- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜਲਸ ਪੰਜਾਬ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਪਿਤਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਜਨਵਾਦੀ ਲਿਖਾਰੀ ਸਭਾ ਮਜਲਸ ਵੱਲੋਂ ਭਾਈ ਮੋਹਨ ਸਿੰਘ ਵੈਦ ਯਾਦਗ਼ਾਰੀ ਲਾਇਬ੍ਰੇਰੀ, ਗੰਢਾਂ ਵਾਲੀ ਧਰਮਸ਼ਾਲਾ, ਤਰਨਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਪਿਤਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਹਰਦਰਸ਼ਨ ਸਿੰਘ ਕਮਲ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ, ਉਨ੍ਹਾਂ ਦੀ ਗੁਰਬਾਣੀ ਬਾਰੇ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੀ ਯਾਦ ਨੂੰ ਤਾਜਾ ਕਰਨ ਲਈ ਪੰਜ ਮਿੰਟ ਤਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰਿਆ ਗਿਆ ਅਤੇ ਉਨ੍ਹਾਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਗਿਆ। ਇਸ ਨਾਲ ਹੀ ਹਰਦਰਸ਼ਨ ਸਿੰਘ ਕਮਲ ਵੱਲੋਂ ਪਿਤਾ ਦਿਵਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿਤਾ ਨੂੰ ਸ਼ਬਦਾਂ ਵਿਚ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ।
\ਪਿਤਾ ਦਾ ਪਿਆਰ ਕਦੇ ਵੀ ਸ਼ਬਦਾਂ ਵਿਚ ਨਹੀਂ ਮਿਲਦਾ, ਉਹ ਤਾਂ ਫੀਸਾਂ ਭਰਨ, ਥੱਕੇ ਹੋਏ ਹੱਥਾਂ ’ਤੇ ਚੁੱਪਚਾਪ ਕੀਤੀਆਂ ਕੁਰਬਾਨੀਆਂ ਵਿਚ ਹੀ ਲੁਕਿਆ ਰਹਿੰਦਾ ਹੈ। ਪਿਤਾ ਉਹ ਥੰਮ ਹੁੰਦਾ ਹੈ, ਜਿਸ ਦੇ ਉਪਰ ਘਰ ਦਾ ਸਾਰਾ ਭਾਰ ਲੱਦਿਆ ਰਹਿੰਦਾ ਹੈ। ਕਮਲ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਜਿਊਂਦੇ ਜੀਅ ਆਪਣੇ ਪਿਤਾ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਪੂਰਨ ਸਤਿਕਾਰ ਕਰਨਾ ਚਾਹੀਦਾ ਹੈ। ਪੰਜਾਬ ਵਿਚ ਬਣ ਰਹੇ ਬਿਰਧ ਆਸ਼ਰਮਾਂ ਬਾਰੇ ਕਮਲ ਨੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਪੰਜਾਬ ਵਿਚ ਬਿਰਧ ਆਸ਼ਰਮਾਂ ਦੀ ਵੱਧ ਰਹੀ ਗਿਣਤੀ ਸਾਡੇ ਲਈ ਸ਼ਰਮ ਦੀ ਗੱਲ ਹੈ। ਇਸ ਸਭਾ ਵਿਚ ਵਿਸ਼ੇਸ਼ ਤੌਰ ’ਤੇ ਜਲੰਧਰ ਤੋਂ ਲਾਲੀ ਕਰਤਾਰਪੁਰੀ ਹੁਰਾਂ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਆਪਣੇ ਕਲਾਮ ਪੜ੍ਹੇ, ਜਿਸ ਨੂੰ ਸੁਣ ਕੇ ਪਾਠਕ ਮੰਤਰ-ਮੁਗਧ ਹੋ ਗਏ।
ਸੋਨੂੰ ਸੁਲਤਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਪਿਤਾ ਦਿਵਸ ਬਾਰੇ ਤਰੰਨਮ ਵਿਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਤਰ੍ਹਾਂ ਨਿਸ਼ਾਨ ਸਿੰਘ, ਦੀਦਾਰ ਸਿੰਘ ਲਾਇਬ੍ਰੇਰੀਅਨ, ਪਰਮਿੰਦਰ ਕੌਰ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਬਿਨ੍ਹੀ ਕਪੂਰ ਵੱਲੋਂ ਧੀ ਬਾਰੇ ਆਪਣੀ ਕਵਿਤਾ ਕਹੀ, ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਸੁਰਿੰਦਰਪਾਲ ਗਿੱਲ ਵੱਲੋਂ ਪਿਤਾ ਦਿਵਸ ਨਾਲ ਸਬੰਧਤ ਕਵਿਤਾ ਕਹੀ ਗਈ ਅਤੇ ਇਸ ਦੇ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਤ ਕਵਿਤਾ ਕਹੀ ਗਈ। ਚਰਨਜੀਤ ਸਿੰਘ ਝਬਾਲ ਅਤੇ ਮਨਦੀਪ ਸਿੰਘ ਰਾਜਨ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਸਮਾਜਿਕ ਕਵਿਤਾਵਾਂ ਪੜ੍ਹੀਆਂ ਗਈਆਂ। ਇਨ੍ਹਾਂ ਕਵਿਤਾਵਾਂ ਨੇ ਕਵੀ ਦਰਬਾਰ ਵਿਚ ਬੈਠੇ ਕਵੀਆਂ ਅਤੇ ਪਾਠਕ ਨੂੰ ਭਾਵੁਕ ਕਰ ਦਿੱਤਾ। ਕੁਲਜੀਤ ਕੌਰ ਮੰਡ ਵੱਲੋਂ ਦੋ ਗ਼ਜ਼ਲਾਂ ਅਤੇ ਦੋਹੇ ਪੜ੍ਹੇ ਗਏ, ਜਿਸ ਵਿਚ ਸਮਾਜ ’ਚ ਫੈਲੀਆਂ ਕੁਰੀਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਗਈ। ਕੁਲਜੀਤ ਕੌਰ ਮੰਡ ਦੀ ਗ਼ਜ਼ਲ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਟੇਜ ਦਾ ਸੰਚਾਲਨ ਹਰਦਰਸ਼ਨ ਸਿੰਘ ਕਮਲ ਵੱਲੋਂ ਕੀਤਾ ਗਿਆ। ਹਰਦਰਸ਼ਨ ਸਿੰਘ ਕਮਲ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਕਵਿਤਾ ਪੜ੍ਹੀ ਅਤੇ ਇਸ ਦੇ ਨਾਲ ਹੀ ਪਿਤਾ ਬਾਰੇ ਵੀ ਕਵਿਤਾ ਪੜ੍ਹੀ ਗਈ। ਇਸ ਤੋਂ ਇਲਾਵਾ ਦੀਦਾਰ ਸਿੰਘ, ਮਨਿੰਦਰਪ੍ਰੀਤ ਸਿੰਘ ਵੱਲੋਂ ਵੀ ਵਿਸ਼ੇਸ਼ ਹਾਜਰੀ ਭਰੀ ਗਈ। ਅੰਤ ਵਿਚ ਸਭਾ ਦੇ ਜਨਰਲ ਸਕੱਤਰ ਹਰਦਰਸ਼ਨ ਸਿੰਘ ਕਮਲ ਵੱਲੋਂ ਆਏ ਹੋਏ ਸਹਿਤਕਾਰਾਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ ਗਿਆ।