ਰਿਟਾਇਰ ਹੋਏ ਪੈਨਸ਼ਨਰਾਂ ਦੇ ਬਕਾਏ ਦੀ ਅਦਾਇਗੀ ਹੋਵੇ ਜਲਦ
ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਦੇ ਬਕਾਏ ਦੀ ਅਦਾਇਗੀ ਜਲਦ ਸ਼ੁਰੂ ਕੀਤੀ ਜਾਵੇ
Publish Date: Fri, 19 Jun 2026 04:44 PM (IST)
Updated Date: Sat, 20 Jun 2026 04:01 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੇ ਸਮੂਹ ਡੀਡੀਓਜ਼ ਨਿੱਜੀ ਤੌਰ ’ਤੇ ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੇ ਬਕਾਏ ਦੇ ਬਿੱਲ ਤਿਆਰ ਕਰਵਾ ਕੇ ਉਨ੍ਹਾਂ ਦੀ ਅਦਾਇਗੀ ਸ਼ੁਰੂ ਕਰਵਾਉਣ। ਇਹ ਪ੍ਰਗਟਾਵਾ ਗੌਰਮਿੰਟ ਪੈਨਸ਼ਨਰ ਯੂਨੀਅਨ ਤਰਨਤਾਰਨ ਦੇ ਆਗੂਆਂ ਕਰਮ ਸਿੰਘ ਲਾਲਪੁਰਾ ਪ੍ਰਧਾਨ, ਡਾ. ਅਜਮੇਰ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ ਮਾਣੋਚਾਹਲ ਚੇਅਰਮੈਨ, ਕੁਲਵੰਤ ਸਿੰਘ ਕੈਸ਼ੀਅਰ, ਤਰਸੇਮ ਸਿੰਘ ਲਾਲੂ ਘੁੰਮਣ ਪ੍ਰੈੱਸ ਸਕੱਤਰ ਅਤੇ ਇੰਦਰ ਸਿੰਘ ਲੋਹੁਕਾ ਜਥੇਬੰਦਕ ਸਕੱਤਰ ਨੇ ਸਾਂਝੇ ਤੌਰ ’ਤੇ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਈ ਥਾਵਾਂ ’ਤੇ ਸੇਵਾਰਤ ਕਰਮਚਾਰੀਆਂ ਦੇ ਬਕਾਏ ਦੇ ਬਿੱਲ ਤਿਆਰ ਕਰਕੇ ਅਦਾਇਗੀ ਕੀਤੀ ਜਾ ਰਹੀ ਹੈ, ਪਰ ਉਸੇ ਵਿਭਾਗ ਤੋਂ ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਆਪਣੇ ਹੱਕਾਂ ਲਈ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਨਸ਼ਨਰ ਵੀ ਆਪਣੇ-ਆਪਣੇ ਵਿਭਾਗਾਂ ਵਿਚ ਲੰਬੇ ਸਮੇਂ ਤਕ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਮਿਲਣ ਵਾਲਾ ਬਕਾਇਆ ਉਨ੍ਹਾਂ ਦੀ ਕੀਤੀ ਹੋਈ ਸੇਵਾ ਦਾ ਹੱਕ ਹੈ। ਇਸ ਲਈ ਡੀਡੀਓਜ਼ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਜ਼ਿੰਮੇਵਾਰੀ ਲੈਂਦਿਆ ਬਕਾਏ ਦੇ ਬਿੱਲ ਤਿਆਰ ਕਰਵਾ ਕੇ ਅਦਾਇਗੀ ਯਕੀਨੀ ਬਣਾਉਣ, ਜੋ ਕਿ ਸਰਕਾਰੀ ਹਦਾਇਤਾਂ ਅਨੁਸਾਰ ਅਪ੍ਰੈਲ 2026 ਤੋਂ ਸ਼ੁਰੂ ਹੋਣੀ ਸੀ। ਆਗੂਆਂ ਨੇ ਇਹ ਵੀ ਦੱਸਿਆ ਕਿ ਕੁਝ ਡੀਡੀਓਜ਼ ਵੱਲੋਂ ਚਾਰ ਕਿਸ਼ਤਾਂ ਵਿਚ ਦਿੱਤੀ ਜਾਣ ਵਾਲੀ ਲੀਵ ਇਨਕੈਸ਼ਮੈਂਟ ਦੀ ਰਕਮ ਵੀ ਅਜੇ ਤਕ ਕਈ ਪੈਨਸ਼ਨਰਾਂ ਨੂੰ ਨਹੀਂ ਦਿੱਤੀ ਗਈ, ਜਦਕਿ ਇਸ ਦੀ ਪਹਿਲੀ ਕਿਸ਼ਤ ਅਪ੍ਰੈਲ 2025 ਤੋਂ ਦੇਣਯੋਗ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਕਾਏ ਦੀ ਅਦਾਇਗੀ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਵਿਰੁੱਧ ਜਥੇਬੰਦੀ ਦਾ ਇਕ ਡੈਪੂਟੇਸ਼ਨ ਜੁਲਾਈ ਦੇ ਪਹਿਲੇ ਹਫ਼ਤੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲੇਗਾ। ਜੇਕਰ ਇਸ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਹੋਰ ਪੈਨਸ਼ਨਰ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਬਲਬੀਰ ਸਿੰਘ ਮੱਲ੍ਹੀ, ਗੁਰਦੀਪ ਸਿੰਘ ਮਾਣੋਚਾਹਲ ਖੁਰਦ, ਗਿਆਨ ਸਿੰਘ ਪਲਾਸੌਰ, ਸਵਿੰਦਰਪਾਲ ਸਿੰਘ, ਸਰਵਣ ਸਿੰਘ ਮਹਿਮੂਦਪੁਰਾ, ਹਰਜੀਤ ਸਿੰਘ ਜੱਸਲ, ਕਸ਼ਮੀਰ ਸਿੰਘ ਢਿੱਲੋਂ, ਤਰਸੇਮ ਸਿੰਘ ਖੇਤੀਬਾੜੀ ਇੰਸਪੈਕਟਰ, ਵਿਜੇ ਕੁਮਾਰ ਜੋਸ਼ੀ, ਸਕੱਤਰ ਸਿੰਘ ਤੇਜਾ ਸਿੰਘ ਵਾਲਾ, ਅਜਾਇਬ ਸਿੰਘ ਜੀਓਬਾਲਾ, ਗੁਰਭੇਜ ਸਿੰਘ ਕੱਲ੍ਹਾ, ਸੁਖਦੇਵ ਸਿੰਘ ਜੰਗਲਾਤ ਵਾਲਾ, ਹੀਰਾ ਸਿੰਘ ਬੰਗਾਲੀਪੁਰ, ਪ੍ਰਿੰਸੀਪਲ ਦਲਬੀਰ ਸਿੰਘ ਅਤੇ ਚੰਚਲ ਸਿੰਘ ਚਾਹਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।