ਬੀਐੱਲਏ-1 ਤੇ ਬੀਐੱਲਏ-2 ਲਈ ਓਰੀਐਂਟੇਸ਼ਨ ਟ੍ਰੇਨਿੰਗ ਕੈਂਪ
ਪੱਟੀ ’ਚ ਬੀਐੱਲਏ-1 ਅਤੇ ਬੀਐੱਲਏ-2 ਲਈ ਓਰੀਐਂਟੇਸ਼ਨ ਅਤੇ ਟ੍ਰੇਨਿੰਗ ਕੈਂਪ ਆਯੋਜਿਤ
Publish Date: Sun, 21 Jun 2026 04:35 PM (IST)
Updated Date: Mon, 22 Jun 2026 04:04 AM (IST)

ਵੋਟਰ ਸੂਚੀਆਂ ਦੀ ਸ਼ੁੱਧਤਾ ਲਈ ਬੀਐੱਲਏਜ਼ ਦੀ ਭੂਮਿਕਾ ਅਹਿਮ : ਐੱਸਡੀਐੱਮ ਅਮਨਦੀਪ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐੱਸਆਈਆਰ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ 023 ਪੱਟੀ ਦੇ ਬੂਥ ਲੈਵਲ ਏਜੰਟਾਂ ਬੀਐੱਲਏ-1 ਅਤੇ ਬੀਐੱਲਏ-2 ਲਈ ਓਰੀਐਂਟੇਸ਼ਨ ਅਤੇ ਟ੍ਰੇਨਿੰਗ ਕੈਂਪ ਲਾਇਆ ਗਿਆ। ਇਹ ਕੈਂਪ ਐੱਸਡੀਐੱਮ ਪੱਟੀ ਅਮਨਦੀਪ ਦੀਆਂ ਹਦਾਇਤਾਂ ਅਤੇ ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਸੈਂਟਰਲ ਕਾਨਵੈਂਟ ਸਕੂਲ ਪੱਟੀ ਅਤੇ ਬਾਓ ਰਾਮ ਇਕਬਾਲ ਹਾਲ ਵਿਖੇ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨੇ ਹਿੱਸਾ ਲਿਆ। ਕੈਂਪ ਦੀ ਅਗਵਾਈ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਪੱਟੀ ਅਮਨਦੀਪ ਵੱਲੋਂ ਕੀਤੀ ਗਈ, ਜਦਕਿ ਤਹਿਸੀਲਦਾਰ ਪੱਟੀ ਬਲਵਿੰਦਰ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਟ੍ਰੇਨਿੰਗ ਦੌਰਾਨ ਬੀਐੱਲਏਜ਼ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਮੁਹਿੰਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵੋਟਰ ਸੂਚੀਆਂ ਨੂੰ ਹੋਰ ਸਹੀ ਅਤੇ ਪਾਰਦਰਸ਼ੀ ਬਣਾਉਣ ਲਈ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ ਗਿਆ। ਐੱਸਡੀਐੱਮ ਅਮਨਦੀਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸਫ਼ਲਤਾ ਵਿਚ ਬੂਥ ਲੈਵਲ ਏਜੰਟਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਬੀਐੱਲਏਜ਼ ਨੂੰ ਵੋਟਰ ਸੂਚੀਆਂ ਦੀ ਜਾਂਚ, ਨਵੇਂ ਵੋਟਰਾਂ ਦੀ ਰਜਿਸਟਰੇਸ਼ਨ, ਯੋਗਤਾ ਸਬੰਧੀ ਨਿਯਮਾਂ ਅਤੇ ਚੋਣ ਕਮਿਸ਼ਨ ਦੀਆਂ ਤਾਜ਼ਾ ਹਿਦਾਇਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਐੱਲਓਜ਼ ਵੱਲੋਂ ਵੋਟਰਾਂ ਨੂੰ ਵੰਡੇ ਗਏ ਇਨਿਊਮੇਰੇਸ਼ਨ ਫਾਰਮ ਹੁਣ ਇਕੱਠੇ ਕੀਤੇ ਜਾ ਰਹੇ ਹਨ। ਜਿਨ੍ਹਾਂ ਵੋਟਰਾਂ ਦੇ ਫਾਰਮ ਵਾਪਸ ਨਹੀਂ ਆਏ ਜਾਂ ਜਿਨ੍ਹਾਂ ਤਕ ਫਾਰਮ ਨਹੀਂ ਪਹੁੰਚ ਸਕੇ, ਉਨ੍ਹਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਜਾਵੇਗੀ। ਇਹ ਸੂਚੀਆਂ ਰਾਜਨੀਤਿਕ ਪਾਰਟੀਆਂ ਅਤੇ ਬੀਐੱਲਏਜ਼ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਤਾਂ ਜੋ ਉਹ ਸਬੰਧਤ ਵੋਟਰਾਂ ਨਾਲ ਸੰਪਰਕ ਕਰਕੇ ਫਾਰਮ ਭਰਵਾਉਣ ਵਿਚ ਸਹਿਯੋਗ ਦੇ ਸਕਣ। ਐੱਸਡੀਐੱਮ ਅਮਨਦੀਪ ਨੇ ਕਿਹਾ ਕਿ 9 ਜੁਲਾਈ ਰਾਤ 12 ਵਜੇ ਤਕ ਹਰ ਦਰਜ ਵੋਟਰ ਲਈ ਇਨਿਊਮੇਰੇਸ਼ਨ ਫਾਰਮ ਭਰਨਾ ਲਾਜ਼ਮੀ ਹੈ। ਹਰ ਵੋਟਰ ਲਈ ਦੋ ਫਾਰਮ ਹੋਣਗੇ, ਜਿਨ੍ਹਾਂ ਵਿੱਚੋਂ ਇਕ ਬੀਐੱਲਓ ਕੋਲ ਜਮ੍ਹਾਂ ਰਹੇਗਾ ਅਤੇ ਦੂਜਾ ਵੋਟਰ ਕੋਲ ਰਸੀਦ ਵਜੋਂ ਰਹੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੋਟਰ ਖੁਦ ਹਾਜ਼ਰ ਨਹੀਂ ਹੈ ਤਾਂ ਉਸ ਦੇ ਮਾਤਾ-ਪਿਤਾ, ਪਤੀ-ਪਤਨੀ, ਚਾਚਾ, ਤਾਇਆ ਜਾਂ ਹੋਰ ਬਾਲਗ ਰਿਸ਼ਤੇਦਾਰ ਉਸ ਦੀ ਥਾਂ ਫਾਰਮ ’ਤੇ ਦਸਤਖ਼ਤ ਕਰ ਸਕਦੇ ਹਨ। ਕੈਂਪ ਦੌਰਾਨ ਬੀਐੱਲਏਜ਼ ਨੂੰ ਦਸਤਾਵੇਜ਼ਾਂ ਦੀ ਜਾਂਚ, ਫਾਰਮ ਭਰਨ ਦੀ ਪ੍ਰਕਿਰਿਆ, ਮ੍ਰਿਤਕ ਜਾਂ ਸਥਾਨ ਤਬਦੀਲ ਕਰ ਚੁੱਕੇ ਵੋਟਰਾਂ ਦੇ ਵੇਰਵਿਆਂ ਦੀ ਅਪਡੇਟ ਅਤੇ ਯੋਗ ਨਾਗਰਿਕਾਂ ਦੇ ਨਾਮ ਵੋਟਰ ਸੂਚੀ ਵਿਚ ਸ਼ਾਮਿਲ ਕਰਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਵੱਖ-ਵੱਖ ਸੈਸ਼ਨਾਂ ਦੌਰਾਨ ਹਾਜਰ ਏਜੰਟਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਵੀ ਕੀਤਾ ਗਿਆ। ਐੱਸਡੀਐੱਮ ਅਮਨਦੀਪ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੀਐੱਲਏਜ਼ ਰਾਹੀਂ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਵੋਟਰ ਸੂਚੀਆਂ ਦੀ ਸ਼ੁੱਧਤਾ ਲਈ ਪੂਰਾ ਸਹਿਯੋਗ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਐੱਸਆਈਆਰ ਮੁਹਿੰਮ ਸਬੰਧੀ ਪਿੰਡਾਂ ਵਿਚ ਹੋਣ ਵਾਲੀਆਂ ਮੀਟਿੰਗਾਂ ਕਿਸੇ ਵੀ ਧਾਰਮਿਕ ਸਥਾਨ ’ਤੇ ਨਹੀਂ ਕੀਤੀਆਂ ਜਾ ਸਕਦੀਆਂ। ਹਾਂ, ਧਾਰਮਿਕ ਸਥਾਨਾਂ ਤੋਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਅਨਾਊਂਸਮੈਂਟ ਕੀਤੀ ਜਾ ਸਕਦੀ ਹੈ। ਇਸ ਮੌਕੇ ਤਹਿਸੀਲਦਾਰ ਬਲਵਿੰਦਰ ਸ਼ਰਮਾ ਨੂੰ ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਪੱਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਟ੍ਰੇਨਿੰਗ ਕੈਂਪ ਵਿਚ ਮਾਸਟਰ ਟ੍ਰੇਨਰ ਗੁਰਪ੍ਰੀਤ ਪਾਲ, ਪ੍ਰਦੀਪ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ ਅਤੇ ਜਸਪਾਲ ਸਿੰਘ ਨੇ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਸੁਪਰਵਾਈਜ਼ਰ ਗੁਰਪ੍ਰਤਾਪ ਸਿੰਘ ਧਨੋਆ, ਅਮਿਤ ਜੈਨ, ਨਿਰਵੈਲ ਸਿੰਘ, ਕਪਿਲ ਅਭੀ, ਅਸ਼ੋਕ ਕੁਮਾਰ, ਰਵਿੰਦਰ ਸਿੰਘ, ਦਵਿੰਦਰ ਸਿੰਘ ਸੁਪਰਡੈਂਟ, ਪ੍ਰਮਜੀਤ ਸਿੰਘ, ਸਾਹਿਲ ਸ਼ਰਮਾ, ਹਰਪ੍ਰੀਤ ਸਿੰਘ, ਸੰਦੀਪ ਕੌਰ ਸਟੈਨੋ ਅਤੇ ਬਲਜਿੰਦਰ ਸਿੰਘ ਸਮੇਤ ਗੁਰਚਰਨ ਸਿੰਘ ਚੰਨ, ਗੁਰਦੇਵ ਸਿੰਘ ਸੋਨੂੰ ਚੀਮਾ, ਰਮਨ ਸ਼ਰਮਾ, ਲਵਲੀ ਅਰੋੜਾ ਕੌਂਸਲਰ, ਰਮਦੀਪ ਸੋਨੂੰ, ਅਮਨ ਰਾੜੀਆਂ, ਬਲਜਿੰਦਰ ਸਿੰਘ, ਚਾਨਣ ਸਿੰਘ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ।