- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਮਨਜੀਤ ਸਿੰਘ ਸਿੱਕੀ ਨੇ ਕਾਂਗਰਸ ’ਚ ਸ਼ਾਮਿਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਕੀਤਾ ਸਨਮਾਨਿਤ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਾਣਕਦੇਕੇ ਵਿਖੇ ਅੱਜ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਅਤੇ ਵਰਕਰਾਂ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਸੁਖਵੰਤ ਸਿੰਘ ਢਿੱਲੋਂ ਮਾਣਕਦੇਕੇ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅਤੇ ਰਾਜਵਿੰਦਰ ਸਿੰਘ ਲਾਡੀ ਮਾਣਕਦੇਕੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲ੍ਹਾ ਫੜਿਆ।
ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਨਵੇਂ ਸ਼ਾਮਿਲ ਹੋਏ ਆਗੂਆਂ ਅਤੇ ਵਰਕਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨ੍ਹਾਂ ਸਾਰੇ ਨਵੇਂ ਸਾਥੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਸੰਬੋਧਨ ਕਰਦਿਆਂ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਸਮਰਪਿਤ ਪਾਰਟੀ ਹੈ, ਜਿਸ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਭਲਾਈ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਸਾਥੀਆਂ ਵੱਲੋਂ ਕਾਂਗਰਸ ਪਾਰਟੀ ’ਤੇ ਪ੍ਰਗਟਾਇਆ ਗਿਆ ਵਿਸ਼ਵਾਸ ਪਾਰਟੀ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਵਿਸ਼ਵਾਸ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਮਾਣਕਦੇਕੇ ਸਮੇਤ ਪੂਰੇ ਖੇਤਰ ਦੇ ਵਿਕਾਸ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਲਈ ਕਾਂਗਰਸ ਪਾਰਟੀ ਲਗਾਤਾਰ ਯਤਨਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਜਾਵੇਗਾ।
ਰਮਨਜੀਤ ਸਿੰਘ ਸਿੱਕੀ ਨੇ ਕਾਂਗਰਸੀ ਆਗੂ ਸਤਵਿੰਦਰ ਸਿੰਘ, ਨੰਬਰਦਾਰ ਮੁਹੱਬਤਪਾਲ ਸਿੰਘ, ਜਸਬੀਰ ਸਿੰਘ ਪ੍ਰਧਾਨ, ਗੁਰਪਾਲ ਸਿੰਘ, ਸਵਰਨਜੀਤ ਸਿੰਘ ਬਿੱਟੂ ਅਤੇ ਸਾਬਕਾ ਮੈਂਬਰ ਬਾਊ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਪਿੰਡ ਮਾਣਕਦੇਕੇ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਹੀ ਕਿਸੇ ਵੀ ਸੰਗਠਨ ਦੀ ਅਸਲ ਤਾਕਤ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਪਾਰਟੀ ਲੋਕਾਂ ਤਕ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮ ਪਹੁੰਚਾਉਣ ਵਿਚ ਸਫ਼ਲ ਹੁੰਦੀ ਹੈ।
ਇਸ ਮੌਕੇ ਪਰਮਿੰਦਰ ਸਿੰਘ ਧੂੰਦਾ, ਨੰਬਰਦਾਰ ਬਖਸ਼ੀਸ਼ ਸਿੰਘ, ਮਲਕੀਤ ਸਿੰਘ ਜਗੀਰਦਾਰ, ਰੂਪ ਸਿੰਘ, ਪੀਏ ਰਣਜੀਤ ਸਿੰਘ ਪਵਾਰ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੇ ਵਰਕਰ ਹਾਜ਼ਰ ਸਨ।