- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰੀ ਵਿਭਾਗ ਦੀ ਵੱਡੀ ਅਣਗਹਿਲੀ, ਗੁਰਬਾਣੀ ਲਿਖੇ ਬੋਰਡ ਕਬਾੜ ਸੁੱਟੇ

ਜਥੇਦਾਰ ਗੜਗੱਜ਼ ਨੇ ਲਿਆ ਨੋਟਿਸ, ਕਿਹਾ ਅਜਿਹਾ ਵਰਤਾਰਾ ਮੰਦਭਾਗਾ
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ,
ਹਰੀਕੇ ਪੱਤਣ : ਸਾਲ 2015 ਨੂੰ ਸ਼ਬਦ ਗੁਰੂ ਦੀ ਬੇਅਦਬੀ ਨੂੰ ਆਧਾਰ ਬਣਾ ਕੇ ਮਾਝੇ ਮਾਲਵੇ ਦੀਆਂ ਹਜ਼ਾਰਾਂ ਸਿੱਖ ਸੰਗਤਾਂ ਨੇ ਵਲੂੰਧਰੇ ਹਿਰਦਿਆਂ ਨਾਲ ਹਰੀਕੇ ਹੈੱਡ ਵਰਕਸ ’ਤੇ ਦਸ ਦਿਨ ਧਰਨਾ ਦੇ ਕੇ ਇਨਸਾਫ ਲਈ ਦਿਨ ਰਾਤ ਇਕ ਕੀਤਾ ਸੀ। ਹੁਣ 11 ਸਾਲ ਬਾਅਦ ਪੰਜਾਬ ਸਰਕਾਰ ਦਾ ਨਹਿਰੀ ਵਿਭਾਗ ਗੁਰਬਾਣੀ ਦੀਆਂ ਪੰਕਤੀਆਂ ਦੀ ਕਥਿਤ ਤੌਰ ’ਤੇ ਬੇਅਦਬੀ ਕਰਕੇ ਮੁੜ ਧਰਨੇ ਵਰਗੇ ਹਾਲਾਤ ਸਿਰਜ ਰਿਹਾ ਹੈ। ਬੱਜਰ ਅਣਗਹਿਲੀ ਦਾ ਸਿਖਰ ਇਹ ਹੈ ਕਿ ਕਬਾੜ ’ਚ ਸੁੱਟੇ ਗੁਰਬਾਣੀ ਪੰਕਤੀਆਂ ਲਿਖੇ ਬੋਰਡਾਂ ਨੇੜੇ ਲੱਗੇ ਨਲਕੇ ਤੋਂ ਮਹਿਕਮੇ ਦੇ ਕਰਮਚਾਰੀਆਂ ਵੱਲੋ ਪਾਣੀ ਪੀਣ ਸਮੇਂ ਜੂਠਾ ਪਾਣੀ ਵੀ ਬੋਰਡਾਂ ’ਤੇ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਵਿਭਾਗ ਦੇ ਆਹਲਾ ਅਧਿਕਾਰੀ ਗਲਤੀ ਦਾ ਅਹਿਸਾਸ ਕਰਦੇ ਹੋਏ ਨੇੜਲੇ ਭਵਿੱਖ ਵਿਚ ਸੁਚੇਤ ਰਹਿਣ ਦੀ ਗੱਲ ਕਰ ਰਹੇ ਹਨ। ਪ੍ਰਤੱਖ ਵੇਖਣ ’ਤੇ ਹਰੀਕੇ ਹੈੱਡ ਵਰਕਸ ਉਪਰ ਬਣੇ ਨਹਿਰੀ ਵਿਭਾਗ ਦੇ ਦਫਤਰ ਪਿੱਛੇ ਕਬਾੜ ਬਣਾ ਕੇ ਰੱਖੇ ਬੋਰਡਾਂ ਉਪਰ ਲਿਖੀ ਗੁਰਬਾਣੀ ’ਤੇ ਪੈ ਰਿਹਾ ਜੂਠਾ ਪਾਣੀ ਕਿਸੇ ਬੇਅਦਬੀ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਦੁੱਖ ਦੀ ਗੱਲ ਇਹ ਵੀ ਹੈ ਕਿ ਬੇਅਦਬੀ ਦਾ ਇਹ ਮਾਮਲਾ ਕਰਮਚਾਰੀਆਂ ਨੇ ਆਪਣੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਾ ਜ਼ਰੂਰੀ ਨਹੀ ਸਮਝਿਆ।
-------
ਨਹਿਰੀ ਵਿਭਾਗ ਦੇ ਚੀਫ ਇੰਜੀਨੀਅਰ ਨਾਲ ਕਰਾਂਗੇ ਗੱਲ : ਚੇਅਰਮੈਨ ਚੀਮਾ
ਇਸ ਸਬੰਧੀ ਜਲ ਸਰੋਤ ਵਿਭਾਗ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਸਤਿਕਾਰ ਲਈ ਹਰੇਕ ਮਨੁੱਖ ਦਾ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਵਿਭਾਗ ਵੱਲੋਂ ਕੀਤੀ ਇਸ ਗਲਤੀ ਲਈ ਚੀਫ ਇੰਜੀਨੀਅਰ ਨਾਲ ਗੱਲ ਕਰਨਗੇ। ਜਦੋਂਕਿ ਐਕਸੀਅਨ ਸੰਦੀਪ ਕੰਬੋਜ ਨੇ ਕਿਹਾ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ, ਜਿਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।
ਜ਼ਿੰਮੇਵਾਰ ਅਧਿਕਾਰੀਆਂ ਨੂੰਤਲਬ ਕੀਤਾ ਜਾਵੇਗਾ : ਜਥੇਦਾਰ ਗੜਗੱਜ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਮੰਦਭਾਗਾ ਤੇ ਨਾਬਖਸ਼ਣ ਯੋਗ ਹੈ। ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਤਲਬ ਕਰਕੇ ਕਾਨੂੰਨੀ ਕਾਰਵਾਈ ਦਾ ਪ੍ਰਕਰਣ ਆਰੰਭ ਕੀਤਾ ਜਾਵੇਗਾ, ਤਾਂ ਜੋ ਭਵਿੱਖ ਵਿਚ ਕੋਈ ਸਰਕਾਰੀ ਅਫਸਰ ਬੱਜਰ ਗਲਤੀ ਨਾ ਕਰੇ।