- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਾਸ ਕਾਰਜਾਂ ’ਚ ਵੱਡੀ ਲਾਪਰਵਾਹੀ, ਨਵੀਂ ਸੜਕ ’ਤੇ ਹੀ ਖੁੱਲ੍ਹੇ ਛੱਡੇ ਮੈਨਹੋਲ, ਵਿਭਾਗ ਇਕ-ਦੂਜੇ ’ਤੇ ਸੁੱਟ ਰਹੇ ਜ਼ਿੰਮੇਵਾਰੀ

ਵਾਰਡ ਨੰਬਰ 16 ਪੱਟੀ ਵਾਰਡ ਏ ਹਾਲ
ਬੱਲੂ ਮਹਿਤਾ, •ਪੰਜਾਬੀ ਜਾਗਰਣ,
ਪੱਟੀ : ਪੱਟੀ ਸ਼ਹਿਰ ਦੇ ਵਾਰਡ ਨੰਬਰ 16 ਅਧੀਨ ਪੈਂਦੇ ਕੁੱਲਾ ਰੋਡ ’ਤੇ ਨਵੀਂ ਸੜਕ ਦਾ ਨਿਰਮਾਣ ਤਾਂ ਕਰ ਦਿੱਤਾ ਗਿਆ ਹੈ, ਪਰ ਸੜਕ ਦੇ ਵਿਚਕਾਰ ਅਤੇ ਕਿਨਾਰਿਆਂ ’ਤੇ ਬਣੇ ਕਈ ਸੀਵਰੇਜ ਮੈਨਹੋਲਾਂ ਉਪਰ ਅਜੇ ਤਕ ਢੱਕਣ ਨਹੀਂ ਲਗਾਏ ਗਏ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ’ਤੇ ਘੱਟੋਂ-ਘੱਟ ਪੰਜ ਅਜਿਹੇ ਸੀਵਰੇਜ ਹੋਲ ਹਨ, ਜਿਨ੍ਹਾਂ ਉਪਰ ਢੱਕਣ ਨਹੀਂ ਹਨ ਅਤੇ ਇਹ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਸਥਾਨਕ ਲੋਕਾਂ ਨੇ ਕਿਹਾ ਕਿ ਕੁੱਲਾ ਰੋਡ ਪੱਟੀ ਦੀ ਇਕ ਮਹੱਤਵਪੂਰਨ ਸੜਕ ਹੈ, ਜਿੱਥੋਂ ਰੋਜ਼ਾਨਾ ਸੈਂਕੜੇ ਵਾਹਨ ਅਤੇ ਪੈਦਲ ਰਾਹਗੀਰ ਲੰਘਦੇ ਹਨ। ਸਵੇਰੇ ਅਤੇ ਸ਼ਾਮ ਦੇ ਸਮੇਂ ਵੱਡੀ ਗਿਣਤੀ ਵਿਚ ਲੋਕ ਸੈਰ ਕਰਨ ਲਈ ਵੀ ਇਸ ਰਸਤੇ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਬੱਚੇ, ਬਜ਼ੁਰਗ ਅਤੇ ਔਰਤਾਂ ਵੀ ਇਸ ਰਸਤੇ ਤੋਂ ਗੁਜ਼ਰਦੀਆਂ ਹਨ। ਅਜਿਹੇ ਵਿਚ ਖੁੱਲ੍ਹੇ ਪਏ ਮੈਨਹੋਲ ਕਿਸੇ ਵੀ ਸਮੇਂ ਕਿਸੇ ਰਾਹਗੀਰ, ਦੋਪਹੀਆ ਵਾਹਨ ਚਾਲਕ ਜਾਂ ਬੱਚੇ ਲਈ ਖ਼ਤਰਾ ਬਣ ਸਕਦੇ ਹਨ।
ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸੜਕ ਬਣਨ ਤੋਂ ਬਾਅਦ ਵੀ ਮੈਨਹੋਲਾਂ ਉਪਰ ਢੱਕਣ ਨਾ ਲਗਾਏ ਜਾਣ ਕਾਰਨ ਕਈ ਵਾਰ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਰਾਤ ਸਮੇਂ ਅਤੇ ਬਰਸਾਤ ਦੇ ਮੌਸਮ ਦੌਰਾਨ ਇਹ ਖੁੱਲ੍ਹੇ ਹੋਲ ਦਿਸਦੇ ਨਹੀਂ, ਜਿਸ ਨਾਲ ਹਾਦਸੇ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਉਹ ਇਸ ਸਬੰਧੀ ਕਈ ਵਾਰ ਸਬੰਧਤ ਵਿਭਾਗਾਂ ਨੂੰ ਜਾਣੂੰ ਕਰਵਾ ਚੁੱਕੇ ਹਨ, ਪਰ ਅਜੇ ਤਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਇਸ ਮਾਮਲੇ ਸਬੰਧੀ ਵਾਰਡ ਦੇ ਕੌਂਸਲਰ ਐਡਵੋਕੇਟ ਜਗਮੀਤ ਸਿੰਘ ਭੁੱਲਰ, ਨਿਸ਼ਾਨ ਸਿੰਘ ਬੁੱਟਰ ਕੌਂਸਲਰ, ਜੇਤਿੰਦਰ ਸਿੰਘ ਜੋਤੀ ਭੁੱਲਰ, ਰਣਬੀਰ ਸਿੰਘ ਰਾਣਾ, ਸੁਖਵਿੰਦਰ ਸਿੰਘ ਮੁੱਛ, ਸਰਬਜੀਤ ਸਿੰਘ, ਸਤਨਾਮ ਸਿੰਘ ਸੱਤਾ ਅਤੇ ਰਣਜੀਤ ਸਿੰਘ ਰਾਣਾ ਬੁੱਟਰ ਨੇ ਵੀ ਇਸ ਗੰਭੀਰ ਸਮੱਸਿਆ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਹੋ ਜਾਣ ਤੋਂ ਬਾਅਦ ਵੀ ਜੇਕਰ ਮੂਲ ਸੁਰੱਖਿਆ ਪ੍ਰਬੰਧ ਪੂਰੇ ਨਹੀਂ ਕੀਤੇ ਜਾਂਦੇ, ਤਾਂ ਵਿਕਾਸ ਕਾਰਜਾਂ ਦਾ ਲੋਕਾਂ ਨੂੰ ਪੂਰਾ ਲਾਭ ਨਹੀਂ ਮਿਲ ਸਕਦਾ। ਇਲਾਕਾ ਨਿਵਾਸੀਆਂ ਨੇ ਵੀ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਪੱਟੀ ਅਤੇ ਪੀਡਬਲਿਊਡੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਮਸਲੇ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਮੈਨਹੋਲਾਂ ’ਤੇ ਢੱਕਣ ਨਾ ਲਗਾਏ ਗਏ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਣਗੇ।
----
ਸਬੰਧਤ ਅਧਿਕਾਰੀਆਂ ਨੂੰ ਕਰਵਾਇਆ ਜਾਣੂੰ : ਐਡਵੋਕੇਟ ਜਗਮੀਤ ਸਿੰਘ ਭੁੱਲਰ
ਐਡਵੋਕੇਟ ਜਗਮੀਤ ਸਿੰਘ ਭੁੱਲਰ ਕੌਂਸਲਰ ਨੇ ਦੱਸਿਆ ਕਿ ਉਹ ਕਈ ਵਾਰ ਨਗਰ ਕੌਂਸਲ ਪੱਟੀ ਦੇ ਕਾਰਜ ਸਾਧਕ ਅਫ਼ਸਰ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲੋਕ ਨਿਰਮਾਣ ਵਿਭਾਗ ਪੀਡਬਲਿਊਡੀ ਦੇ ਐਕਸੀਅਨ, ਐੱਸਡੀਓ ਅਤੇ ਜੇਈ ਨੂੰ ਵੀ ਇਸ ਸਮੱਸਿਆ ਤੋਂ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੀਡਬਲਿਊਡੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਹਿ ਕੇ ਆਪਣਾ ਪੱਖ ਰੱਖਿਆ ਕਿ ਸੀਵਰੇਜ ਮੈਨਹੋਲਾਂ ਉਪਰ ਢੱਕਣ ਲਗਾਉਣ ਦੀ ਜ਼ਿੰਮੇਵਾਰੀ ਨਗਰ ਕੌਂਸਲ ਪੱਟੀ ਦੀ ਬਣਦੀ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀ ਇਸ ਕੰਮ ਦੀ ਜ਼ਿੰਮੇਵਾਰੀ ਪੀਡਬਲਿਊਡੀ ਵਿਭਾਗ ਦੀ ਦੱਸ ਰਹੇ ਹਨ। ਇਸ ਤਰ੍ਹਾਂ ਦੋਵੇਂ ਵਿਭਾਗ ਇਕ-ਦੂਜੇ ਉਪਰ ਜ਼ਿੰਮੇਵਾਰੀ ਸੁੱਟ ਰਹੇ ਹਨ, ਜਦਕਿ ਸਮੱਸਿਆ ਦਾ ਹੱਲ ਅਜੇ ਤਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਬੰਧਤ ਵਿਭਾਗਾਂ ਦੀ ਪਹਿਲੀ ਜ਼ਿੰਮੇਵਾਰੀ ਹੈ, ਪਰ ਇਸ ਮਾਮਲੇ ਵਿਚ ਅਧਿਕਾਰੀ ਆਪਣੀ ਡਿਊਟੀ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ।
-----
ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ, ਤਾਂ ਜ਼ਿੰਮੇਵਾਰੀ ਆਖ਼ਿਰ ਕਿਸ ਦੀ ਹੋਵੇਗੀ?
ਕਾਮਰੇਡ ਮਹਾਂਵੀਰ ਸਿੰਘ ਗਿੱਲ ਨੇ ਕਿਹਾ ਕਿ ਕੁੱਲਾ ਰੋਡ ’ਤੇ ਖੁੱਲ੍ਹੇ ਪਏ ਮੈਨਹੋਲ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਹਰ ਕੋਈ ਇਹੀ ਸਵਾਲ ਪੁੱਛ ਰਿਹਾ ਹੈ ਕਿ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਆਖ਼ਿਰ ਕਿਸ ਦੀ ਹੋਵੇਗੀ। ਲੋਕ ਹੁਣ ਸਬੰਧਤ ਵਿਭਾਗਾਂ ਤੋਂ ਕਾਰਵਾਈ ਦੀ ਉਡੀਕ ਕਰ ਰਹੇ ਹਨ, ਤਾਂ ਜੋ ਇਸ ਸੰਭਾਵਿਤ ਖ਼ਤਰੇ ਨੂੰ ਸਮੇਂ ਸਿਰ ਦੂਰ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਸਾਰੇ ਖੁੱਲ੍ਹੇ ਮੈਨਹੋਲਾਂ ਉਪਰ ਢੱਕਣ ਲਗਾਏ ਜਾਣ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ।