ਵਿਸ਼ਵ ਯੋਗ ਦਿਵਸ ਮੌਕੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਸਮਾਗਮ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਸਮਾਗਮ ਆਯੋਜਿਤ
Publish Date: Sun, 21 Jun 2026 07:13 PM (IST)
Updated Date: Mon, 22 Jun 2026 04:10 AM (IST)

ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਤਰਨਤਾਰਨ ਸਥਿਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ-ਨਾਲ ਬੰਦੀਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ, ਇਸ ਯੋਗ ਸੈਸ਼ਨ ਦੌਰਾਨ ਯੋਗਾ ਟ੍ਰੇਨਰਾਂ ਦੀ ਅਗਵਾਈ ਹੇਠ ਵੱਖ-ਵੱਖ ਯੋਗ ਆਸਨਾਂ ਦਾ ਅਭਿਆਸ ਕਰਵਾਇਆ ਗਿਆ। ਇਸ ਸਮਾਗਮ ਵਿਚ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕਰਨ ਲਈ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਯੋਗ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਹੈ। ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ, ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੀਤੀ ਗਈ ਸ਼ੁਰੂਆਤ ਨੂੰ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਯੋਗ ਅਪਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸਿਹਤਮੰਦ ਅਤੇ ਸੰਤੁਲਿਤ ਜੀਵਨ ਬਤੀਤ ਕਰ ਸਕਣ। ਇਸ ਮੌਕੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਜੋ ਲੋਕ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਨ, ਤਾਂ ਉਹ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਨੇ ਵਿਸ਼ਵ ਪੱਧਰ ’ਤੇ ਯੋਗ ਦੀ ਪ੍ਰਸਿੱਧੀ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਬੰਦੀਆਂ ਵੱਲੋਂ ਵਿਖਾਇਆ ਗਿਆ ਅਨੁਸ਼ਾਸਨ ਇਸ ਗੱਲ ਦਾ ਪ੍ਰਮਾਣ ਹੈ ਕਿ ਯੋਗ ਨੂੰ ਜੀਵਨ ਵਿਚ ਅਪਣਾ ਕੇ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਜੰਟ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੌਰਾਨ ਜੇਲ੍ਹ ਵਿਚ ਚਿੱਤਰਕਲਾ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਬੰਦੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿਚ ਅਭਿਸ਼ੇਕ ਸਿੰਘ ਨੇ ਪਹਿਲਾ, ਰਾਜੇਸ਼ ਨੇ ਦੂਜਾ, ਜਸਵੰਤ ਸਿੰਘ ਸੋਹਲ ਨੇ ਤੀਜਾ ਅਤੇ ਸਿਮਰਨਜੀਤ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕਲਾਕਾਰਾਂ ਨੇ ਐੱਨਸੀਸੀ ਦੀ 1 ਪੰਜਾਬ ਬਟਾਲੀਅਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਕਰਵਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਦੌਰਾਨ ਆਪਣੀਆਂ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ।