- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਡ ਸੇਫਟੀ ਟੀਮ ਨੇ ਖਾਣ-ਪੀਣ ਦੀਆਂ ਦੁਕਾਨਾਂ ਦੀ ਕੀਤੀ ਅਚਨਚੇਤ ਚੈਕਿੰਗ

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਤਰਨਤਾਰਨ ਵੱਲੋਂ ਮੰਗਲਵਾਰ ਨੂੰ ਸਰਹੱਦੀ ਖੇਤਰਾਂ ਭੂਸੇ ਅਤੇ ਨੌਸ਼ਹਿਰਾ ਢਾਲਾ ਆਦਿ ਵਿਖੇ ਖਾਣ-ਪੀਣ ਵਾਲੀਆਂ ਵੱਖ-ਵੱਖ ਦੁਕਾਨਾਂ ਅਤੇ ਫੂਡ ਆਊਟਲੈਟਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਸੁਰੱਖਿਅਤ ਖਾਦ ਪਦਾਰਥ ਮੁਹੱਈਆ ਕਰਵਾਉਣਾ ਅਤੇ ਫੂਡ ਸੇਫਟੀ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣਾ ਸੀ।
ਚੈਕਿੰਗ ਦੌਰਾਨ ਟੀਮ ਵੱਲੋਂ ਕਈ ਦੁਕਾਨਾਂ ਦੀ ਸਫ਼ਾਈ, ਸਟੋਰਿੰਗ ਪ੍ਰਣਾਲੀ, ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਅਤੇ ਲਾਇਸੰਸ ਸਬੰਧੀ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਗਈ। ਇਸ ਮੌਕੇ ਸ਼ੱਕ ਦੇ ਆਧਾਰ ’ਤੇ ਬੇਸਨ ਬਰਫ਼ੀ ਅਤੇ ਸਰ੍ਹੋਂ ਦੇ ਤੇਲ ਦੇ ਕੁਲ 4 ਨਮੂਨੇ ਇਕੱਤਰ ਕਰਕੇ ਜਾਂਚ ਲਈ ਖਰੜ ਸਥਿਤ ਲੈਬ ਵਿਚ ਭੇਜੇ ਗਏ ਹਨ। ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਟੀਮ ਵੱਲੋਂ ਦੌਰੇ ਦੌਰਾਨ ਦੁਕਾਨਦਾਰਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਤਿਆਰੀ ਅਤੇ ਸਟੋਰੇਜ ਦੌਰਾਨ ਪੂਰੀ ਸਫ਼ਾਈ ਰੱਖੀ ਜਾਵੇ। ਉਨ੍ਹਾਂ ਨੂੰ ਇਹ ਵੀ ਹਿਦਾਇਤ ਦਿੱਤੀ ਗਈ ਕਿ ਖਾਣੇ ਵਿਚ ਵਰਤੇ ਜਾਣ ਵਾਲੇ ਤੇਲ ਨੂੰ ਦੁਬਾਰਾ ਨਾ ਵਰਤਿਆ ਜਾਵੇ ਅਤੇ ਕਿਸੇ ਵੀ ਕਿਸਮ ਦੀ ਮਿਲਾਵਟ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਸ ਨਾਲ ਲੋਕਾਂ ਦੀ ਸਿਹਤ ’ਤੇ ਗੰਭੀਰ ਅਸਰ ਪੈ ਸਕਦਾ ਹੈ। ਟੀਮ ਨੇ ਇਹ ਵੀ ਜ਼ੋਰ ਦਿੱਤਾ ਕਿ ਖਾਣ-ਪੀਣ ਦੇ ਪਦਾਰਥਾਂ ਨੂੰ ਸਹੀ ਤਾਪਮਾਨ ’ਤੇ ਸਟੋਰ ਕੀਤਾ ਜਾਵੇ, ਤਾਂ ਜੋ ਉਹ ਖਰਾਬ ਨਾ ਹੋਣ ਅਤੇ ਉਨ੍ਹਾਂ ਦੀ ਗੁਣਵੱਤਾ ਬਣੀ ਰਹੇ। ਸਾਰੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਆਪਣੇ ਰਜਿਸਟ੍ਰੇਸ਼ਨ ਅਤੇ ਲਾਇਸੰਸ ਹਮੇਸ਼ਾ ਅਪਡੇਟ ਰੱਖਣ ਦੀ ਵੀ ਸਖ਼ਤ ਹਿਦਾਇਤ ਕੀਤੀ ਗਈ।
ਇਸ ਦੌਰਾਨ ਫੂਡ ਸੇਫਟੀ ਆਨ ਵ੍ਹੀਲਜ਼ ਵੈਨ ਰਾਹੀਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ, ਜਿਸ ਤਹਿਤ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਖੁਰਾਕ ਸੁਰੱਖਿਆ, ਮਿਲਾਵਟ ਦੇ ਨੁਕਸਾਨ ਅਤੇ ਸਿਹਤਮੰਦ ਭੋਜਨ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ, ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਸੁਰੱਖਿਅਤ ਖਾਣ-ਪੀਣ ਦੀਆਂ ਵਸਤੂਆਂ ਮਿਲ ਸਕਣ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦੀ ਪਾਲਣਾ ਕਰਕੇ ਲੋਕ ਸਿਹਤ ਦੀ ਸੁਰੱਖਿਆ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਕੈਪਸ਼ਨ - ਫੂਡ ਸੇਫਟੀ ਆਨ ਵ੍ਹੀਲਜ਼ ਵੈਨ ਰਾਹੀਂ ਜਾਗਰੂਕ ਕਰਦੇ ਹੋਏ ਸਿਹਤ ਅਧਿਕਾਰੀ।
ਕੈਪਸ਼ਨ - ਵੱਖ-ਵੱਖ ਦੁਕਾਨਾਂ ’ਤੇੇ ਚੈਕਿੰਗ ਕਰਦੇ ਤੇ ਸੈਂਪਲ ਭਰਦੇ ਹੋਏੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਔੌਲਖ ਤੇ ਹੋਰ ਅਧਿਕਾਰੀ