ਜੀਵਨ ਜੁਗਤਿ ਸਮਰ ਕੈਂਪ ’ਚ ਦਸਤਾਰ ਸਜਾਉਣ, ਪੇਂਟਿੰਗ ਤੇ ਲਿਖਤੀ ਮੁਕਾਬਲੇ ਕਰਵਾਏ
ਦਸ ਰੋਜ਼ਾ ਜੀਵਨ ਜੁਗਤਿ ਸਮਰ ਕੈਂਪ ਚੜ੍ਹਦੀਕਲਾ ਨਾਲ ਸੰਪੂਰਨ
Publish Date: Sat, 20 Jun 2026 04:22 PM (IST)
Updated Date: Sun, 21 Jun 2026 04:01 AM (IST)

ਕੇਪੀ ਗਿੱਲ, •ਪੰਜਾਬੀ ਜਾਗਰਣ, ਕੈਰੋਂ : ਸਿੱਖੀ ਦੇ ਪ੍ਰਚਾਰ ਅਤੇ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਦੇ ਮੰਤਵ ਨਾਲ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਪ੍ਰਸਿੱਧ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਅਜ਼ੀਜ਼ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਭਾਈ ਭੂਪ ਸਿੰਘ ਜੀ, ਪਿੰਡ ਬਾਹਮਣੀਵਾਲਾ ਵਿਖੇ ਕਰਵਾਇਆ ਗਿਆ ਦਸ ਰੋਜ਼ਾ ਜੀਵਨ ਜੁਗਤਿ ਸਮਰ ਕੈਂਪ ਚੜ੍ਹਦੀ ਕਲਾ ਨਾਲ ਸੰਪੰਨ ਹੋ ਗਿਆ। ਕੈਂਪ ਦੇ ਸਮਾਪਤੀ ਸਮਾਗਮ ਮੌਕੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਦਸਤਾਰ ਸਜਾਉਣ, ਦੁਮਾਲਾ ਸਜਾਉਣ, ਪੇਂਟਿੰਗ ਅਤੇ ਲਿਖਤੀ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਵਿਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸ਼ੀਲਡਾਂ, ਧਾਰਮਿਕ ਸਾਹਿਤ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਕਰਨ ਵਾਲੇ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਹੌਂਸਲਾ ਅਫਜ਼ਾਈ ਦਿੱਤੀ ਗਈ। ਬਾਕੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਦਸਤਾਰ ਕੋਚ ਆਕਾਸ਼ਦੀਪ ਸਿੰਘ, ਵਜ਼ੀਰ ਸਿੰਘ ਆਸਲ, ਗਗਨਦੀਪ ਸਿੰਘ ਭਿੱਖੀਵਿੰਡ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਬੱਚਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ, ਸਿੱਖ ਇਤਿਹਾਸ ਅਤੇ ਸਫ਼ਲ ਜੀਵਨ ਜਿਉਣ ਦੀ ਜੁਗਤ ਬਾਰੇ ਜਾਣਕਾਰੀ ਦਿੱਤੀ। 8 ਜੂਨ ਤੋਂ ਸ਼ੁਰੂ ਹੋਏ ਇਸ ਕੈਂਪ ਦੌਰਾਨ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਵਿਚ ਭਾਈ ਨਿਰਮਲ ਸਿੰਘ ਸੁਰ ਸਿੰਘ, ਭਾਈ ਸੁਖਵਿੰਦਰ ਸਿੰਘ ਖਾਲੜਾ, ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ, ਭਾਈ ਅਵਤਾਰ ਸਿੰਘ ਹੈੱਡ ਗ੍ਰੰਥੀ, ਭਾਈ ਸੁਖਬੀਰ ਸਿੰਘ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ, ਪ੍ਰੋਫੈਸਰ ਗੁਰਸੇਵਕ ਸਿੰਘ ਬੋਪਾਰਾਏ, ਭਾਈ ਨਿਸ਼ਾਨ ਸਿੰਘ ਮਰਗਿੰਦਪੁਰਾ, ਭਾਈ ਜਗਜੀਤ ਸਿੰਘ ਜੱਲੋਕੇ, ਭਾਈ ਜੱਸਾ ਸਿੰਘ ਮਨਿਹਾਲਾ, ਭਾਈ ਸੁਖਚੈਨ ਸਿੰਘ ਬੈਠੇ ਭੈਣੀ, ਗੁਰਬੀਰ ਕੌਰ ਅਤੇ ਰਜਿੰਦਰ ਕੌਰ ਆਦਿ ਨੇ ਬੱਚਿਆਂ ਨੂੰ ਗੁਰਮਤਿ ਜੀਵਨ ਅਤੇ ਇਤਿਹਾਸ ਨਾਲ ਜੋੜਿਆ। ਕੈਂਪ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ, ਬੀਬੀ ਪਰਮਜੀਤ ਕੌਰ, ਡਾ. ਨਿਸ਼ਾਨ ਸਿੰਘ ਮਾਣੋਚਾਹਲ, ਭਾਈ ਸੁਰਜੀਤ ਸਿੰਘ ਭੁੱਚਰ, ਸਰਪੰਚ ਰਣਜੀਤ ਸਿੰਘ, ਭਾਈ ਸਲਵਿੰਦਰ ਸਿੰਘ ਫੌਜੀ, ਭਾਈ ਸੁਖਬੀਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਵੱਲੋਂ ਬੱਚਿਆਂ ਦੇ ਖਾਣ-ਪੀਣ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਨਿਭਾਈਆਂ ਗਈਆਂ। ਪੰਥ ਪ੍ਰਸਿੱਧ ਪ੍ਰਚਾਰਕ ਭਾਈ ਪਲਵਿੰਦਰ ਸਿੰਘ ਅਜ਼ੀਜ਼ ਅਮਰੀਕਾ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸਮੇਂ ਦੀ ਮੁੱਖ ਲੋੜ ਹਨ, ਜੋ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਗੁਰਮਤਿ ਨਾਲ ਜੋੜਦੇ ਹਨ। ਉਨ੍ਹਾਂ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੁਸਾਇਟੀ ਵੱਲੋਂ ਸਰਬ ਕਲਿਆਣ ਸਤਨਾਮ ਟਰੱਸਟ, ਅਧਿਆਪਕ ਗੁਰਬੀਰ ਕੌਰ, ਰਜਿੰਦਰ ਕੌਰ, ਭਾਈ ਤਰਸੇਮ ਸਿੰਘ, ਪੱਤਰਕਾਰ ਕੁਲਦੀਪ ਸਿੰਘ ਕੇਪੀ ਗਿੱਲ ਅਤੇ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਕੈਂਪ ਨੂੰ ਸਫ਼ਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਖਜ਼ਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਦਸਤਾਰ ਕੋਚ ਹਰਪ੍ਰੀਤ ਸਿੰਘ ਪੱਟੀ, ਹਰਜੀਤ ਸਿੰਘ ਲਹਿਰੀ, ਹਰਮਨਦੀਪ ਸਿੰਘ, ਸੁਖਮਨਦੀਪ ਸਿੰਘ, ਹੁਸਨਦੀਪ ਸਿੰਘ ਭਿੱਖੀਵਿੰਡ ਅਤੇ ਰਣਬੀਰ ਸਿੰਘ ਵੀਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਹਿਯੋਗੀ ਸੱਜਣਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਧਾਰਮਿਕ ਸਮਾਗਮਾਂ ਨੂੰ ਨਵੀਂ ਪੀੜ੍ਹੀ ਦੀ ਸਿੱਖਿਆ ਅਤੇ ਚਰਿੱਤਰ ਨਿਰਮਾਣ ਨਾਲ ਜੋੜਿਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੁੜੀਆਂ ਰਹਿਣ। ----- ਇਨ੍ਹਾਂ ਸ਼ਖਸੀਅਤਾਂ ਨੇ ਵੀ ਭਰੀ ਹਾਜ਼ਰੀ ਇਸ ਮੌਕੇ ਜਰਮਨੀ ਤੋਂ ਭਾਈ ਗੁਰਜੰਟ ਸਿੰਘ ਬ੍ਰਹਮਪੁਰਾ ਅਤੇ ਭਾਈ ਗੁਰਜਿੰਦਰ ਸਿੰਘ ਚੰਬਾ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਭਾਈ ਦਲਜੀਤ ਸਿੰਘ, ਮਨਜੋਤ ਸਿੰਘ ਠੱਕਰਪੁਰਾ, ਭਾਈ ਸਰਬਜੋਤ ਸਿੰਘ ਕੈਰੋਂ, ਭਾਈ ਗੁਰਕੀਰਤ ਸਿੰਘ ਨੱਥੂ ਚੱਕ ਅਤੇ ਭਾਈ ਜੱਸਾ ਸਿੰਘ ਮਨਿਹਾਲਾ ਦੇ ਕਵੀਸ਼ਰੀ ਜਥਿਆਂ ਨੇ ਜੋਸ਼ ਭਰਪੂਰ ਕਵੀਸ਼ਰੀ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਸੇਵਾ ਕੀਤੀ ਗਈ, ਜਿਸ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।