- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੇ ਸੀਜ਼ਨ ’ਚ ਛੇੜ ਦਿੱਤੀ ਝਬਾਲ ਡਿਸਟ੍ਰੀਬਿਊਟਰ ਰਜਬਾਹੇ ਦੀ ਮੁਰੰਮਤ

ਖੇਤਾਂ ਤਕ ਨਹੀਂ ਪਹੁੰਚਿਆ ਨਹਿਰੀ ਪਾਣੀ, ਲਵਾਈ ਪ੍ਰਭਾਵਿਤ, ਕਿਸਾਨ ਚਿੰਤਤ
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ,
ਝਬਾਲ : ਰਜਬਾਹਾ ਝਬਾਲ ਡਿਸਟ੍ਰੀਬਿਊਟਰ, ਜਿਸ ਦੀ ਲੰਬਾਈ ਕਰੀਬ 27 ਕਿਲੋਮੀਟਰ ਹੈ, ਅਪਰਬਾਰੀ ਦੁਆਬ ਨਹਿਰ ਦੀ ਬੁਰਜੀ ਨੰਬਰ 113 ਤੋਂ ਨਿਕਲਦਾ ਹੈ ਅਤੇ ਪਿੰਡ ਪੱਧਰੀ ਕਲਾਂ ਤਕ ਜਾਂਦਾ ਹੈ। ਇਸ ਡਿਸਟ੍ਰੀਬਿਊਟਰ ਵਿੱਚੋਂ ਮੂਸਾ ਮਾਈਨਰ, ਬੋਹੜੂ ਮਾਈਨਰ, ਹੱਸਣ ਦੀ ਪੰਡੋਰੀ ਮਾਈਨਰ, ਝਬਾਲ ਮਾਈਨਰ ਅਤੇ ਤਤਲੇ ਮਾਈਨਰ ਸਮੇਤ ਕਈ ਹੋਰ ਸ਼ਾਖਾਵਾਂ ਨਿਕਲਦੀਆਂ ਹਨ।
ਭਾਵੇਂ ਕਿ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਪਰ ਇਸ ਰਜਬਾਹੇ ਵਿਚ ਅਜੇ ਤਕ ਪਾਣੀ ਦੀ ਇਕ ਬੂੰਦ ਵੀ ਨਹੀਂ ਆਈ। ਇਸ ਦਾ ਮੁੱਖ ਕਾਰਨ ਰਜਬਾਹੇ ਦੀ ਚੱਲ ਰਹੀ ਮੁਰੰਮਤ ਹੈ। ਵਿਭਾਗ ਵੱਲੋਂ ਪੁਰਾਣੀਆਂ ਇੱਟਾਂ ਉਖਾੜ ਕੇ ਨਹਿਰ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਹੈ, ਪਰ ਕੰਮ ਵਿਚ ਹੋਈ ਦੇਰੀ ਕਾਰਨ ਹਜ਼ਾਰਾਂ ਕਿਸਾਨ ਇਸ ਵਾਰ ਨਹਿਰੀ ਪਾਣੀ ਤੋਂ ਵਾਂਝੇ ਰਹਿ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ ਵਿਚ ਠੇਕੇਦਾਰ ਵੱਲੋਂ ਕੰਮ ਵਿਚ ਲੋੜੀਂਦੀ ਤੇਜ਼ੀ ਨਹੀਂ ਦਿਖਾਈ ਗਈ, ਪਰ ਹੁਣ ਸਰਕਾਰ ਅਤੇ ਕਿਸਾਨਾਂ ਦੇ ਦਬਾਅ ਕਾਰਨ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਜਲਦਬਾਜ਼ੀ ਵਿਚ ਕੀਤੇ ਜਾ ਰਹੇ ਕੰਮ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਭਵਿੱਖ ਵਿਚ ਇਸ ਦੇ ਨੁਕਸਾਨਦਾਇਕ ਨਤੀਜੇ ਸਾਹਮਣੇ ਆ ਸਕਦੇ ਹਨ। ਕਿਸਾਨਾਂ ਨੇ ਚਿੰਤਾ ਜਾਹਿਰ ਕੀਤੀ ਕਿ ਸੂਏ ਵਿਚ ਪਾਣੀ ਦੀ ਦੇਰੀ ਨਾਲ ਝੋਨੇ ਦੀ ਲਵਾਈ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।
------
ਕੰਮ ਮੁਕੰਮਲ ਹੋਣ ਦਾ ਨਿਰਧਾਰਿਤ ਸਮਾਂ ਅਜੇ ਬਾਕੀ : ਠੇਕੇਦਾਰ
ਇਸ ਸਬੰਧੀ ਠੇਕੇਦਾਰ ਹੈਰੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਟੈਂਡਰ ਮਿਲਣ ਸਮੇਂ ਉਨ੍ਹਾਂ ਨੂੰ ਕੰਮ ਪੂਰਾ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ। ਫੰਡ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਗਿਆ ਅਤੇ ਅਜੇ ਵੀ ਨਿਰਧਾਰਿਤ ਸਮਾਂ ਬਾਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਸਰਕਾਰ ਦੇ ਦਬਾਅ ਕਾਰਨ ਕੰਮ ਅਧੂਰਾ ਛੱਡਣਾ ਪੈ ਰਿਹਾ ਹੈ, ਕਿਉਂਕਿ ਸਰਕਾਰ ਵੱਲੋਂ ਨਹਿਰ ਵਿਚ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ ਹੈ।
-----
ਫੰਡਾਂ ਦੀ ਘਾਟ ਕਾਰਨ ਕੰਮ ’ਚ ਹੋਈ ਦੇਰੀ : ਐੱਸਡੀਓ
ਇਸ ਸਬੰਧੀ ਐੱਸਡੀਓ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਫੰਡਾਂ ਦੀ ਘਾਟ ਕਾਰਨ ਕੰਮ ਵਿਚ ਕੁਝ ਦੇਰੀ ਹੋਈ ਸੀ। ਹੁਣ ਫੰਡ ਉਪਲੱਬਧ ਹੋ ਚੁੱਕੇ ਹਨ, ਪਰ ਝੋਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਜਿੱਥੋਂ ਤਕ ਸੰਭਵ ਹੋ ਸਕਿਆ, ਕੰਮ ਕਰ ਲਿਆ ਗਿਆ ਹੈ। ਬਾਕੀ ਰਹਿੰਦਾ ਕੰਮ ਬਾਅਦ ਵਿਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਜਬਾਹਾ ਝਬਾਲ ਡਿਸਟ੍ਰੀਬਿਊਟਰ ਵਿਚ ਅਗਲੇ ਕੁਝ ਦਿਨਾਂ ਤਕ ਪਾਣੀ ਛੱਡ ਦਿੱਤਾ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਮਿਲ ਸਕੇਗਾ।