ਰਾਮ ਮੰਦਰ ਦੇ ਚੜ੍ਹਾਵੇ ਸਬੰਧੀ ਵਿਵਾਦ ਨਾਲ ਭਗਤਾਂ ਦੀਆਂ ਭਾਵਨਾਵਾਂ ਆਹਤ
ਰਾਮ ਮੰਦਰ ਦੇ ਚੜ੍ਹਾਵੇ ਸਬੰਧੀ ਵਿਵਾਦ ਨਾਲ ਭਗਤਾਂ ਦੀਆਂ ਭਾਵਨਾਵਾਂ ਆਹਤ
Publish Date: Sat, 20 Jun 2026 04:27 PM (IST)
Updated Date: Sun, 21 Jun 2026 04:01 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਸ੍ਰੀ ਰਾਮ ਜਨਮ ਭੂਮੀ ਮੰਦਰ ਅਯੋਧਿਆ ਵਿਚ ਚੜ੍ਹਾਵੇ ਦੇ ਪ੍ਰਬੰਧਨ ਸਬੰਧੀ ਸਾਹਮਣੇ ਆ ਰਹੀਆਂ ਕਥਿਤ ਬੇਨਿਯਮੀਆਂ ਕਾਰਨ ਦੇਸ਼-ਵਿਦੇਸ਼ ਵਿਚ ਵੱਸਦੇ ਕਰੋੜਾਂ ਸ੍ਰੀ ਰਾਮ ਭਗਤਾਂ ਦੀ ਆਸਥਾ ਨੂੰ ਡੂੰਘੀ ਠੇਸ ਪਹੁੰਚੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਰਾਮ ਭਗਤ ਮਾਸਟਰ ਸੁਖਦੇਵ ਰਾਜ ਸ਼ਰਮਾ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਦੇਸ਼ ਭਰ ਦੇ ਲੋਕਾਂ ਨੇ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਆਪਣਾ ਯੋਗਦਾਨ ਪਾਇਆ ਸੀ, ਪਰ ਹੁਣ ਸਾਹਮਣੇ ਆ ਰਹੇ ਵਿਵਾਦਾਂ ਨੇ ਭਗਤਾਂ ਦੇ ਮਨਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਨਵਰੀ 2021 ਵਿਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ, ਅਯੋਧਿਆ ਵੱਲੋਂ ਮੰਦਰ ਨਿਰਮਾਣ ਲਈ ਨਿਧੀ ਸਮਰਪਣ ਸੰਗ੍ਰਹਿ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਤਹਿਤ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਸ੍ਰੀ ਰਾਮ ਭਗਤਾਂ ਨੇ ਬੜੀ ਸ਼ਰਧਾ ਨਾਲ ਆਪਣਾ ਯੋਗਦਾਨ ਦਿੱਤਾ ਸੀ। ਪੱਟੀ ਖੇਤਰ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਸ੍ਰੀ ਲਛਮੀ ਨਾਰਾਇਣ ਮੰਦਰ, ਵੱਡੀ ਮੰਡੀ ਪੱਟੀ ਤੋਂ ਕੀਤੀ ਗਈ ਸੀ ਅਤੇ ਇਸ ਦਾ ਸਮਾਪਨ ਸਾਲ 2021 ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ ਕੀਤਾ ਗਿਆ ਸੀ। ਮਾਸਟਰ ਸੁਖਦੇਵ ਰਾਜ ਸ਼ਰਮਾ ਨੇ ਕਿਹਾ ਕਿ ਪੱਟੀ ਖੇਤਰ ਦੇ ਲੋਕਾਂ ਵੱਲੋਂ ਜੋ ਵੀ ਰਾਸ਼ੀ ਸ਼ਰਧਾ ਅਤੇ ਵਿਸ਼ਵਾਸ ਨਾਲ ਭੇਟ ਕੀਤੀ ਗਈ ਸੀ, ਉਹ ਹਰ ਰੋਜ਼ ਨਿਯਮਤ ਤੌਰ ’ਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰਤ ਖਾਤੇ ਵਿਚ ਜਮ੍ਹਾਂ ਕਰਵਾਈ ਜਾਂਦੀ ਰਹੀ। ਇਸ ਮੁਹਿੰਮ ਦੌਰਾਨ ਸੰਦੀਪ ਪੁਰੀ, ਪ੍ਰਿੰਸੀਪਲ ਦੀਕਸ਼ਿਤ ਕੁਮਾਰ, ਚੰਦਨ ਭਨੋਟ, ਪੰਡਿਤ ਅਮਿਤ ਤਿਵਾੜੀ, ਰਜੇਸ਼ ਭੱਲਾ, ਰਾਜਨ ਟਾਹ, ਹਰੀਸ਼ ਮਰਵਾਹਾ, ਅਰੁਣ ਸ਼ਰਮਾ ਅਤੇ ਨੀਰਜ ਪਾਠਕ ਸਮੇਤ ਰਾਮ ਭਗਤਾਂ ਦੀ ਟੀਮ ਨੇ ਘਰ-ਘਰ ਜਾ ਕੇ ਲੋਕਾਂ ਤੋਂ ਮੰਦਰ ਨਿਰਮਾਣ ਲਈ ਨਿਧੀ ਇਕੱਠੀ ਕੀਤੀ ਸੀ। ਉਨ੍ਹਾਂ ਕਿਹਾ ਕਿ ਮੰਦਰ ਦੇ ਚੜ੍ਹਾਵੇ ਅਤੇ ਪ੍ਰਬੰਧਨ ਸਬੰਧੀ ਉੱਠੇ ਵਿਵਾਦਾਂ ਨੇ ਸਮੁੱਚੇ ਰਾਮ ਭਗਤ ਸਮਾਜ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮੰਦਰ ਨਾਲ ਜੁੜੀ ਹਰ ਗਤੀਵਿਧੀ ਪਾਰਦਰਸ਼ੀ ਅਤੇ ਜਵਾਬਦੇਹ ਹੋਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ। ਸਮੁੱਚੇ ਰਾਮ ਭਗਤਾਂ ਨੇ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਜਲਦ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਕੋਈ ਵੀ ਵਿਅਕਤੀ ਜਾਂ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਮੰਦਰ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ ਜਾਵੇ ਅਤੇ ਲੋੜ ਪੈਣ ਤੇ ਸੇਵਾ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਨਵੀਂ ਪ੍ਰਬੰਧਕ ਟੀਮ ਨਿਯੁਕਤ ਕੀਤੀ ਜਾਵੇ, ਤਾਂ ਜੋ ਕਰੋੜਾਂ ਰਾਮ ਭਗਤਾਂ ਦੀ ਆਸਥਾ ਅਤੇ ਵਿਸ਼ਵਾਸ ਨੂੰ ਮੁੜ ਮਜ਼ਬੂਤ ਕੀਤਾ ਜਾ ਸਕੇ।