ਕਸੂਰ ਬ੍ਰਾਂਚ ਲੋਅਰ ਨਹਿਰ ’ਚ ਹਾਈਵੇ ਦੇ ਪੁਲ ਕੋਲ ਰਸੂਲਪੁਰ ’ਚ ਪਿਆ ਪਾੜ
ਕਸੂਰ ਬ੍ਰਾਂਚ ਲੋਅਰ ਨਹਿਰ ’ਚ ਹਾਈਵੇ ਦੇ ਪੁਲ ਕੋਲ ਰਸੂਲਪੁਰ ’ਚ ਪਿਆ ਪਾੜ
Publish Date: Sun, 21 Jun 2026 07:57 PM (IST)
Updated Date: Mon, 22 Jun 2026 04:13 AM (IST)

ਜੰਗਲਾਤ ਵਿਭਾਗ ਦੀ ਜ਼ਮੀਨ ’ਚ ਜਮ੍ਹਾਂ ਹੋਣ ਲੱਗਾ ਤੇਜ਼ ਰਫਤਾਰ ਨਾਲ ਪਾਣੀ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ, ਪਾਣੀ ਘੱਟ ਕਰਨ ਦਾ ਦਾਅਵਾ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ-ਬਠਿੰਡਾ ਨੈਸ਼ਨਲ ਹਾਈਵੇ-54 ’ਤੇ ਪੈਂਦੇ ਪਿੰਡ ਰਸੂਲਪੁਰ ਨੇੜੇ ਕੇਬੀਐੱਲ ‘ਕਸੂਰ ਬ੍ਰਾਂਚ ਲੋਅਰ’ ਨਹਿਰ ਵਿਚ ਐਤਵਾਰ ਸਵੇਰੇ ਅਚਾਨਕ ਵੱਡਾ ਪਾੜ ਪੈ ਗਿਆ। ਜਿਸਦੇ ਚੱਲਦਿਆਂ ਇਲਾਕੇ ਦੇ ਲੋਕਾਂ ਅੰਦਰ ਚਿੰਤਾ ਦਾ ਮਾਹੌਲ ਬਣ ਗਿਆ। ਪਾੜ ਪੈਣ ਨਾਲ ਨਹਿਰ ਦਾ ਪਾਣੀ ਤੇਜ਼ੀ ਨਾਲ ਬਾਹਰ ਨਿਕਲਦਾ ਹੋਇਆ ਨਹਿਰ ਦੇ ਨਾਲ ਲੱਗਦੀ ਜੰਗਲਾਤ ਵਿਭਾਗ ਦੀ ਜ਼ਮੀਨ ’ਚ ਵੱਡੀ ਮਾਤਰਾ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਨਹਿਰ ਦਾ ਕਿਨਾਰਾ ਟੁੱਟਣ ਦਾ ਪਤਾ ਚੱਲਦਿਆਂ ਹੀ ਇਲਾਕੇ ਦੇ ਕਿਸਾਨ ਅਤੇ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋਣੇ ਸ਼ੁਰੂ ਗਏ। ਲੋਕਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੈ, ਜਿਸ ਕਾਰਨ ਹਾਲਾਤ ਗੰਭੀਰ ਬਣ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪਾੜ ਨੂੰ ਬੰਦ ਨਾ ਕੀਤਾ ਗਿਆ ਤਾਂ ਪਾਣੀ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਉੱਛਲ ਕੇ ਨੇੜਲੇ ਖੇਤਾਂ ਵਿਚ ਦਾਖ਼ਲ ਹੋ ਸਕਦਾ ਹੈ, ਜਿਸ ਨਾਲ ਝੋਨੇ, ਝੋਨੇ ਦੀ ਪਨੀਰੀ ਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਝੋਨੇ ਦੀ ਫ਼ਸਲ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਖੇਤਾਂ ਵਿਚ ਨਵੀਂ ਫਸਲ ਲਗਾਈ ਗਈ ਹੈ। ਅਜਿਹੇ ਵਿਚ ਜੇਕਰ ਨਹਿਰ ਦਾ ਪਾਣੀ ਖੇਤਾਂ ’ਚ ਦਾਖ਼ਲ ਹੋ ਗਿਆ ਤਾਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਪਾੜ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ, ਤਾਂ ਜੋ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ। ਕੁਝ ਕਿਸਾਨਾਂ ਨੇ ਦੱਸਿਆ ਕਿ ਅਲਾਦੀਨਪੁਰ ਵਾਲਾ ਸੂਆ ਟੁੱਟਣ ਕਾਰਨ, ਉਸ ਵਿਚ ਜਾਣ ਵਾਲਾ ਪਾਣੀ ਰੋਕਿਆ ਗਿਆ ਸੀ, ਜਿਸ ਕਰਕੇ ਕੇਬੀਐੱਲ ਵਿਚ ਪਾਣੀ ਵਧ ਗਿਆ। ਜਿਸਦਾ ਦਬਾਅ ਨਹਿਰ ਦਾ ਕਿਨਾਰਾ ਝੱਲ ਨਹੀਂ ਸਕਿਆ ਅਤੇ ਟੁੱਟ ਗਿਆ। ਕਿਸਾਨਾਂ ਨੇ ਕਿਹਾ ਕਿ ਬੇਸ਼ੱਕ ਪਾਣੀ ਅਜੇ ਤਕ ਜੰਗਲਾਤ ਵਿਭਾਗ ਦੀ ਜਗ੍ਹਾ ਤਕ ਹੀ ਸੀਮਤ ਹੈ। ਪਰ ਜੇਕਰ ਵਹਾਅ ਨਾ ਰੁਕਿਆ ਤਾਂ ਇਹ ਪਾਣੀ ਖੇਤਾਂ ਤਕ ਵੀ ਮਾਰ ਕਰ ਸਕਦਾ ਹੈ। ਉੱਧਰ ਨਹਿਰ ਟੁੱਟਣ ਦੀ ਜਾਣਕਾਰੀ ਮਿਲਣ ਉਪਰੰਤ ਨਹਿਰੀ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪਾਣੀ ਦੇ ਵਹਾਅ ਨੂੰ ਘੱਟ ਕਰਨ ਲਈ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਹਾਈਵੇ ’ਤੇ ਬਣਿਆ ਪੁਲ ਕਾਫੀ ਨੀਵਾਂ ਬਣਾਇਆ ਗਿਆ ਹੈ। ਜਿਸਦੇ ਚੱਲਦਿਆਂ ਪਾਣੀ ਦੀ ਡਾਫ ਲੱਗਦੀ ਹੈ ਤੇ ਇਸੇ ਕਾਰਨ ਹੀ ਕਿਨਾਰੇ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਣੀ ਨੇ ਕਿਸੇ ਖੇਤ ਤਕ ਮਾਰ ਨਹੀਂ ਕੀਤੀ ਹੈ ਅਤੇ ਵਹਾਅ ਨੂੰ ਘੱਟ ਕੀਤਾ ਜਾ ਰਿਹਾ ਹੈ। ਨਹਿਰੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਲੋੜੀਂਦਾ ਸਾਮਾਨ ਮੌਕੇ ’ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਰਾਜਬਾਹੇ ਨੂੰ ਸਵੇਰੇ ਨੁਕਸਾਨ ਪੁੱਜਾ ਸੀ, ਉਸਦੇ ਪਾੜ ਨੂੰ ਵੀ ਭਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਪਾੜ ਨਾਲ ਖੇਤੀਬਾੜੀ ਵਾਲੇ ਕੁਝ ਰਕਬੇ ਵਿਚ ਪਾਣੀ ਗਿਆ ਹੈ, ਪਰ ਹੁਣ ਉਸ ਰਾਜਬਾਹੇ ਦਾ ਵਹਾਅ ਘੱਟ ਕਰ ਕੇ ਪਾੜ ਦੀ ਮੁਰੰਮਤ ਕੀਤੀ ਜਾ ਰਹੀ ਹੈ।