- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਕਾਸੀ ਡਰੇਨ ਦੀ ਸਫਾਈ ਨਾ ਹੋਣ ਕਾਰਨ ਕਿਸਾਨ ਚਿੰਤਤ, ਫਸਲਾਂ ਦੇ ਨੁਕਸਾਨ ਦਾ ਖ਼ਦਸ਼ਾ

ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ,
ਝਬਾਲ : ਕਿਸਾਨ ਹਰ ਸਾਲ ਆਪਣੀ ਫਸਲ ਬੀਜਦਿਆਂ ਉਸ ਨਾਲ ਕਈ ਉਮੀਦਾਂ ਜੋੜਦਾ ਹੈ, ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ ਅਤੇ ਹੋਰ ਲੋੜੀਂਦੇ ਖਰਚੇ ਪੂਰੇ ਕਰ ਸਕੇ। ਪਰ ਕਈ ਵਾਰ ਕੁਦਰਤੀ ਆਫ਼ਤਾਂ ਕਾਰਨ ਫਸਲਾਂ ਤਬਾਹ ਹੋ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਰਜ਼ੇ ਦਾ ਬੋਝ ਹੋਰ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ।
ਕਸਬਾ ਝਬਾਲ ਵਿਚੋਂ ਲੰਘਦੀ ਨਿਕਾਸੀ ਡਰੇਨ ਦੀ ਹਰ ਸਾਲ ਸਫ਼ਾਈ ਕੀਤੀ ਜਾਂਦੀ ਹੈ, ਪਰ ਇਸ ਵਾਰ ਅਜੇ ਤਕ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਹੋਈ ਤਾਂ ਡਰੇਨ ਦਾ ਪਾਣੀ ਖੇਤਾਂ ਵਿਚ ਖੜ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀ ਖੜ੍ਹੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਜਾਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਕਸਬਾ ਝਬਾਲ ਦੇ ਕਿਸਾਨ ਦਿਲਬਾਗ ਸਿੰਘ, ਹਰਪਾਲ ਸਿੰਘ, ਹਰਜੀਤ ਸਿੰਘ ਨਾਮਧਾਰੀ, ਸੁਖਰਾਜ ਸਿੰਘ ਢਿੱਲੋਂ, ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਸੁਖਦੇਵ ਸਿੰਘ, ਸ਼ਹਿਬਾਜ ਸਿੰਘ, ਰਣਜੀਤ ਸਿੰਘ, ਮਨਜਿੰਦਰ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਡਰੇਨ ਦੀ ਸਫ਼ਾਈ ਕੀਤੀ ਜਾਂਦੀ ਹੈ, ਪਰ ਇਹ ਕੰਮ ਸਿਰਫ਼ ਰਸਮੀ ਕਾਰਵਾਈ ਤਕ ਹੀ ਸੀਮਤ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡਰੇਨ ਦੀ ਸਫ਼ਾਈ ਢੰਗ ਨਾਲ ਕਰਵਾਈ ਜਾਵੇ, ਤਾਂ ਇਕ-ਦੋ ਸਾਲ ਤਕ ਕੋਈ ਸਮੱਸਿਆ ਪੈਦਾ ਨਹੀਂ ਹੋਵੇਗੀ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਫ਼ਾਈ ਦਾ ਕੰਮ ਕਰਨ ਵਾਲੇ ਠੇਕੇਦਾਰ ਵੀ ਸਿਰਫ਼ ਰਸਮੀ ਤੌਰ ’ਤੇ ਕੰਮ ਕਰਕੇ ਚਲੇ ਜਾਂਦੇ ਹਨ, ਜਿਸ ਕਾਰਨ ਡਰੇਨ ਵਿਚ ਉੱਗਣ ਵਾਲੀ ਬੂਟੀ ਮੁੜ ਜਮ੍ਹਾਂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਰੇਨ ਦੇ ਦੋਵੇਂ ਪਾਸਿਆਂ ਦੀਆਂ ਪਟੜੀਆਂ ਵੀ ਕਈ ਥਾਵਾਂ ਤੋਂ ਖ਼ਤਮ ਹੋ ਚੁੱਕੀਆਂ ਹਨ, ਜੋ ਕਿ ਸਬੰਧਤ ਵਿਭਾਗ ਦੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਡਰੇਨ ਦੀ ਸਫਾਈ ਤੁਰੰਤ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸਫ਼ਾਈ ਨਾ ਹੋਈ ਅਤੇ ਬਰਸਾਤੀ ਪਾਣੀ ਕਾਰਨ ਫਸਲਾਂ ਦਾ ਨੁਕਸਾਨ ਹੋਇਆ, ਤਾਂ ਇਸ ਲਈ ਸਰਕਾਰ ਅਤੇ ਡਰੇਨ ਵਿਭਾਗ ਜ਼ਿੰਮੇਵਾਰ ਹੋਣਗੇ।
----------
ਡਰੇਨ ਦੀ ਸਫ਼ਾਈ ਲਈ ਸਰਕਾਰ ਨੂੰ ਲਿਖਤੀ ਭੇਜਿਆ : ਐਕਸੀਅਨ
ਇਸ ਸਬੰਧੀ ਡਰੇਨੇਜ ਵਿਭਾਗ ਦੇ ਐਕਸੀਅਨ ਸਾਹਿਲ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਡਰੇਨ ਦੀ ਸਫ਼ਾਈ ਲਈ ਸਰਕਾਰ ਨੂੰ ਪਹਿਲਾਂ ਹੀ ਲਿਖਤੀ ਰੂਪ ਵਿਚ ਮੰਗ ਭੇਜੀ ਗਈ ਸੀ, ਪਰ ਫੰਡ ਜਾਰੀ ਨਾ ਹੋਣ ਕਾਰਨ ਕੰਮ ਵਿਚ ਦੇਰੀ ਹੋਈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਸੋਮਵਾਰ ਨੂੰ ਟੈਂਡਰ ਖੋਲ੍ਹੇ ਜਾਣਗੇ। ਇਸ ਤੋਂ ਬਾਅਦ ਜਿਸ ਠੇਕੇਦਾਰ ਨੂੰ ਕੰਮ ਅਲਾਟ ਹੋਵੇਗਾ, ਉਸ ਰਾਹੀਂ ਡਰੇਨ ਦੀ ਸਫ਼ਾਈ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ।