- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਅੰਦਰ ਵੱਧ ਰਹੀ ਟ੍ਰੈਫਿਕ ਸਮੱਸਿਆ ਅਤੇ ਲੋਕ ਮੁੱਦਿਆਂ ਦੇ ਹੱਲ ਲਈ ਕ੍ਰਾਈਮ ਐਂਡ ਕੁਰੱਪਸ਼ਨ ਰਿਫੋਰਮਸ ਆਰਗਨਾਈਜੇਸ਼ਨ ਦੀ ਅਹਿਮ ਮੀਟਿੰਗ

ਇਲਾਕੇ ਅੰਦਰ ਵੱਧ ਰਹੀ ਟ੍ਰੈਫਿਕ ਸਮੱਸਿਆ ਅਤੇ ਲੋਕ ਮੁੱਦਿਆਂ ’ਤੇ ਕੀਤੀ ਚਰਚਾ
ਬੱਲੂ ਮਹਿਤਾ, •ਪੰਜਾਬੀ ਜਾਗਰਣ,
ਪੱਟੀ : ਕ੍ਰਾਈਮ ਐਂਡ ਕੁਰੱਪਸ਼ਨ ਰਿਫੋਰਮਸ ਆਰਗਨਾਈਜੇਸ਼ਨ ਪੰਜਾਬ ਆਲ ਇੰਡੀਆ ਗੌਰਮੈਂਟ ਰਜਿਸਟਰਡ ਦੇ ਕੌਮੀ ਪ੍ਰਧਾਨ ਰਾਮ ਸਰੂਪ ਗਰਗ ਦੇ ਨਿਯਮਾਂ ਅਧੀਨ ਅਤੇ ਪੰਜਾਬ ਪ੍ਰਧਾਨ ਬਲਵੰਤ ਸਿੰਘ ਬੰਟੀ ਦੀ ਅਗਵਾਈ ਹੇਠ ਪੱਟੀ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਜੀਤ ਸਿੰਘ ਚੌਹਾਨ ਦੀ ਦੁਕਾਨ ਵਿਖੇ ਹੋਈ, ਜਿਸ ਦੌਰਾਨ ਇਲਾਕੇ ਦੀਆਂ ਜਨਤਕ ਸਮੱਸਿਆਵਾਂ ਅਤੇ ਲੋਕ ਭਲਾਈ ਨਾਲ ਸਬੰਧਤ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਬਲਵੰਤ ਸਿੰਘ ਬੰਟੀ ਨੇ ਕਿਹਾ ਕਿ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਟ੍ਰੈਫਿਕ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ’ਤੇ ਲੱਗਣ ਵਾਲੇ ਜਾਮ ਕਾਰਨ ਆਮ ਲੋਕਾਂ, ਵਪਾਰੀਆਂ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੇ ਪੱਕੇ ਹੱਲ ਲਈ ਯੋਜਨਾ ਬੱਧ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਪੱਟੀ-ਤਰਨਤਾਰਨ ਮਾਰਗ ’ਤੇ ਕਈ ਥਾਵਾਂ ’ਤੇ ਡੂੰਘੇ ਅਤੇ ਵੱਡੇ ਟੋਏ ਪਏ ਹੋਏ ਹਨ, ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸੜਕ ਦੀ ਖਸਤਾ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਰਸਾਤ ਦੇ ਦਿਨਾਂ ਵਿਚ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੜਕ ਦੀ ਮੁਰੰਮਤ ਕਰਕੇ ਟੋਏ ਭਰੇ ਜਾਣ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਜੀਤ ਸਿੰਘ ਚੌਹਾਨ ਨੇ ਕਿਹਾ ਕਿ ਸ਼ਹਿਰ ਅੰਦਰ ਕਈ ਸਟਰੀਟ ਲਾਈਟਾਂ ਲੰਬੇ ਸਮੇਂ ਤੋਂ ਬੰਦ ਪਈਆਂ ਹਨ, ਜਿਸ ਕਾਰਨ ਰਾਤ ਸਮੇਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਨੇਰੇ ਕਾਰਨ ਚੋਰੀਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਉਨ੍ਹਾਂ ਨਗਰ ਕੌਂਸਲ ਅਤੇ ਸਬੰਧਤ ਵਿਭਾਗ ਨੂੰ ਬੰਦ ਪਈਆਂ ਸਟਰੀਟ ਲਾਈਟਾਂ ਜਲਦ ਤੋਂ ਜਲਦ ਚਾਲੂ ਕਰਨ ਦੀ ਅਪੀਲ ਕੀਤੀ।
ਪ੍ਰੈਸ ਸੈਕਟਰੀ ਪੰਜਾਬ ਅਮਨ ਸੱਭਰਵਾਲ ਨੇ ਕਿਹਾ ਕਿ ਪੱਟੀ ਤੋਂ ਕਈ ਬੱਸ ਰੂਟ ਲੰਬੇ ਸਮੇਂ ਤੋਂ ਬੰਦ ਪਏ ਹੋਏ ਹਨ, ਜਿਸ ਕਾਰਨ ਵਿਦਿਆਰਥੀਆਂ, ਨੌਕਰੀ ਪੇਸ਼ਾ ਲੋਕਾਂ ਅਤੇ ਆਮ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਬੰਦ ਪਏ ਬੱਸ ਰੂਟਾਂ ਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆਵਾਜਾਈ ਦੀਆਂ ਸੁਵਿਧਾਵਾਂ ਮਿਲ ਸਕਣ।
ਸਲਾਹਕਾਰ ਪੰਜਾਬ ਅੰਗਰੇਜ਼ ਸਿੰਘ ਗੇਜਾ ਨੇ ਕਿਹਾ ਕਿ ਸੰਸਥਾ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤਕ ਪਹੁੰਚਾਉਣ ਲਈ ਵਚਨਬੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਸੰਸਥਾ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਵੇਗੀ।
ਮੀਟਿੰਗ ਦੌਰਾਨ ਪ੍ਰੈਸ ਸੈਕਟਰੀ ਪੰਜਾਬ ਅਮਨ ਸੱਭਰਵਾਲ, ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਸੋਨੂੰ, ਜ਼ਿਲ੍ਹਾ ਵਾਈਸ ਪ੍ਰਧਾਨ ਗੁਰਤੇਜ ਸਿੰਘ, ਸੀਨੀਅਰ ਜ਼ਿਲ੍ਹਾ ਸਲਾਹਕਾਰ ਬਾਊ ਅਸ਼ੋਕ ਕੁਮਾਰ, ਜ਼ਿਲ੍ਹਾ ਸਲਾਹਕਾਰ ਤਰਨ ਪੁਰੀ, ਸੀਨੀਅਰ ਬਲਾਕ ਪ੍ਰਧਾਨ ਵਿਰਸਾ ਸਿੰਘ, ਰੇਸ਼ਮ ਸਿੰਘ, ਨਵਦੀਪ ਸੱਭਰਵਾਲ, ਵਿਕਰਮ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਵਿਕਾਸ ਕਾਰਜਾਂ ਨੂੰ ਗਤੀ ਮਿਲੇ।
ਕੈਪਸ਼ਨ - ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਵੰਤ ਸਿੰਘ ਬੰਟੀ ਅਤੇ ਸਾਥੀ।