ਭਾਰੀ ਜਦੋਂ ਜਹਿਦ ਨੇ ਨਾਲ ਦੂਸਰੇ ਦਿਨ ਕਸੂਰ ਬ੍ਰਾਂਚ ਲੋਅਰ ਦਾ ਪਾੜ ਪੂਰਿਆ
ਭਾਰੀ ਜਦੋਂ ਜਹਿਦ ਨੇ ਨਾਲ ਦੂਸਰੇ ਦਿਨ ਕਸੂਰ ਬ੍ਰਾਂਚ ਲੋਅਰ ਦਾ ਪਾੜ ਪੂਰਿਆ
Publish Date: Mon, 22 Jun 2026 07:46 PM (IST)
Updated Date: Tue, 23 Jun 2026 04:07 AM (IST)

ਨਹਿਰੀ ਵਿਭਾਗ ਦੀ ਟੀਮ, ਸਥਾਨਕ ਲੋਕ ਤੇ ਧਾਰਮਿਕ ਸ਼ਖਸੀਅਤਾਂ ਵੀ ਡੱਟੀਆਂ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ-ਬਠਿੰਡਾ ਨੈਸ਼ਨਲ ਹਾਈਵੇ-54 ’ਤੇ ਪੈਂਦੇ ਪਿੰਡ ਰਸੂਲਪੁਰ ਨੇੜੇ ਕੇਬੀਐੱਲ ‘ਕਸੂਰ ਬ੍ਰਾਂਚ ਲੋਅਰ’ ਮੇਨ ’ਚ ਐਤਵਾਰ ਪਏ ਪਾੜ ਨੂੰ ਸੋਮਵਾਰ ਭਾਰੀ ਜੱਦੋਂ ਜਹਿਦ ਨਾਲ ਪੂਰ ਦਿੱਤਾ ਗਿਆ ਹੈ। ਇਸ ਕੰਮ ਨੂੰ ਨੇਪਰੇ ਚਾੜ੍ਹਨ ਦੇ ਲਈ ਜਿਥੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਤਿੰਨ ਦਰਜਨ ਤੋਂ ਵੱਧ ਲੋਕਾਂ ਦੀ ਟੀਮ ਲੱਗੀ ਰਹੀ। ਉਥੇ ਹੀ ਸਥਾਨਕ ਲੋਕਾਂ ਦੇ ਨਾਲ ਧਾਰਮਿਕ ਸ਼ਖਸੀਅਤਾਂ ਵੀ ਪਾਣੀ ਦੇ ਵਹਾਅ ਨੂੰ ਕਾਬੂ ਪਾਉਣ ਵਾਸਤੇ ਚੱਲ ਰਹੇ ਯਤਨਾਂ ਦਾ ਹਿੱਸਾ ਬਣੀਆਂ। ਇਸ ਨਹਿਰ ਵਿੱਚੋਂ ਨਿਕਲਿਆ ਜ਼ਿਆਦਾਤਰ ਪਾਣੀ ਨਹਿਰ ਬ੍ਰਾਂਚ ਦੇ ਨਾਲ ਲੱਗਦੀ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ ਹੀ ਸਮਾਅ ਗਿਆ। ਹਾਲਾਂਕਿ ਕਿਸਾਨਾਂ ਮੁਤਾਬਿਕ ਕੁਝ ਖੇਤਾਂ ਤਕ ਨਹਿਰ ਦਾ ਪਾਣੀ ਪੁੱਜਾ, ਪਰ ਨਿਕਾਸੀ ਨਾਲੇ ਦੇ ਚੱਲਦਿਆਂ ਇਸ ਨਾਲ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਐਤਵਾਰ ਸਵੇਰੇ ਹਾਈਵੇ ’ਤੇ ਰਸੂਲਪੁਰ ਪਿੰਡ ਦੇ ਕੋਲ ਬਣੇ ਪੁਲ ਦੇ ਇਕ ਪਾਸੇ ਤੋਂ ਅਚਾਨਕ ਕਸੂਰ ਬ੍ਰਾਂਚ ਲੋਅਰ ਮੈਨ ’ਚ ਪਾੜ ਪੈ ਗਿਆ। ਜਿਸਦੇ ਚੱਲਦਿਆਂ ਤੇਜ਼ੀ ਨਾਲ ਪਾਣੀ ਨਹਿਰ ਤੋਂ ਬਾਹਰ ਨਿਕਲਣਾ ਸ਼ੁਰੂ ਹੋਇਆ। ਗਨੀਮਤ ਇਹ ਰਹੀ ਕਿ ਜਿਸ ਪਾਸੇ ਕਿਨਾਰਾ ਟੁੱਟਾ ਸੀ, ਉਸ ਪਾਸੇ ਜੰਗਲਾਤ ਵਿਭਾਗ ਦੀ ਜਗ੍ਹਾ ਸੀ, ਜਿਸ ਵਿਚ ਇਹ ਪਾਣੀ ਭਰਦਾ ਗਿਆ। ਪਰ ਨਹਿਰ ਟੁੱਟਣ ਨਾਲ ਲੋਕਾਂ ਅੰਦਰ ਚਿੰਤਾ ਦਾ ਮਾਹੌਲ ਬਣ ਗਿਆ ਸੀ। ਲੰਘੇ ਦਿਨ ਹੀ ਆਸ ਪਾਸ ਦੇ ਪਿੰਡਾਂ ਦੇ ਲੋਕ ਨਹਿਰ ’ਤੇ ਪੁੱਜਣੇ ਸ਼ੁਰੂ ਹੋ ਗਏ ਸਨ ਅਤੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਯਤਨ ਵੀ ਸ਼ੁਰੂ ਕਰ ਦਿੱਤੇ। ਕਿਉਂਕਿ ਕਿਸਾਨਾਂ ਨੂੰ ਖਦਸ਼ਾ ਸੀ ਕਿ ਪਾਣੀ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਉੱਛਲ ਕੇ ਨੇੜਲੇ ਖੇਤਾਂ ਵਿਚ ਦਾਖ਼ਲ ਹੋ ਸਕਦਾ ਹੈ ਅਤੇ ਝੋਨੇ ਦੀ ਨਵੀਂ ਫ਼ਸਲ ਦੇ ਖ਼ਰਾਬ ਹੋਣ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਉੱਧਰ ਨਹਿਰ ਟੁੱਟਣ ਦੀ ਜਾਣਕਾਰੀ ਮਿਲਣ ਉਪਰੰਤ ਨਹਿਰੀ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਮੌਕੇ ’ਤੇ ਪੁੱਜ ਗਏ ਸਨ। ਸੋਮਵਾਰ ਨੂੰ ਵੀ ਉਹ ਉਕਤ ਨਹਿਰ ’ਤੇ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਨਹਿਰ ’ਤੇ ਪਏ ਪਾੜ ਨੂੰ ਪੂਰ ਲਿਆ ਗਿਆ ਹੈ। ਇਸ ਕੰਮ ਵਿਚ ਵਿਭਾਗ ਦੇ 40 ਦੇ ਕਰੀਬ ਲੋਕਾਂ ਦੀ ਟੀਮ ਲੱਗੀ ਰਹੀ। ਉਨ੍ਹਾਂ ਦੱਸਿਆ ਕਿ ਸੋਮਵਾਰ ਸ਼ਾਮ ਹੁੰਦਿਆਂ ਤਕ ਇਸ ਪਾੜ ਨੂੰ ਪੂਰਨ ਵਿਚ ਵਿਭਾਗ ਦੀ ਟੀਮ ਨੂੰ ਸਥਾਨਕ ਲੋਕਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਹੈ। ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਨਹਿਰ ਦੇ ਟੁੱਟਣ ਨਾਲ ਵਾਹੀਯੋਗ ਜ਼ਮੀਨ ਦਾ ਬਚਾਅ ਹੈ ਕਿਉਂਕਿ ਸਾਰਾ ਪਾਣੀ ਨਹਿਰ ਦੇ ਨਾਲ ਲੱਗਦੇ ਜਖ਼ੀਰੇ ਵਿਚ ਹੀ ਗਿਆ ਸੀ। ਹਾਲਾਂਕਿ ਆਸ ਪਾਸ ਦੇ ਕਿਸਾਨਾਂ ਦੀ ਮੰਨੀਏ ਤਾਂ ਕੁਝ ਖੇਤਾਂ ਵਿਚ ਪਾਣੀ ਆਇਆ ਪਰ ਨਿਕਾਸੀ ਨਾਲਾ ਹੋਣ ਕਰਕੇ ਨੁਕਸਾਨ ਹੋਣੋਂ ਬਚਾਅ ਹੈ। ਦੱਸਣਾ ਬਣਦਾ ਹੈ ਕਿ ਨਹਿਰ ਦਾ ਪਾੜ ਪੂਰਨ ਦੇ ਕਾਰਜ ਵਿਚ ਨਿਰਮਲ ਕੁਟੀਆ ਸ਼ਹਾਬਪੁਰ ਦੇ ਸੰਤ ਬਾਬਾ ਦਵਿੰਦਰ ਸਿੰਘ ਅਤੇ ਡੇਰਾ ਗੁਰੂ ਸਰ ਰਸੂਲਪੁਰ ਨਹਿਰਾਂ ਤੋਂ ਬਾਬਾ ਪ੍ਰਿਤਪਾਲ ਸਿੰਘ ਵੀ ਡੱਟੇ ਰਹੇ। ਜਿਨ੍ਹਾਂ ਵੱਲੋਂ ਵਿਭਾਗ ਨੂੰ ਮਸ਼ੀਨਰੀ ਵੀ ਮੁਹੱਈਆ ਕਰਵਾਈ ਗਈ। ਹਾਲਾਂਕਿ ਪਾੜ ਵਿਚ ਵਰਤਿਆ ਜਾਣ ਵਾਲਾ ਮਟੀਰੀਅਲ ਵਿਭਾਗ ਵੱਲੋਂ ਮੰਗਵਾਇਆ ਗਿਆ ਸੀ।