- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਵਿਰੋਧੀ ਯਾਤਰਾ ’ਚ ਹੋਏ ਨੌਜਵਾਨਾਂ ਦੇ ਇਕੱਠ ਨੇ ਦਿੱਤਾ ਬਦਲਾਅ ਦਾ ਸੰਦੇਸ਼- ਭਗਵਾਨ ਕਾਜ਼ੀਕੋਟ

ਨਸ਼ਾ ਵਿਰੋਧੀ ਯਾਤਰਾ ’ਚ ਹੋਏ ਨੌਜਵਾਨਾਂ ਦੇ ਇਕੱਠ ਨੇ ਦਿੱਤਾ ਬਦਲਾਅ ਦਾ ਸੰਦੇਸ਼- ਭਗਵਾਨ ਕਾਜ਼ੀਕੋਟ
ਕਿਹਾ ਪੰਜਾਬ ਅਤੇ ਕੌਮ ਦੀ ਚੜ੍ਹਦੀਕਲਾ ਲਈ ਨੌਜਵਾਨਾਂ ਨੂੰ ਸੰਗਠਿਤ ਕਰਨਾ ਸਮੇਂ ਦੀ ਲੋੜ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਕੱਢੀ ਰੈਲੀ ’ਚ ਵੱਡੀ ਗਿਣਤੀ ਨੌਜਵਾਨਾਂ ਦੇ ਠਾਠਾਂ ਮਾਰਦੇ ਵਿਸ਼ਾਲ ਇਕੱਠ ਨੇ ਜਿਥੇ ਬਦਲਾਅ ਦਾ ਸੰਦੇਸ਼ ਦਿੱਤਾ ਹੈ। ਉਥੇ ਹੀ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਯੂਥ ਸੰਗਠਿਤ ਹੋਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ। ਇਹ ਪ੍ਰਗਟਾਵਾ ਕੌਂਸਲਰ ਭਗਵਾਨ ਸਿੰਘ ਕਾਜ਼ੀਕੋਟ ਨੇ ਉਕਤ ਜਾਗਰੂਕਤਾ ਰੈਲੀ ਦੀ ਅਗਵਾਈ ਕਰਦਿਆਂ ਕੀਤਾ।
ਭਗਵਾਨ ਸਿੰਘ ਕਾਜ਼ੀਕੋਟ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਦੀ ਅਸਲ ਤਾਕਤ ਨੌਜਵਾਨ ਵਰਗ ਹੈ ਅਤੇ ਇਸ ਤਾਕਤ ਨੂੰ ਸਹੀ ਦਿਸ਼ਾ ਦੇ ਕੇ ਸਮਾਜ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਫੈਲਾਉਣ, ਯੂਥ ਸ਼ਕਤੀ ਨੂੰ ਸੰਗਠਿਤ ਕਰਨ ਅਤੇ ਪੰਜਾਬ ਤੇ ਕੌਮ ਦੀ ਚੜ੍ਹਦੀ ਕਲਾ ਲਈ ਨੌਜਵਾਨਾਂ ਨੂੰ ਅੱਗੇ ਲਿਆਉਣਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ।
ਭਗਵਾਨ ਸਿੰਘ ਕਾਜ਼ੀਕੋਟ ਨੇ ਕਿਹਾ ਕਿ ਅੱਜ ਨੌਜਵਾਨਾਂ ਨੇ ਇਕ ਛੋਟੇ ਜਿਹੇ ਸੱਦੇ ’ਤੇ ਵੱਡੀ ਤਾਦਾਦ ਵਿਚ ਇਕੱਠੇ ਹੋ ਕੇ ਜੋ ਭਰੋਸਾ ਅਤੇ ਵਿਸ਼ਵਾਸ ਪ੍ਰਗਟਾਇਆ ਹੈ, ਉਹ ਆਉਣ ਵਾਲੇ ਸਮੇਂ ਲਈ ਇਕ ਨਵੀਂ ਉਮੀਦ ਅਤੇ ਨਵੀਂ ਸ਼ੁਰੂਆਤ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਹ ਇਕੱਠ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਨੌਜਵਾਨਾਂ ਦੇ ਜਾਗਣ ਅਤੇ ਆਪਣੇ ਹੱਕਾਂ, ਸਮਾਜ ਅਤੇ ਪੰਜਾਬ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ ਦਾ ਇਕ ਵੱਡਾ ਅਭਿਆਨ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਵੀਂ ਸੇਧ ਦੇ ਕੇ ‘ਜਾਗਦਾ ਪੰਜਾਬ’ ਦੀ ਸੋਚ ਦਾ ਧਾਰਨੀ ਬਣਾਇਆ ਜਾਵੇਗਾ, ਤਾਂ ਜੋ ਉਹ ਆਪਣੇ ਪਿੰਡਾਂ, ਸ਼ਹਿਰਾਂ ਅਤੇ ਸਮਾਜ ਦੀ ਤਰੱਕੀ ਵਿਚ ਸਰਗਰਮ ਭੂਮਿਕਾ ਨਿਭਾ ਸਕਣ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨੌਜਵਾਨਾਂ ਦੇ ਸਹਿਯੋਗ ਨਾਲ ਹਲਕਾ ਤਰਨਤਾਰਨ ਨੂੰ ਵਿਕਾਸ, ਭਾਈਚਾਰੇ ਅਤੇ ਨਵੀਂ ਸੋਚ ਦਾ ਮਾਡਲ ਹਲਕਾ ਬਣਾਇਆ ਜਾਵੇਗਾ।
ਭਗਵਾਨ ਸਿੰਘ ਕਾਜ਼ੀਕੋਟ ਨੇ ਕਿਹਾ ਕਿ ਅੱਜ ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਉਸਦਾ ਹੱਕ ਮਿਲੇ ਅਤੇ ਆਮ ਲੋਕਾਂ ਵਿੱਚੋਂ ਡਰ ਦਾ ਮਾਹੌਲ ਖਤਮ ਹੋਵੇ। ਨੌਜਵਾਨਾਂ ਨੂੰ ਰੁਜ਼ਗਾਰ ਤੇ ਤਰੱਕੀ ਦੇ ਮੌਕੇ ਮਿਲਣ। ਅਜਿਹਾ ਮਾਹੌਲ ਸਿਰਜਣ ਲਈ ਉਹ ਹਮੇਸ਼ਾ ਵਚਨਬੱਧ ਤੇ ਦ੍ਰਿੜ ਸੰਕਲਪ ਰਹਿਣਗੇ। ਅਖੀਰ ਵਿਚ ਉਨ੍ਹਾਂ ਨੇ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਸਮਾਜ ਸੇਵਾ, ਨਸ਼ਾ ਮੁਕਤੀ, ਭਾਈਚਾਰਕ ਏਕਤਾ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦਾ ਪ੍ਰਣ ਦਿਵਾਇਆ। ਇਹ ਜਾਗਰੂਕਤਾ ਰੈਲੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਪੁੱਜੀ। ਜਿਥੇ ਧਾਰਮਿਕ ਕਮੇਟੀ ਵੱਲੋਂ ਭਗਵਾਨ ਸਿੰਘ ਕਾਜ਼ੀਕੋਟ ਸਮੇਤ ਹੋਰ ਸ਼ਖਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਨਜਿੰਦਰ ਸਿੰਘ ਕਲੇਰ, ਸਰਬਜੀਤ ਸਿੰਘ ਬੈਂਕਾ, ਸੋਨੂੰ ਪੰਡੋਰੀ, ਦਮਨ ਝਬਾਲ, ਰੁਪਿੰਦਰ ਸਿੰਘ ਪ੍ਰਧਾਨ ਦੁਕਾਨਦਾਰ ਯੂਨੀਅਨ, ਇੰਦਰਜੀਤ ਸਿੰਘ ਕਾਜੀਕੋਟ, ਬੱਬੂ ਤਰਨਤਾਰਨ, ਬਿੱਲਾ ਸੰਧੂ, ਫੌਜੀ ਕੈਰੋਂਵਾਲ, ਰਾਜਬੀਰ ਸਿੰਘ ਕਸੇਲ, ਰਾਜਬੀਰ ਸਿੰਘ ਭੁੱਚਰ, ਅਮਰਜੀਤ ਸਿੰਘ ਨੂਰਦੀ, ਰਾਮ ਸਿੰਘ ਕੋਟ ਧਰਮ ਚੰਦ, ਹਰਪ੍ਰੀਤ ਸਿੰਘ ਨਿੱਕਾ ਕੋਟ, ਕੈਪਟਨ ਜਵੈਲਰਜ਼ ਝਬਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।