- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਬਾਜ਼ਾਰਾਂ ਵਿਚ ਵਧ ਰਹੀ ਅਵਾਰਾ ਕੁੱਤਿਆਂ ਦੀ ਗਿਣਤੀ ਬਣੀ ਚਿੰਤਾ ਦਾ ਵਿਸ਼ਾ

ਰਾਹਗੀਰਾਂ ਲਈ ਬਣ ਰਹੇ ਹਨ ਖ਼ਤਰਾ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਅਤੇ ਚੌਕ-ਚੁਰਾਹਿਆਂ ਵਿਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਅੰਦਰ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਸਵੇਰੇ ਸੈਰ ਕਰਨ ਵਾਲੇ ਲੋਕ, ਗੁਰੂ ਘਰ ਜਾਣ ਵਾਲੀਆਂ ਸੰਗਤਾਂ, ਸਕੂਲ ਜਾਣ ਵਾਲੇ ਬੱਚੇ ਅਤੇ ਦੇਰ ਰਾਤ ਕੰਮ ਤੋਂ ਘਰ ਪਰਤਣ ਵਾਲੇ ਰਾਹਗੀਰ ਅਕਸਰ ਇਨ੍ਹਾਂ ਕੁੱਤਿਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ।
ਤਰਨਤਾਰਨ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਅਵਾਰਾ ਕੁੱਤਿਆਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ। ਕਈ ਵਾਰ ਇਹ ਕੁੱਤੇ ਰਾਹਗੀਰਾਂ ਦੇ ਪਿੱਛੇ ਦੌੜਦੇ ਹਨ ਜਾਂ ਆਪਸ ਵਿਚ ਭਿੜਦੇ ਹੋਏ ਅਚਾਨਕ ਸੜਕ ਉੱਤੇ ਆ ਜਾਂਦੇ ਹਨ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਕੁੱਤਿਆਂ ਦੇ ਝੁੰਡਾਂ ਕੋਲੋਂ ਲੰਘਣਾ ਵੀ ਔਖਾ ਹੋ ਜਾਂਦਾ ਹੈ। ਸ਼ਹਿਰ ਦੇ ਵਪਾਰਕ ਇਲਾਕਿਆਂ, ਧਾਰਮਿਕ ਅਸਥਾਨਾਂ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਵੀ ਅਵਾਰਾ ਕੁੱਤਿਆਂ ਦੀ ਮੌਜੂਦਗੀ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਤ ਸਮੇਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਕੁੱਤਿਆਂ ਦੇ ਝੁੰਡ ਸੜਕਾਂ ਅਤੇ ਬਾਜ਼ਾਰਾਂ ਵਿਚ ਦਨ ਦਨਾਉਂਦੇ ਫਿਰਦੇ ਹਨ।
------
ਕਈ ਹਾਦਸਿਆਂ ਦੇ ਬਾਵਜੂਦ ਨਹੀਂ ਨਿਕਲਿਆ ਹੱਲ : ਐਡਵੋਕੇਟ ਅਰੋੜਾ
ਐਡਵੋਕੇਟ ਰਾਕੇਸ਼ ਰਮਨ ਅਰੋੜਾ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਕਾਰਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਉਨ੍ਹਾਂ ਦੀ ਵਧ ਰਹੀ ਗਿਣਤੀ ਉੱਤੇ ਕਾਬੂ ਪਾਉਣ ਲਈ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਹੀ ਇਸ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਆਵਾਰਾ ਕੁੱਤਿਆਂ ਦੇ ਹਮਲਿਆਂ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ।
-------
ਛੋਟੇ ਬੱਚੇ ਵੀ ਬਣ ਚੁੱਕੇ ਹਨ ਸ਼ਿਕਾਰ : ਨਾਗਪਾਲ
ਤਰਨਤਾਰਨ ਸ਼ਹਿਰ ਦੇ ਕਾਰੋਬਾਰੀ ਜਤਿੰਦਰ ਸਿੰਘ ਨਾਗਪਾਲ ਦਾ ਕਹਿਣਾ ਹੈ ਕਿ ਕਈ ਵਾਰ ਛੋਟੇ ਬੱਚੇ ਵੀ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਚੁੱਕੇ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿਚ ਬੱਚਿਆਂ ਅਤੇ ਬਜ਼ੁਰਗਾਂ ਦਾ ਇਕੱਲਿਆਂ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਕੋਲ ਵੀ ਅਨੇਕਾਂ ਅਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕੁੱਤਿਆਂ ਦੀ ਵਧ ਰਹੀ ਨਫ਼ਰੀ ਉੱਤੇ ਕਾਬੂ ਪਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਤਾਂ ਜੋ ਤੜਕਸਾਰ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਮੁਸ਼ਕਲ ਨਾ ਆਵੇ।
--------
ਵੱਡੀ ਸਮੱਸਿਆ ਬਣ ਕੇ ਉੱਭਰ ਰਹੇ ਹਨ ਅਵਾਰਾ ਕੁੱਤੇ : ਗੁਰਜੀਤ ਅਰੋੜਾ
ਲੋਕ ਲਹਿਰ ਪਾਰਟੀ ਦੇ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਹੁਣ ਸ਼ਹਿਰ ਲਈ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਕ ਪਾਸੇ ਲੋਕਾਂ ਨੂੰ ਉਨ੍ਹਾਂ ਦੇ ਹਮਲਿਆਂ ਦਾ ਡਰ ਬਣਿਆ ਰਹਿੰਦਾ ਹੈ, ਦੂਜੇ ਪਾਸੇ ਕੁੱਤਿਆਂ ਵੱਲੋਂ ਫੈਲਾਈ ਜਾਂਦੀ ਗੰਦਗੀ ਵੀ ਸਫ਼ਾਈ ਪ੍ਰਬੰਧਾਂ ਲਈ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨਿਯਮਾਂ ਅਨੁਸਾਰ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਲਈ ਤੁਰੰਤ ਕਾਰਵਾਈ ਕਰੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।
--------
ਅਵਾਰਾ ਕੁੱਤਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾਏ : ਡਾ. ਲੋਹੁਕਾ
ਸਮਾਜ ਸੇਵੀ ਡਾ. ਸੁਖਦੇਵ ਸਿੰਘ ਲੋਹੁਕਾ ਨੇ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚਿਆਂ ਉੱਪਰ ਹਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਕਈ ਮਾਮਲੇ ਸੁਰਖੀਆਂ ਵਿਚ ਵੀ ਹਨ। ਪਰ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਉੱਪਰ ਕਾਬੂ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਅਜੇ ਵੀ ਦੂਰ ਹੈ। ਡਾ. ਸੁਖਦੇਵ ਸਿੰਘ ਲੋਹੁਕਾ ਨੇ ਕਿਹਾ ਕਿ ਕੁੱਤਿਆਂ ਦੀ ਗਿਣਤੀ ਵਧਣ ਨਾਲ ਮਨੁੱਖੀ ਜਾਨਾਂ ਖਤਰੇ ਵਿਚ ਜਾ ਰਹੀਆਂ ਹਨ ਅਤੇ ਕਈ ਘਰਾਂ ਦੇ ਚਿਰਾਗ ਇਨ੍ਹਾਂ ਕੁੱਤਿਆਂ ਨੇ ਬੁਝਾ ਦਿੱਤੇ ਹਨ।
-------
ਤਰਨਤਾਰਨ ਜ਼ਿਲ੍ਹੇ ਵਿਚ ਵੀ ਵਾਪਰ ਚੁੱਕੇ ਹਨ ਹਾਦਸੇ : ਧਾਮੀ
ਸਮਾਜ ਸੇਵੀ ਸੁਖਵੰਤ ਸਿੰਘ ਧਾਮੀ ਨੇ ਕਿਹਾ ਕਿ ਅਜਿਹੀਆਂ ਕਈ ਹਾਦਸੇ ਸਾਹਮਣੇ ਆ ਚੁੱਕੀਆਂ ਹਨ। ਜਿੱਥੇ ਆਵਾਰਾ ਕੁੱਤੇ ਇਨਸਾਨਾਂ ਲਈ ਘਾਤਕ ਸਾਬਤ ਹੋਏ ਹਨ। ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਵਧ ਚੁੱਕੀ ਹੈ ਕਿ ਲੋਕਾਂ ਦਾ ਬਜਾਰਾਂ ਵਿੱਚੋਂ ਲੰਘਣਾ ਤੱਕ ਔਖਾ ਹੋ ਚੁੱਕਾ ਹੈ। ਇਕ ਪਾਸੇ ਜਿਥੇ ਇਨ੍ਹਾਂ ਦੇ ਕੱਟਣ ਦਾ ਖਤਰਾ ਲੋਕਾਂ ਨੂੰ ਬਣਿਆ ਰਹਿੰਦਾ ਹੈ। ਉਥੇ ਹੀ ਕੁੱਤਿਆਂ ਵੱਲੋਂ ਫੈਲਾਈ ਗਈ ਗੰਦਗੀ ਵੀ ਵੱਡੀ ਸਮੱਸਿਆ ਹੈ। ਕੁੱਤਿਆਂ ਦੀ ਵਧ ਰਹੀ ਨਫਰੀ ’ਤੇ ਕਾਬੂ ਪਾਉਣ ਦਾ ਉਪਰਾਲਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਲੋਕ ਸੁਰੱਖਿਅਤ ਹੋ ਸਕਣ।
------
ਹਾਦਸਿਆਂ ਦਾ ਕਾਰਨ ਬਣ ਰਹੇ ਹਨ ਕੁੱਤੇ : ਹੀਰਾ
ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਹੀਰਾ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਵੱਡੀ ਸਮੱਸਿਆ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦੇਵੇ। ਕਿਉਂਕਿ ਆਵਾਾਰ ਕੁੱਤਿਆਂ ਦੇ ਹਮਲਿਆਂ ਨਾਲ ਜਿਥੇ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਇਹ ਕੁੱਤੇ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ, ਜਿਸ ਕਾਰਨ ਕਈ ਮਨੁੱਖੀ ਜਾਨਾਂ ਅਜਾਈਂ ਹੀ ਚਲੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਨਿਯਮਾਂ ਮੁਤਾਬਿਕ ਨਿਯੰਤਰਣ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
-----
ਕੁੱਤਿਆਂ ਤੋਂ ਬੱਚਿਆਂ ਨੂੰ ਬਚਾਉਣ ਮਾਪੇ : ਸੁੱਚਾ ਸਿੰਘ
ਸਮਾਜ ਚਿੰਤਕ ਸੁੱਚਾ ਸਿੰਘ ਕੱਕਾ ਕੰਡਿਆਲਾ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਵਧੇਰੇ ਹਮਲੇ ਬੱਚਿਆਂ ’ਤੇ ਕੀਤੇ ਜਾਣ ਦੇ ਮਾਮਲੇ ਅਕਸਰ ਸਾਹਣੇ ਆਉਂਦੇ ਰਹਿੰਦੇ ਹਨ। ਕਈ ਥਾਵਾਂ ਤੇ ਬਜ਼ੁਰਗ ਅਤੇ ਔਰਤਾਂ ਵੀ ਇਨ੍ਹਾਂ ਦਾ ਸ਼ਿਕਾਰ ਬਣ ਚੁੱਕੀਆਂ ਹਨ। ਇਸ ਲਈ ਮਾਪੇ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਇਕੱਲੇ ਗਲੀ ਮੁਹੱਲਿਆਂ ਵਿਚ ਨਾ ਜਾਣ ਦੇਣ। ਸੁੱਚਾ ਸਿੰਘ ਨੇ ਕਿਹਾ ਕਿ ਅਵਾਰਾ ਕੁੱਤਿਆਂ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਹਲਕਾਅ ਦਾ ਸ਼ਿਕਾਰ ਹੋ ਕੇ ਵੀ ਮੌਤ ਦੋ ਮੂੰਹ ਵਿਚ ਚਲੇ ਗਏ ਹਨ। ਇਸ ਲਈ ਕੁੱਤਿਆਂ ਦੀ ਵਧ ਰਹੀ ਨਫਰੀ ’ਤੇ ਕਾਬੂ ਪਾਉਣ ਦੀ ਸਖਤ ਲੋੜ ਹੈ।