- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਵੇਂ ਪਾਤਿਸ਼ਾਹ ਜੀ ਦੇ ਚੋਹਲਾ ਸਾਹਿਬ ਆਉਣ ਦੀ ਖੁਸ਼ੀ ’ਚ ਸਲਾਨਾ ਨਗਰ ਕੀਰਤਨ ਸਜਾਇਆ

ਲਵਦੀਪ ਦੇਵਗਨ/ਰਾਕੇਸ਼ ਨਈਅਰ, •ਪੰਜਾਬੀ ਜਾਗਰਣ,
ਸਰਹਾਲੀ ਕਲਾਂ/ਚੋਹਲਾ ਸਾਹਿਬ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਗਰ ਸ੍ਰੀ ਚੋਹਲਾ ਸਾਹਿਬ ਵਿਖੇ ਆਉਣ ਦੀ ਖੁਸ਼ੀ ਵਿਚ ਹਰ ਸਾਲ 4 ਹਾੜ ਨੂੰ ਸੰਪ੍ਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਦੇ ਪ੍ਰਬੰਧ ਅਧੀਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਹੈ। ਚੋਹਲਾ ਸਾਹਿਬ ਤਰਨਤਾਰਨ ਸਾਹਿਬ ਜ਼ਿਲ੍ਹੇ ਦਾ ਇਕ ਇਤਿਹਾਸਿਕ ਕਸਬਾ ਹੈ। ਦਿਨੋਂ-ਦਿਨ ਇਹ ਕਸਬਾ ਸ਼ਹਿਰ ਬਣਦਾ ਜਾ ਰਿਹਾ ਹੈ। ਚੋਹਲਾ ਸਾਹਿਬ ਦਾ ਪਹਿਲਾ ਨਾਂ ਭੈਣੀ ਸੀ। ਇਸ ਕਸਬੇ ਦੀ ਪਾਵਨ ਧਰਤੀ ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਜੀ ਦੇ ਮਹਾਨ ਸਿੱਖ ਭਾਈ ਅਦਲੀ ਜੀ ਵੀ ਇਸੇ ਨਗਰ ਦੇ ਵਸਨੀਕ ਸਨ, ਜਿਨ੍ਹਾਂ ਦੀ ਸੰਗਤ ਕਰਨ ਨਾਲ ਬਾਬਾ ਬਿਧੀ ਚੰਦ ਜੀ ਨੇ ਗੁਰਸਿੱਖੀ ਧਾਰਨ ਕੀਤੀ ਸੀ।
ਸਿੱਖ ਇਤਿਹਾਸ ਮੁਤਾਬਿਕ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਸਰਹਾਲੀ ਤੋਂ ਇਥੇ ਪਹੁੰਚੇ, ਤਾਂ ਸੰਗਤਾਂ ਨੇ ਉਨ੍ਹਾਂ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ। ਇਕ ਗੁਰਸਿੱਖ ਮਾਈ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਚੂਰੀ ਛਕਣ ਲਈ ਭੇਟ ਕੀਤੀ ਸੀ, ਉਦੋਂ ਹੀ ਗੁਰੂ ਜੀ ਨੇ ਪ੍ਰਸੰਨ ਹੋ ਕੇ ਪਿੰਡ ਦਾ ਨਾਂ ‘ਚੋਹਲਾ’ ਰੱਖ ਦਿੱਤਾ ਸੀ। ਇਸੇ ਯਾਦ ਨੂੰ ਤਾਜ਼ਾ ਕਰਦਿਆਂ ਏਥੇ ਹਰ ਸਾਲ ਸੰਗਤ ਲਈ ਚੂਰੀ ਦਾ ਲੰਗਰ ਲਗਾਇਆ ਜਾਂਦਾ ਹੈ। ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦਾ ਗੁਰਦੁਆਰਾ ਵੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਲੰਬਾ ਸਮਾਂ ਪਰਿਵਾਰ ਸਮੇਤ ਰਹੇ। ਇਸ ਇਤਿਹਾਸ ਨੂੰ ਯਾਦ ਕਰਦਿਆਂ ਚੋਹਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਲੱਗਦਾ ਹੈ। ਇਹ ਨਗਰ ਕੀਰਤਨ ਸਵੇਰੇ ਦਸ ਵਜੇ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸਰਹਾਲੀ ਸਾਹਿਬ ਤੋਂ ਆਰੰਭ ਹੋਇਆ ਅਤੇ ਗੁਰਦੁਆਰਾ ਚੁਬੱਚਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਦੇ ਰਸਤੇ ਸ਼ਾਮ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਾਤਿਸ਼ਾਹੀ ਪੰਜਵੀਂ ਚੋਹਲਾ ਸਾਹਿਬ ਵਿਖੇ ਸੰਪੂਰਨ ਹੋਇਆ।
ਜ਼ਿਕਰਯੋਗ ਹੈ ਕਿ ਅੱਤ ਦੀ ਗਰਮੀ ਦੇ ਹੁੰਦਿਆਂ ਵੀ ਸੰਗਤਾਂ ਵਿਚ ਭਰਪੂਰ ਸ਼ਰਧਾ, ਉਤਸ਼ਾਹ, ਪ੍ਰੇਮ ਤੇ ਜੋਸ਼ ਵੇਖਣ ਨੂੰ ਮਿਲਿਆ। ਭਾਈ ਗੁਰਬਚਨ ਸਿੰਘ ਸਭਰਾ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਠੰਡੀਆਂ ਮਿੱਠੀਆਂ ਛਬੀਲਾਂ, ਸ਼ਰਬਤ, ਸ਼ਰਦਾਈਆਂ ਦੇ ਨਾਲ ਖੁੱਲ੍ਹੇ ਲੰਗਰਾਂ ਦਾ ਪ੍ਰਬੰਧ ਸੀ। ਚੋਹਲਾ ਸਾਹਿਬ ਪਹੁੰਚਣ ’ਤੇ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਇਸ ਮੌਕੇ ਹਰਜਿੰਦਰ ਸਿੰਘ ਪੱਟੀ ਮੈਨੇਜਰ ਚੋਹਲਾ ਸਾਹਿਬ, ਗੁਰਪ੍ਰੀਤ ਸਿੰਘ ਮੀਤ ਮੈਨੇਜਰ, ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸਰਬਜੀਤ ਸਿੰਘ ਸ਼ੱਬਾ, ਸਰਪੰਚ ਸਾਹਿਬ ਸਿੰਘ, ਚੇਅਰਮੈਨ ਗੁਰਮਹਾਂਵੀਰ ਸਿੰਘ ਸੰਧੂ, ਅਰਜਨ ਸਿੰਘ ਸੰਧੂ ਸਮਾਜ ਸੇਵੀ, ਅਵਤਾਰ ਸਿੰਘ ਬਿੱਲਾ ਸ਼ੇਰੋਂ, ਸਿਕੰਦਰ ਸਿੰਘ ਵਰਾਣਾ, ਢਿਲੋਂ ਖੇਤੀ ਸਟੋਰ ਵਾਲੇ, ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ, ਜਥੇਦਾਰ ਹਿੰਮਤ ਸਿੰਘ, ਜਥੇਦਾਰ ਥੱਲਬੀਰ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ ਭਾਈ, ਜਥੇਦਾਰ ਹਰੀ ਸਿੰਘ, ਜਥੇਦਾਰ ਲਖਵਿੰਦਰ ਸਿੰਘ ਗੋਲਡੀ, ਜਥੇਦਾਰ ਹੀਰਾ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਮਿਲਖਾ ਸਿੰਘ, ਜਥੇਦਾਰ ਸ਼ਬਦਲ ਸਿੰਘ, ਮਲਕੀਤ ਸਿੰਘ ਭੌਰਾ ਅਤੇ ਹੋਰ ਬੇਅੰਤ ਗੁਰਸਿੱਖ ਪਤਵੰਤੇ ਨਗਰ ਕੀਰਤਨ ਵਿਚ ਹਾਜ਼ਰ ਹੋਏ।