ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ 17 ਤੋਂ 19 ਜੂਨ ਤਕ ਸ਼ਰਧਾ ਨਾਲ ਮਨਾਇਆ ਜਾਵੇਗਾ
ਤਿੰਨ ਰੋਜ਼ਾ ਸਲਾਨਾ ਜੋੜ ਮੇਲਾ 17 ਤੋਂ 19 ਜੂਨ ਤਕ ਸ਼ਰਧਾ ਨਾਲ ਮਨਾਇਆ ਜਾਵੇਗਾ
Publish Date: Tue, 16 Jun 2026 04:55 PM (IST)
Updated Date: Wed, 17 Jun 2026 04:03 AM (IST)

ਮਦਨ ਲਾਲ, •ਪੰਜਾਬੀ ਜਾਗਰਣ, ਸ਼ਾਹਬਾਜ਼ਪੁਰ : ਧੰਨ-ਧੰਨ ਬਾਬਾ ਸੁਰਜਨ ਸਾਹਿਬ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਸ਼ਾਹਬਾਜ਼ਪੁਰ ਵਿਖੇ 17, 18 ਅਤੇ 19 ਜੂਨ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਹ ਜੋੜ ਮੇਲਾ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਅਤੇ ਸੱਚਖੰਡ ਵਾਸੀ ਸੰਤ ਬਾਬਾ ਚਰਨ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਆਸ਼ੀਰਵਾਦ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਜੀ ਵਿਖੇ ਨਤਮਸਤਕ ਹੋਣਗੀਆਂ। ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਗੁਰਮੇਲ ਸਿੰਘ ਢੋਟੀ ਅਤੇ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ 17 ਜੂਨ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ। ਸ਼ਾਮ ਸਮੇਂ ਪ੍ਰਸਿੱਧ ਕਥਾਵਾਚਕ ਬਾਬਾ ਬਲਵਿੰਦਰ ਸਿੰਘ ਸੰਗਤਾਂ ਨੂੰ ਗੁਰਬਾਣੀ ਕਥਾ ਸਰਵਣ ਕਰਵਾ ਕੇ ਨਿਹਾਲ ਕਰਨਗੇ। 18 ਜੂਨ ਨੂੰ ਸ਼ਾਮ 6 ਵਜੇ ਤੋਂ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਮੌਕੇ ਹਜ਼ੂਰੀ ਰਾਗੀ ਜਥੇ, ਭਾਈ ਸਤਨਾਮ ਸਿੰਘ ਬੈਂਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਤੀਰਥ ਸਿੰਘ ਝਾੜ ਸਾਹਿਬ ਵਾਲੇ ਕੀਰਤਨੀ ਜਥੇ ਅਤੇ ਬੀਬੀ ਸੁਮਨਪ੍ਰੀਤ ਕੌਰ ਢਾਡੀ ਜਥੇ ਵੱਲੋਂ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਭਾਈ ਹੀਰਾ ਸਿੰਘ ਮਨਿਹਾਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। 19 ਜੂਨ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਣਗੇ, ਜਿਨ੍ਹਾਂ ਵਿਚ ਭਾਈ ਮੱਸਾ ਸਿੰਘ ਸਭਰਾ ਕਵੀਸ਼ਰੀ ਜਥਾ, ਭਾਈ ਸਰਬਜੀਤ ਸਿੰਘ ਢੋਟੀਆਂ ਕਥਾਵਾਚਕ, ਭਾਈ ਸੁਰਜੀਤ ਸਿੰਘ ਵਾਰਿਸ ਢਾਡੀ ਜਥਾ, ਗਿਆਨੀ ਜਸਵੰਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਸਭਰਾ ਕਵੀਸ਼ਰੀ ਜਥਾ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ, ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ, ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਬਾਬਾ ਸ਼ਹੀਦ ਸਿੰਘ ਰਾਣੀਵਲਾਹ ਵਾਲੇ, ਬਾਬਾ ਚਰਨ ਸਿੰਘ ਦਿਆਲਪੁਰ ਵਾਲੇ, ਬੀਬੀ ਜੀ ਝਾੜ ਸਾਹਿਬ ਵਾਲੇ, ਬਾਬਾ ਗਿਆਨ ਸਿੰਘ ਮਨਿਹਾਲਾ ਵਾਲੇ, ਬਾਬਾ ਮਨਜੀਤ ਸਿੰਘ ਮਹੰਤ ਨੌਸ਼ਹਿਰਾ ਵਾਲੇ, ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਸੁਰਜੀਤ ਸਿੰਘ ਕੈਰੋਂ ਵਾਲੇ, ਬਾਬਾ ਸੂਬਾ ਸਿੰਘ ਕੁਹਾੜਕਾ ਵਾਲੇ, ਬਾਬਾ ਸ਼ਿੰਦਾ ਸਿੰਘ ਗੋਪਾਲਾ ਵਾਲੇ, ਬਾਬਾ ਗੁਰਮੀਤ ਸਿੰਘ ਝਾੜ ਸਾਹਿਬ ਵਾਲੇ, ਬਾਬਾ ਜੱਸਾ ਸਿੰਘ ਦੀ ਸਮੂਹ ਜਥੇਬੰਦੀ, ਬਾਬਾ ਦਿਲਬਾਗ ਸਿੰਘ ਹਾਰਫਕੇ, ਬਾਬਾ ਅਵਤਾਰ ਸਿੰਘ ਚੰਦ ਮੱਖੂ, ਬਾਬਾ ਪ੍ਰਗਟ ਸਿੰਘ ਅਤੇ ਬਾਬਾ ਹਰਭੇਜ ਸਿੰਘ ਲੂਆਂ ਸਾਹਿਬ ਚੋਲਾ ਸਾਹਿਬ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। 20 ਜੂਨ ਨੂੰ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਚੋਹਲਾ ਸਾਹਿਬ ਅਤੇ ਮਾਝਾ ਕਬੱਡੀ ਕਲੱਬ ਖੁਜਾਲਾ ਦੀਆਂ ਟੀਮਾਂ ਦਰਮਿਆਨ ਕਬੱਡੀ ਦਾ ਰੋਮਾਂਚਕ ਮੈਚ ਸ਼ਾਮ 5 ਵਜੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋੜਿਆਂ ਦੀ ਸੇਵਾ ਸਿੰਘ ਸਭਾ ਕੁਹਾੜਕਾ ਵੱਲੋਂ ਨਿਭਾਈ ਜਾਵੇਗੀ। ਛਬੀਲ ਦੀ ਸੇਵਾ ਪਿੰਡ ਗੁਲਾਲੀਪੁਰ, ਗੋਪਾਲਾ ਅਤੇ ਆਸ-ਪਾਸ ਦੀਆਂ ਸੰਗਤਾਂ ਵੱਲੋਂ ਕੀਤੀ ਜਾਵੇਗੀ। ਗੁਰੂ ਕੇ ਲੰਗਰਾਂ ਦੀ ਸੇਵਾ ਪਿੰਡ ਸ਼ਾਹਬਾਜ਼ਪੁਰ ਅਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਵੱਲੋਂ ਨਿਭਾਈ ਜਾਵੇਗੀ, ਜਦਕਿ ਚਾਹ-ਪਕੌੜਿਆਂ ਦੇ ਲੰਗਰ ਦੀ ਸੇਵਾ ਪਿੰਡ ਡਿਆਲ ਰਾਜਪੂਤਾਂ ਦੀ ਸੰਗਤ ਵੱਲੋਂ ਕੀਤੀ ਜਾਵੇਗੀ। ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ।