- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਦੀ ਲਾਗਤ ਨਾਲ ਬਣੇ ਰਸੂਲਪੁਰ ਰਾਜਬਾਹਾ ’ਚ ਨਹੀਂ ਮਿਲ ਰਿਹਾ ਪੂਰਾ ਨਹਿਰੀ ਪਾਣੀ

ਕੇਪੀ ਗਿੱਲ•, ਪੰਜਾਬੀ ਜਾਗਰਣ,
ਕੈਰੋਂ : ਪੰਜਾਬ ਸਰਕਾਰ ਵੱਲੋਂ ਟੇਲਾਂ ਤਕ ਨਹਿਰੀ ਪਾਣੀ ਪਹੁੰਚਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਹੈ ਜਦੋਂ ਮਾਝਾ ਖੇਤਰ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਦੀ ਸਿੰਚਾਈ ਕਰਨ ਵਾਲਾ ਇਤਿਹਾਸਕ ਰਸੂਲਪੁਰ ਰਾਜਬਾਹਾ ਨਵੇਂ ਨਿਰਮਾਣ ਤੋਂ ਬਾਅਦ ਦੋ ਥਾਵਾਂ ਤੋਂ ਟੁੱਟ ਗਿਆ ਅਤੇ ਝੋਨੇ ਦੇ ਅਹਿਮ ਸੀਜ਼ਨ ਦੌਰਾਨ ਕਿਸਾਨ ਨਹਿਰੀ ਪਾਣੀ ਦੀ ਇਕ-ਇਕ ਬੂੰਦ ਲਈ ਤਰਸ ਰਹੇ ਹਨ। ਇਸ ਸਬੰਧੀ ਇਲਾਕੇ ਦੇ ਕਿਸਾਨਾਂ ਵਿਚ ਸਰਕਾਰ ਅਤੇ ਸਿੰਚਾਈ ਵਿਭਾਗ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮਾਝੇ ਖੇਤਰ ਦੇ ਲੋਹੁਕਾ, ਸਰਹਾਲੀ ਮੰਡ, ਕੈਰੋਂ, ਪੱਟੀ, ਬਾਹਮਣੀਵਾਲਾ, ਮਨਿਹਾਲਾ, ਅਗਰਪੁਰਾ, ਚੂਸਲੇਵੜ, ਬੋਪਾਰਾਏ, ਠੱਕਰਪੁਰਾ, ਭੱਗੂਪੁਰ, ਠੱਠਾ ਅਤੇ ਮਾਣੇਕੇ ਸਮੇਤ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਏਕੜ ਰਕਬੇ ਦੀ ਸਿੰਚਾਈ ਇਸ ਰਾਜਬਾਹੇ ਰਾਹੀਂ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਨਹਿਰ ਦਾ ਨਵੀਨੀਕਰਨ ਤਾਂ ਕਰ ਦਿੱਤਾ ਗਿਆ। ਪਰ ਇਸ ਦੀ ਤਕਨੀਕੀ ਬਣਤਰ ਕਾਰਨ ਖੇਤਾਂ ਤਕ ਪਾਣੀ ਪਹੁੰਚਣ ਦੀ ਬਜਾਏ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਇਹ ਰਾਜਬਾਹਾ ਕਰੀਬ 1984 ਵਿਚ ਇੱਟਾਂ ਨਾਲ ਤਿਆਰ ਕੀਤਾ ਗਿਆ ਸੀ। ਹਾਲ ਹੀ ਵਿਚ ਸਰਕਾਰ ਵੱਲੋਂ ਜੀਰੋ ਬੁਰਜੀ ਤੋਂ 98 ਹਜ਼ਾਰ ਬੁਰਜੀ ਤਕ ਪੁਰਾਣੇ ਢਾਂਚੇ ਨੂੰ ਢਾਹ ਕੇ ਨਵੀਂ ਕੰਕਰੀਟ ਦੀ ਚੌੜੀ ਨਹਿਰ ਬਣਾਈ ਗਈ। ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਜਦੋਂ ਪਹਿਲੀ ਵਾਰ ਪਾਣੀ ਛੱਡਿਆ ਗਿਆ ਤਾਂ ਨਹਿਰ ਇਕ ਥਾਂ ਤੋਂ ਟੁੱਟ ਗਈ। ਵਿਭਾਗ ਨੇ ਜਲਦਬਾਜ਼ੀ ਵਿਚ ਮੁਰੰਮਤ ਕਰਕੇ ਦੁਬਾਰਾ ਪਾਣੀ ਛੱਡਿਆ ਤਾਂ ਕੁਝ ਹੀ ਦੂਰੀ 'ਤੇ ਇਹ ਮੁੜ ਟੁੱਟ ਗਈ, ਜਿਸ ਨਾਲ ਨਿਰਮਾਣ ਕਾਰਜ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਕਿਸਾਨਾਂ ਦਾ ਦੋਸ਼ ਹੈ ਕਿ ਨਵੀਂ ਨਹਿਰ ਦਾ ਬੈੱਡ ਬਹੁਤ ਚੌੜਾ ਬਣਾ ਦਿੱਤਾ ਗਿਆ ਹੈ, ਜਿਸ ਵਿਚ ਕਰੀਬ 250 ਕਿਊਸਕ ਪਾਣੀ ਛੱਡਿਆ ਜਾਣਾ ਹੈ। ਪਰ ਪਾਣੀ ਸਿੱਧਾ ਟੇਲਾਂ ਵੱਲ ਨਿਕਲ ਜਾਂਦਾ ਹੈ ਅਤੇ ਰਸਤੇ ਵਿਚ ਪੈਂਦੇ ਕਰੀਬ 90 ਫ਼ੀਸਦੀ ਮੋਘਿਆਂ ਵਿਚ ਪਾਣੀ ਨਹੀਂ ਪਹੁੰਚਦਾ। ਹਾਲਾਤ ਇਹ ਹਨ ਕਿ ਪਾਣੀ ਦਾ ਪੱਧਰ ਮੋਘਿਆਂ ਅਤੇ ਅੰਡਰਗਰਾਊਂਡ ਪਾਈਪਾਂ ਤੋਂ ਵੀ ਹੇਠਾਂ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਕੋਈ ਲਾਭ ਨਹੀਂ ਮਿਲ ਰਿਹਾ।
ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਰਾਜਬਾਹੇ ਤੋਂ ਖੇਤਾਂ ਤਕ ਪਾਣੀ ਪਹੁੰਚਾਉਣ ਲਈ ਅੰਡਰਗਰਾਊਂਡ ਪਾਈਪ ਲਾਈਨ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਨਹਿਰ ਵਿਚ ਹੀ ਪਾਣੀ ਦਾ ਪੱਧਰ ਮੋਘਿਆਂ ਤਕ ਨਹੀਂ ਪਹੁੰਚਦਾ ਤਾਂ ਇਹ ਪ੍ਰੋਜੈਕਟ ਵੀ ਬੇਅਸਰ ਸਾਬਿਤ ਹੋ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਜੀਰੋ ਬੁਰਜੀ ਤੋਂ ਲੈ ਕੇ 61 ਹਜ਼ਾਰ ਬੁਰਜੀ ਤਕ ਲੱਗੇ ਮੋਘਿਆਂ ਨੂੰ ਨੀਵਾਂ ਕਰਨ ਦੀ ਲੋੜ ਹੈ, ਤਾਂ ਜੋ ਪਾਣੀ ਖੇਤਾਂ ਤਕ ਪਹੁੰਚ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੋਘਿਆਂ ਵਿਚ ਪਾਣੀ ਆਉਣਾ ਸ਼ੁਰੂ ਹੋ ਜਾਵੇ, ਤਾਂ ਫ਼ਸਲਾਂ ਦੀ ਸਿੰਚਾਈ ਸੁਚਾਰੂ ਢੰਗ ਨਾਲ ਹੋਵੇਗੀ, ਜ਼ਮੀਨੀ ਪਾਣੀ ਦੀ ਖਪਤ ਘੱਟ ਹੋਵੇਗੀ ਅਤੇ ਟੇਲਾਂ ਉੱਤੇ ਪਾਣੀ ਦਾ ਵਾਧੂ ਦਬਾਅ ਵੀ ਘਟੇਗਾ।
ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਨਹਿਰ ਕਈ ਥਾਵਾਂ ਤੋਂ ਟੁੱਟ ਰਹੀ ਹੈ, ਜਿਸ ਨਾਲ ਪਾਣੀ ਦੀ ਵੱਡੇ ਪੱਧਰ ’ਤੇ ਬਰਬਾਦੀ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਵੱਲੋਂ ਫਿਲਹਾਲ ਬੋਰੀਆਂ ਪਾ ਕੇ ਆਰਜ਼ੀ ਡਾਫ਼ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਝੋਨੇ ਦੀ ਲਵਾਈ ਦਾ ਅਹਿਮ ਸਮਾਂ ਚੱਲ ਰਿਹਾ ਹੈ ਅਤੇ ਕਿਸਾਨ ਮਹਿੰਗੇ ਡੀਜ਼ਲ ਅਤੇ ਟਿਊਬਵੈੱਲਾਂ ਦੇ ਸਹਾਰੇ ਆਪਣੀਆਂ ਫਸਲਾਂ ਬਚਾਉਣ ਲਈ ਮਜ਼ਬੂਰ ਹਨ। ਨਹਿਰੀ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੇ ਖਰਚੇ ਲਗਾਤਾਰ ਵਧ ਰਹੇ ਹਨ ਅਤੇ ਫ਼ਸਲਾਂ ’ਤੇ ਵੀ ਮਾੜਾ ਅਸਰ ਪੈਣ ਦਾ ਖਦਸ਼ਾ ਬਣਿਆ ਹੋਇਆ ਹੈ। ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਰਸੂਲਪੁਰ ਰਾਜਬਾਹੇ ਦੇ ਨਿਰਮਾਣ ਕਾਰਜ ਅਤੇ ਤਕਨੀਕੀ ਖਾਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਮੋਘਿਆਂ ਦੀ ਉਚਾਈ ਵਿਚ ਲੋੜੀਂਦੀ ਤਬਦੀਲੀ ਕਰਕੇ ਨਹਿਰ ਵਿਚ ਪਾਣੀ ਦਾ ਪੱਧਰ ਵਧਾਇਆ ਜਾਵੇ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰੋਜੈਕਟ ਨੂੰ ਕਿਸਾਨਾਂ ਲਈ ਲਾਹੇਵੰਦ ਬਣਾਇਆ ਜਾਵੇ, ਤਾਂ ਜੋ ਮਾਝਾ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਮਿਲ ਸਕੇ।
-------
ਰਸੂਲਪੁਰ ਰਾਜਬਾਹੇ ਦੀਆਂ ਖਾਮੀਆਂ ਜਲਦ ਦੂਰ ਕੀਤੀਆਂ ਜਾਣਗੀਆਂ : ਰਣਜੀਤ ਸਿੰਘ ਚੀਮਾ
ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਰਸੂਲਪੁਰ ਰਾਜਬਾਹੇ ਸਬੰਧੀ ਕਿਸਾਨਾਂ ਵੱਲੋਂ ਉਠਾਏ ਜਾ ਰਹੇ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਨਵੇਂ ਨਿਰਮਾਣ ਦੌਰਾਨ ਜੇਕਰ ਕਿਤੇ ਤਕਨੀਕੀ ਖਾਮੀਆਂ ਜਾਂ ਪਾਣੀ ਦੀ ਵੰਡ ਵਿਚ ਕੋਈ ਦਿੱਕਤ ਆਈ ਹੈ ਤਾਂ ਸਬੰਧਤ ਅਧਿਕਾਰੀਆਂ ਨੂੰ ਮੌਕੇ ਦਾ ਜਾਇਜ਼ਾ ਲੈ ਕੇ ਤੁਰੰਤ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਜਾਣਗੇ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਨਹਿਰੀ ਪਾਣੀ ਦਾ ਲਾਭ ਆਖ਼ਰੀ ਸਿਰੇ ਦੇ ਕਿਸਾਨ ਤਕ ਪਹੁੰਚੇ ਅਤੇ ਕਿਸੇ ਵੀ ਕਿਸਾਨ ਨੂੰ ਸਿੰਚਾਈ ਲਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਭਰੋਸਾ ਦਿੱਤਾ ਕਿ ਰਸੂਲਪੁਰ ਰਾਜਬਾਹੇ ਵਿਚ ਪਾਣੀ ਦੇ ਵਹਾਅ, ਮੋਘਿਆਂ ਦੀ ਉਚਾਈ ਅਤੇ ਹੋਰ ਤਕਨੀਕੀ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾਵੇਗਾ, ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਉਪਲਬਧ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਮਾਮਲੇ ਵਿਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।