ਭਾਰਤ ਅਮਰੀਕਾ ਸੰਧੀ ਤੋਂ ਬਾਜ਼ ਆਏ ਮੋਦੀ ਸਰਕਾਰ : ਐੱਸਕੇਐੱਮ
ਭਾਰਤ ਅਮਰੀਕਾ ਸੰਧੀ ਤੋਂ ਬਾਜ਼ ਆਏ ਮੋਦੀ ਸਰਕਾਰ - ਐੱਸਕੇਐੱਮ
Publish Date: Tue, 23 Jun 2026 04:15 PM (IST)
Updated Date: Wed, 24 Jun 2026 04:01 AM (IST)

ਨਹਿਰਾਂ, ਨਾਲਿਆਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਣ : ਕਿਸਾਨ ਆਗੂ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਬਚਾਓ ਪੱਕੇ ਮੋਰਚੇ ’ਤੇ ਬੈਠੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਅਮਰੀਕਾ ਨਾਲ ਨੇੜਤਾ ਹਮੇਸ਼ਾ ਭਾਰਤ ਨੂੰ ਮਹਿੰਗੀ ਪਈ ਹੈ। ਮੋਦੀ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਨਤਾ ਪਾਰਟੀ ਦੀ ਸਰਕਾਰ ਵੇਲੇ ਜਨਸੰਘੀ ਪ੍ਰਧਾਨ ਮੰਤਰੀ ਮੋਰਾਰ ਜੀ ਡੇਸਾਈ ਨੇ ਵੀ ਅਮਰੀਕਾ ਨਾਲ ਸਮਝੌਤੇ ਕਰਨ ਲਈ ਕਾਹਲ ਵਿਖਾਈ ਸੀ, ਜਿਸ ’ਤੇ ਉਸਨੂੰ ਮੂੰਹ ਦੀ ਖਾਣੀ ਪਈ ਸੀ। ਹੁਣ ਮੋਦੀ ਸਰਕਾਰ ਅਮਰੀਕਾ ਦੇ ਥੱਲੇ ਲੱਗ ਕੇ ਉਸਦੀਆਂ ਸ਼ਰਤਾਂ ਤਹਿਤ ਵਪਾਰਕ ਸਮਝੌਤਾ ਕਰਨ ਲਈ ਕਾਹਲੀ ਹੈ, ਜਿਸ ਨਾਲ ਭਾਰਤੀ ਖੇਤੀ ਤੇ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਵੇਗਾ। ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਬਲਕਾਰ ਸਿੰਘ ਵਲਟੋਹਾ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ , ਇੰਦਰਜੀਤ ਸਿੰਘ ਮਰਹਾਣਾ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਮੋਦੀ ਸਰਕਾਰ ਨੂੰ ਅਜਿਹਾ ਸਮਝੌਤਾ ਇਕ ਸਾਮਰਾਜ ਸਰਗਣੇ ਦੇਸ਼ ਨਾਲ ਕਦਾਚਿੱਤ ਨਹੀਂ ਕਰਨਾ ਚਾਹੀਦਾ ਜੋ ਸਾਡੇ ਦੇਸ਼ ਦੀ ਮਿਹਨਤਕਸ਼ ਜਨਤਾ ਦਾ ਲਹੂ ਚੂਸਣ ਵਾਲਾ ਹੋਵੇ। ਇਸ ਮੌਕੇ ਕਿਸਾਨ ਆਗੂ ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸ਼ੇਰੋਂ, ਪਰਮਜੀਤ ਸਿੰਘ ਚੋਹਲਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ, ਮੰਗਲ ਸਿੰਘ, ਤਰਲੋਚਨ ਸਿੰਘ, ਸੁਖਚੈਨ ਸਿੰਘ ਤੇ ਰਣਜੀਤ ਸਿੰਘ ਸੋਹਲ, ਕੁਲਦੀਪ ਸਿੰਘ ਤੇ ਸੁਖਦੇਵ ਸਿੰਘ ਵੈਰੋਵਾਲ਼, ਜੋਗਿੰਦਰ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ ਅੱਲੋਵਾਲ, ਨਾਜ਼ਰ ਸਿੰਘ ਸਰਹਾਲੀ, ਸੁਖਦੇਵ ਸਿੰਘ, ਸੁਖਪਾਲ ਸਿੰਘ ਸਿੱਧੂ, ਲਖਵਿੰਦਰ ਸਿੰਘ ਫੈਲੋਕੇ, ਕਸ਼ਮੀਰ ਸਿੰਘ ਫੌਜੀ, ਸੁਖਵਿੰਦਰ ਸਿੰਘ ਕੋਟ ਮੁਹੰਮਦ, ਅੰਮ੍ਰਿਤ ਪਾਲ ਸਿੰਘ ਜੌੜਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨਹਿਰਾਂ ਨਾਲਿਆਂ ਦੇ ਬੰਨ੍ਹ ਤੁਰੰਤ ਮਜ਼ਬੂਤ ਕਰਨ ਦਾ ਪ੍ਰਬੰਧ ਕਰੇ ਕਿਉਂਕਿ ਪੰਜਾਬ ਵਿੱਚ ਪਿਛਲੇ ਦਿਨੀਂ ਕਈ ਥਾਈਂ ਨਹਿਰਾਂ ਦੇ ਕੰਢੇ ਟੁੱਟਣ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ। ਤਰਨ ਤਾਰਨ ਜ਼ਿਲ੍ਹੇ ਵਿੱਚ ਹੀ ਰਸੂਲਪੁਰ ਨਹਿਰ ਹਾਈਵੇ ਨੇੜਿਉਂ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਮੌਨਸੂਨ ਬਾਰਸ਼ਾਂ ਸ਼ੁਰੂ ਨਹੀਂ ਹੋਈਆਂ ਪਰ ਬੰਨ੍ਹ ਟੁੱਟ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਹੋਰ ਵਿਭਾਗਾਂ ਨੂੰ ਦੇਣ ਦੀ ਜ਼ਿੱਦ ਛੱਡਕੇ ਸਰਕਾਰ ਇਹਨੂੰ ਮੁੜ ਚਾਲੂ ਕਰਨ ਦਾ ਫੈਸਲਾ ਕਰਕੇ ਲੋਕ ਹਿੱਤ ਵਿੱਚ ਫੈਸਲਾ ਲਵੇ।