ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Thu, 18 Jun 2026 07:25 PM (IST)
Updated Date: Fri, 19 Jun 2026 04:10 AM (IST)

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਪੰਚਮ ਪਾਤਿਸ਼ਾਹ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਵੀਰਵਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕਥਾ ਵਾਚਕ ਭਾਈ ਹੀਰਾ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸੰਗਤੀ ਰੂਪ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ। ਜਦੋਂਕਿ ਦੀਵਾਨ ਹਾਲ ਵਿਚ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ਜਥਿਆਂ ਨੇ ਸੰਗਤ ਨੂੰ ਹਰਿ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਵੇਰੇ ਤੜਕੇ ਤੋਂ ਹੀ ਵੱਡੀ ਗਿਣਤੀ ਸੰਗਤ ਗੁਰੂ ਘਰ ਪੁੱਜਣੀ ਸ਼ੁਰੂ ਹੋ ਗਈ ਅਤੇ ਸਾਰਾ ਦਿਨ ਸ਼ਰਧਾਲੂਆਂ ਦੀ ਆਮਦ ਗੁਰੂ ਘਰ ਹੁੰਦੀ ਰਹੀ। ਸਵੇਰੇ 8 ਤੋਂ ਰਾਤ 10 ਵਜੇ ਤਕ ਦੀਵਾਨ ਹਾਲ ਵਿਚ ਸਜੇ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ, ਬਾਬਾ ਬੁੱਢਾ ਸਾਹਿਬ ਜੀ ਕੀਰਤਨੀ ਜਥਾ, ਮਾਤਾ ਗੰਗਾ ਜੀ ਕੀਰਤਨੀ ਜਥਾ, ਭਾਈ ਲਵਦੀਪ ਸਿੰਘ, ਭਾਈ ਨਿਸ਼ਾਨ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਕਵੀਸ਼ਲ ਲਖਵਿੰਦਰ ਸਿੰਘ ਦਰਦੀ ਦਾ ਜਥਾ, ਭਾਈ ਹੀਰਾ ਸਿੰਘ ਕਥਾ ਵਾਚਕ, ਭਾਈ ਸੰਦੀਪ ਸਿੰਘ, ਭਾਈ ਮਨਦੀਪ ਸਿੰਘ ਦਾ ਜਥਾ, ਬੀਬੀ ਸੁਪ੍ਰੀਤ ਕੌਰ ਸ਼ੇਰੋਂ ਵਾਲਿਆਂ ਦਾ ਜਥਾ, ਭਾਈ ਸਤਪਾਲ ਸਿੰਘ ਐੱਮਏ ਢਾਡੀ ਜਥਾ, ਭਾਈ ਗੁਰਚਰਨ ਸਿੰਘ ਹੈਪੀ, ਭਾਈ ਅੰਮ੍ਰਿਤਪਾਲ ਸਿੰਘ ਢੱਪਈ, ਭਾਈ ਲਵਦੀਪ ਸਿੰਘ, ਭਾਈ ਦਵਿੰਦਰ ਸਿੰਘ ਸੋਨੂੰ ਅਤੇ ਭਾਈ ਰਵਿੰਦਰਪਾਲ ਸਿੰਘ ਲੁਧਿਆਣੇ ਵਾਲੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ। ਇਸ ਤੋਂ ਇਲਾਵਾ ਸੰਗਤ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤੇ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸੀਸ ਨਿਵਾਇਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਥੇ ਹੀ ਮਨਬਿਰਤੀ ਇਕਾਗਰ ਕਰਕੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਸਾਰਾ ਦਿਨ ਹਜ਼ੂਰੀ ਰਾਗੀ ਜਥਿਆਂ ਵੱਲੋਂ ਸੰਗਤ ਨੂੰ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਦੀ ਆਦਮ ਦੇ ਮੱਦੇ ਨਜ਼ਰ ਸ੍ਰੀ ਦਰਬਾਰ ਸਾਹਿਬ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਪੁਖਤਾ ਢੰਗ ਨਾਲ ਕੀਤੇ ਗਏ ਸਨ। ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਗੁਰਦੁਆਰਾ ਇੰਸਪੈਕਟਰ ਜਗਜੀਤ ਸਿੰਘ, ਭਗਵੰਤ ਸਿੰਘ ਕਾਹਲਵਾਂ ਐਡੀਸ਼ਨਲ ਮੈਨੇਜਰ, ਦਿਲਬਾਗ ਸਿੰਘ ਅਕਾਊਟੈਂਟ, ਸੁਰਿੰਦਰ ਸਿੰਘ ਖਜਾਨਚੀ, ਰਣਜੀਤ ਸਿੰਘ ਰਿਕਾਰਡ ਕੀਪਰ ਆਦਿ ਸਮੇਤ ਸਮੂਹ ਸਟਾਫ਼, ਸਭਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਸੰਗਤ ਹਾਜ਼ਰ ਸੀ।