੱਕਰ ਚਿਪਕਾ ਕੇ ਜਾਣਕਾਰੀ ਦਰਜ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਜ਼ਿਲ੍ਹਾ ਤਰਨਤਾਰਨ ਵਿਚ ਕੁਲ 911 ਬੀਐੱਲਓਜ਼, 93 ਸੈਕਟਰੀ ਸੁਪਰਵਾਈਜ਼ਰ, 4 ਚੋਣਕਾਰ ਰਜਿਸਟਰੇਸ਼ਨ ਅਫ਼ਸਰ, 8 ਸਹਾਇਕ ਚੋਣ ਰਜਿਸਟਰੇਸ਼ਨ ਅਫਸਰ ਤੇ ਹੋਰ ਚੋਣ ਅਮਲਾ ਲਗਾਇਆ ਗਿਆ ਹੈ, ਜੋ ਕਿ ਜ਼ਿਲ੍ਹੇ ਦੇ 7.50 ਲੱਖ ਤੋਂ ਵੱਧ ਵੋਟਰਾਂ ਦੀ ਗਣਨਾ ਕਰੇਗਾ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਐੱਸਆਈਆਰ ਸਬੰਧੀ ਐਲਾਨੇ ਗਏ ਪ੍ਰੋਗਰਾਮ ਅਨੁਸਾਰ 25 ਜੂਨ ਤੋਂ 24 ਜੁਲਾਈ, ਤਕ ਘਰੋਂ-ਘਰੀ ਗਣਨਾ, ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸ਼ਨ ਦਾ ਕੰਮ 24 ਜੁਲਾਈ ਤਕ ਕੀਤਾ ਜਾਵੇਗਾ, ਜਦਕਿ ਵੋਟਰ ਸੂਚੀਆਂ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 3 ਅਗਸਤ ਤੋਂ 2 ਸਤੰਬਰ ਤਕ ਪੇਸ਼ ਕੀਤੇ ਜਾ ਸਕਦੇ ਹਨ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 1 ਅਕਤੂਬਰ ਨੂੰ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਘਰੋਂ-ਘਰੀ ਗਣਨਾ ਦੌਰਾਨ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੁੰਦੀ ਹੈ, ਤਾਂ ਉਸ ਨੂੰ ਇਤਰਾਜ਼ ਅਤੇ ਦਾਅਵਿਆਂ ਦੀ ਪ੍ਰਕਿਰਿਆ ਦੌਰਾਨ ਨੋਟਿਸ ਜਾਰੀ ਹੋਵੇਗਾ, ਜਿਸ ’ਤੇ ਸਬੰਧਤ ਵਿਅਕਤੀ ਨੂੰ ਮੰਗੇ ਗਏ ਦਸਤਾਵੇਜ਼ ਈਆਰਓ ਨੂੰ ਪੇਸ਼ ਕਰਕੇ ਆਪਣੀ ਵੋਟ ਬਣਵਾਉਣ ਲਈ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਅਮਲ ਦੌਰਾਨ ਕਿਸੇ ਵੀ ਯੋਗ ਵਿਅਕਤੀ ਦੀ ਵੋਟ ਨਹੀਂ ਕੱਟੀ ਜਾਵੇਗੀ।