- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਰਾਧਿਕ ਅਨਸਰਾਂ ’ਤੇ ਨਿਗਰਾਨੀ ਲਈ ਲੱਗੀ ਤੀਸਰੀ ਅੱਖ ਹੋਈ ਟੇਢੀ....

13 ਦਿਨਾਂ ਤੋ ਉੱਖੜੇ ਖੰਭੇ ’ਤੇ ਨਹੀ ਪਈ ਪੁਲਿਸ ਦੀ ਸਵੱਲੀ ਨਜ਼ਰ
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ,
ਹਰੀਕੇ ਪੱਤਣ : ਕਸਬਾ ਹਰੀਕੇ ਦੇ ਮੁੱਖ ਚੌਂਕ ਵਿਚ ਪੁਲਿਸ ਪ੍ਰਸ਼ਾਸਨ ਵੱਲੋ ਲਗਾਏ ਹਾਈਟੈਕ ਕੈਮਰੇ ਝੱਖੜ ਦੀ ਭੇਟ ਚੜ੍ਹ ਕੇ ਪਿਛਲੇ 13 ਦਿਨ ਤੋਂ ਬੰਦ ਹੋਣ ਦੇ ਨਾਲ ਟੇਢੇ ਹਾਲ ਖੜ੍ਹੇ ਹਨ, ਜਿਨ੍ਹਾਂ ਨੂੰ ਅਪਰਾਧਿਕ ਲੋਕਾਂ ਉਤੇ ਨਿਗਰਾਨੀ ਲਈ ਸਥਾਨਿਕ ਪੁਲਿਸ ਦੀ ਸਵੱਲੀ ਨਜ਼ਰ ਦੀ ਤੁਰੰਤ ਲੋੜ ਸੀ। ਪਰ ਦੋ ਹਫਤੇ ਦਾ ਸਮਾਂ ਬੀਤ ਜਾਣ ਮਗਰੋਂ ਵੀ ਤੀਜੀ ਅੱਖ ਦਾ ਬੰਦ ਰਹਿਣਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਦੱਸਣਯੋਗ ਹੈ ਕਿ ਹਰੀਕੇ ਪੁਲਿਸ ਵੱਲੋਂ ਪਿੰਡ ਵਾਸੀ ਅਤੇ ਦੁਕਾਨਦਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਤੀਜੀ ਅੱਖ ਦਾ ਸਹਾਰਾ ਲਿਆ ਜਾਣ ਲੱਗਾ। ਇਸ ਤੋਂ ਇਲਾਵਾ ਛਿੱਟ ਪੁੱਟ ਵਾਰਦਾਤਾਂ ਦੇ ਨਾਲ ਜ਼ਰਾਇਮ ਪੇਸ਼ਾ ਲੋਕਾਂ ’ਤੇ ਬਾਜ਼ ਅੱਖ ਰੱਖਣ ਲਈ ਚੌਕ ਵਿਚ ਲਗਾਏ ਕੈਮਰੇ ਵੱਡੀ ਸਹਾਇਤਾ ਦੇ ਗਵਾਹ ਬਣਦੇ ਹਨ। ਇਥੇ ਹੀ ਬੱਸ ਨਹੀਂ ਮਾਲਵੇ ਖੇਤਰ ਵਿਚ ਅਣਸੁਖਾਵੀਂਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰ ਫ਼ਰਾਰ ਹੋਣ ਲਈ ਇਸੇ ਰਸਤੇ ਦਾ ਇਸਤੇਮਾਲ ਕਰਨ ਨੂੰ ਪਹਿਲ ਦਿੰਦੇ ਰਹੇ, ਜਿਸ ਤੋਂ ਘਟਨਾ ਸਥਾਨ ਨਾਲ ਸਬੰਧਤ ਪੁਲਿਸ ਨੂੰ ਨਿੱਜੀ ਇਮਾਰਤਾਂ ’ਤੇ ਲੱਗੇ ਕੈਮਰਿਆਂ ਦਾ ਸਹਾਰਾ ਲੈਣਾ ਪੈਂਦਾ ਸੀ। ਪਰ ਉਹ ਵੀ ਤਕਨੀਕੀ ਕਾਰਨਾਂ ਦੇ ਚੱਲਦਿਆਂ ਕਾਰਗਰ ਸਿੱਧ ਨਹੀਂ ਹੁੰਦੇ ਸਨ। ਜਨਤਾ ਅੰਦਰ ਸੁਰੱਖਿਆ ਦੀ ਭਾਵਨਾ ਅਤੇ ਪੁਲਿਸ ਦੇ ਭਰੋਸੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਹਰੀਕੇ ਪੱਤਣ ਦੇ ਮੁੱਖ ਚੌਕ ਵਿਚ ਹਾਈਟੈੱਕ ਕੈਮਰੇ ਲਗਾਏ ਗਏ। ਪਰ ਪ੍ਰੀ ਮਾਨਸੂਨ ਦੇ ਪਹਿਲੇ ਤੂਫਾਨ ਨੇ ਹੀ ਤੀਜੀ ਅੱਖ ਦੇ ਖੰਭਿਆਂ ਦਾ ਲੱਕ ਤੋੜ ਦਿੱਤਾ, ਜਿਸ ਨੂੰ ਦਰੁਸਤ ਹਾਲਤ ਕਰਕੇ ਚਾਲੂ ਰੱਖਣ ਦੀ ਹਰੀਕੇ ਪੁਲਿਸ ਨੇ ਜ਼ਹਿਮਤ ਨਹੀਂ ਉਠਾਈ। ਪੰਜਾਬ ਸਰਕਾਰ ਵੱਲੋ ਸੂਬੇ ਭਰ ਵਿਚ ਤੀਜੀ ਅੱਖ ਰਾਹੀਂ ਨਿਗਰਾਨੀ ਨੂੰ ਪੁਖਤਾ ਕਰਨ ਲਈ ਖਰਚੇ ਕਰੋੜਾਂ ਰੁਪਏ ਦਾ ਮੁੱਲ ਪੁਲਿਸ ਮੋੜਦੀ ਹੈ ਜਾਂ ਟੁੱਟੇ ਖੰਭੇ ਹੌਲੀ-ਹੌਲੀ ਚੋਰਾਂ ਦੀ ਖੁਰਾਕ ਬਣਦੇ ਹਨ, ਇਹ ਸਵਾਲ ਭਵਿੱਖ ਦੇ ਗਰਭ ਵਿਚ ਹੈ।
------
ਦੋ ਹਫਤਿਆਂ ਤੋਂ ਟੇਡੇ ਖੰਭੇ ’ਤੇ ਲਟਕ ਰਹੇ ਹਨ ਕੈਮਰੇ
ਜ਼ਿਲ੍ਹਾ ਪੁਲਿਸ ਵੱਲੋ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਅਤੇ ਆਵਾਮ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਖੁਦ ਕੈਮਰੇ ਸਥਾਪਿਤ ਕਰਨ ਦੇ ਨਾਲ ਆਮ ਲੋਕਾਂ ਵੱਲੋ ਲਗਾਏ ਕੈਮਰਿਆਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਕੰਟਰੋਲ ਰੂਮ ਅਧੀਨ ਲਿਆਂਦਾ ਜਾ ਰਿਹਾ ਹੈ। ਜਿਸ ਦਾ ਮਕਸਦ ਅਪਰਾਧਿਕ ਗਤੀਵਿਧੀ ਮਗਰੋਂ ਸਮਾਜ ਵਿਰੋਧੀ ਅਨਸਰਾਂ ਤਕ ਜਲਦੀ ਪਕੜ ਬਣਾਉਣਾ ਹੈ। ਇਸ ਦੇ ਨਾਲ ਹੀ ਭੀੜ ਵਾਲੀਆਂ ਥਾਵਾਂ ’ਤੇ ਲੱਗੀ ਤੀਜੀ ਅੱਖ ਦੀ ਨਿਗਰਾਨੀ ਹੋਣ ਕਾਰਨ ਔਰਤਾਂ ਅਤੇ ਲੜਕੀਆਂ ਵਿਚ ਸੁਰੱਖਿਆ ਭਾਵਨਾ ਦਾ ਅਥਾਹ ਵਾਧਾ ਵੀ ਜ਼ਿਲ੍ਹਾ ਪੁਲਿਸ ਮੁਖੀ ਦੀ ਉਸਾਰੂ ਸੋਚ ਵੱਲ ਇਸ਼ਾਰਾ ਕਰਦਾ ਹੈ। ਪਰ ਅਫਸੋਸ ਹਰੀਕੇ ਪੱਤਣ ਦੇ ਮੁੱਖ ਚੌਂਕ ਵਿਚ ਲਗਾਏ ਕੈਮਰੇ ਬੀਤੇ ਦੋ ਹਫਤਿਆਂ ਤੋਂ ਬੰਦ ਹੋਣ ਦੇ ਨਾਲ ਟੇਡੇ ਖੰਭੇ ’ਤੇ ਲਟਕ ਰਹੇ ਹਨ, ਜਿਨ੍ਹਾਂ ਨੂੰ ਚਾਲੂ ਕਰਨ ਦੀ ਬਜਾਏ ਹਰੀਕੇ ਪੁਲਿਸ ਕੰਨ ਲਪੇਟ ਦੀ ਦਿਖਾਈ ਦੇ ਰਹੀ ਹੈ।
-----
ਜਲਦ ਕਰਵਾਏ ਜਾਣਗੇ ਕੈਮਰੇ ਚਾਲੂ : ਡੀਐੱਸਪੀ
ਇਸ ਸਬੰਧੀ ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਨਤਾ ਦੀ ਜਾਨ ਮਾਲ ਦੀ ਰਖਵਾਲੀ ਲਈ ਪੰਜਾਬ ਪੁਲਿਸ ਵਚਨਬੱਧ ਹੈ ਅਤੇ ਇਸ ਕਾਰਜ ਨੂੰ ਯਕੀਨੀ ਬਣਾਉਣ ਲਈ ਤੀਜੀ ਅੱਖ ਦੀ ਮਦਦ ਲਈ ਜਾ ਰਹੀ ਹੈ। ਹਰੀਕੇ ਦੇ ਬੰਦ ਪਏ ਕੈਮਰਿਆਂ ਸਬੰਧੀ ਉਨ੍ਹਾਂ ਕਿਹਾ ਕਿ ਥਾਣਾ ਹਰੀਕੇ ਦੇ ਮੁੱਖ ਅਫ਼ਸਰ ਪਾਸੋਂ ਪਤਾ ਕਰਕੇ ਜਲਦੀ ਹੀ ਕੈਮਰੇ ਚਾਲੂ ਕਰਵਾ ਦਿੱਤੇ ਜਾਣਗੇ।