ਤਰਨਤਾਰਨ ‘ਚ 40 ਥਾਂਵਾਂ ’ਤੇ ਲੱਗਣਗੇ ਸੌ ਤੋਂ ਵੱਧ ਸੀਸੀਟੀਵੀ ਕੈਮਰੇ : ਵਿਧਾਇਕ ਹਰਮੀਤ ਸਿੰਘ ਸੰਧੂ
75 ਕੈਮਰੇ 8 ਮੈਗਾਪਿਕਸਲ ਤੇ 40 ਕੈਮਰੇ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਹੋਣਗੇ ਅਪਰਾਧ ’ਤੇ ਕਾਬੂ ਪਾਉਣ ‘ਚ ਮਿਲੇਗੀ ਵੱਡੀ ਮਦਦ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਵਿਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਅਪਰਾਧਿਕ ਘਟਨਾਵਾਂ ‘ਤੇ ਨਿਗਰਾਨੀ ਵਧਾਉਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਜਿਸਦੇ ਤਹਿਤ ਤਰਨਤਾਰਨ ਸ਼ਹਿਰ ਦੇ ਕਰੀਬ 40 ਮਹੱਤਵਪੂਰਨ ਥਾਵਾਂ ’ਤੇ ਸੌ ਤੋਂ ਵੱਧ ਆਧੁਨਿਕ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਹ ਜਾਣਕਾਰੀ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਆਪਣੀ ਰਿਹਾਇਸ਼ ’ਤੇ ਪੱਤਰਕਾਰ ਵਾਰਤਾ ਦੌਰਾਨ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 75 ਉੱਚ-ਗੁਣਵੱਤਾ ਵਾਲੇ 8 ਮੈਗਾਪਿਕਸਲ ਕੈਮਰੇ ਲਗਾਏ ਜਾਣਗੇ, ਜੋ ਕਿ ਦਿਨ ਅਤੇ ਰਾਤ ਦੋਹਾਂ ਸਮਿਆਂ ‘ਚ ਸਾਫ਼ ਤਸਵੀਰ ਦੇਣ ਵਿਚ ਸਮੱਰਥ ਹੋਣਗੇ। ਇਸ ਤੋਂ ਇਲਾਵਾ 40 ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ‘ਏਐੱਨਪੀਆਰ’ ਕੈਮਰੇ ਵੀ ਲਗਾਏ ਜਾਣਗੇ, ਜੋ ਵਾਹਨਾਂ ਦੇ ਨੰਬਰ ਪਲੇਟ ਦੀ ਪਛਾਣ ਕਰਨ ਦੇ ਸਮੱਰਥ ਹੋਣਗੇ। ਵਿਧਾਇਕ ਸੰਧੂ ਨੇ ਕਿਹਾ ਕਿ ਇਹ ਕੈਮਰੇ ਸ਼ਹਿਰ ਦੇ ਪ੍ਰਮੁੱਖ ਚੌਕਾਂ, ਬਾਜ਼ਾਰਾਂ ਅਤੇ ਭੀੜਭਾੜ ਵਾਲੀਆਂ ਥਾਵਾਂ ’ਤੇ ਲਗਾਏ ਜਾਣਗੇ, ਜਿਸ ਨਾਲ ਹਰ ਆਉਣ-ਜਾਣ ਵਾਲੀ ਗਤੀਵਿਧੀ ‘ਤੇ ਨਿਗਰਾਨੀ ਰੱਖੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਮਾਮਲਿਆਂ ‘ਤੇ ਕਾਬੂ ਪਾਉਣ ਵਿਚ ਪੁਲਿਸ ਨੂੰ ਵੱਡੀ ਮਦਦ ਮਿਲੇਗੀ। ਉਨ੍ਹਾਂ ਹੋਰ ਦੱਸਿਆ ਕਿ ਕੈਮਰਾ ਸਿਸਟਮ ਨੂੰ ਕੇਂਦਰੀ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ, ਜਿੱਥੋਂ ਪੁਲਿਸ ਪ੍ਰਸ਼ਾਸਨ ਵੱਲੋਂ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਜਿਸ ਨਾਲ ਕਿਸੇ ਵੀ ਸ਼ੱਕੀ ਗਤੀਵਿਧੀ ’ਤੇ ਤੁਰੰਤ ਕਾਰਵਾਈ ਕਰਨਾ ਆਸਾਨ ਹੋਵੇਗਾ। ਸ਼ਹਿਰ ਵਾਸੀਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੁਰੱਖਿਆ ਵਧੇਗੀ ਅਤੇ ਲੋਕ ਆਪਣੇ ਆਪ ਨੂੰ ਹੋਰ ਮਹਿਫੂਜ਼ ਮਹਿਸੂਸ ਕਰਨਗੇ। -------- ਇਨ੍ਹਾਂ 40 ਥਾਵਾਂ ’ਤੇ ਲੱਗਣਗੇ ਸੀਸੀਟੀਵੀ ਕੈਮਰੇ ਪੁਰਾਣਾ ਬਲਾਕ ਦਫ਼ਤਰ, ਸਦਰ ਥਾਣਾ, ਐੱਸਡੀਐੱਮ ਦਫ਼ਤਰ, ਗੰਦੇ ਨਾਲੇ ਵਾਲਾ ਪੁਲ, ਗੁਰਦੁਆਰਾ ਟੱਕਰ ਸਾਹਿਬ, ਬਾਬਾ ਬਸਤਾ ਸਿੰਘ ਰੋਡ, ਜੋਧਪੁਰ ਰੋਡ, ਚੌਕ ਦੀਨਪੁਰ, ਤਹਿਸੀਲ ਚੌਕ, ਨਗਰ ਕੌਂਸਲ ਚੌਂਕ, ਚਾਰ ਖੰਬਾ ਚੌਂਕ, ਬੋਹੜੀ ਚੌਂਕ, ਜਗਦੇਵ ਮਾਰਕੀਟ, ਦਰਬਾਰ ਸਾਹਿਬ ਪਾਰਕਿੰਗ ਰੋਡ, ਕਾਜੀਕੋਟ ਰੋਡ, ਮੇਜਰ ਸਿੰਘ ਨਗਰ ਗੇਟ, ਦੀਪ ਐਵੀਨਿਊ ਰੋਡ, ਆਈਸ ਫੈਕਟਰੀ, ਗੁਰਦੁਆਰਾ ਸ੍ਰੀ ਲਕੀਰ ਸਾਹਿਬ ਰੋਡ, ਅੰਬਾਂ ਵਾਲਾ ਬਾਜ਼ਾਰ ਰੋਡ, ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਚੌਕ, ਝਬਾਲ ਰੋਡ ਕਾਜੀਕੋਟ ਬਾਈਪਾਸ, ਝਬਾਲ ਰੋਡ ਰੋਹੀ ਵਾਲਾ ਪੁਲ, ਪਲਾਸੌਰ ਰੋਡ ਚੌਕ, ਨੂਰਦੀ ਬਾਜ਼ਾਰ ਚੌਂਕ, ਗੁਰਦੁਆਰਾ ਭਗਤ ਨਾਮਦੇਵ ਜੀ, ਗੁਰੂ ਕਾ ਖੂਹ ਚੌਂਕ, ਬਾਬਾ ਸ਼ੌਕਰ ਸ਼ਾਹ ਸਮਾਧ ਵਾਲਾ ਚੌਕ, ਗੋਇੰਦਵਾਲ ਫਾਟਕ, ਗੋਇੰਦਵਾਲ ਰੋਡ ਪੁਲ, ਮਾਸਟਰ ਕਾਲੋਨੀ ਚੌਕ ਗੁਰੂ ਨਾਨਕ ਹਸਪਤਾਲ, ਗੋਇੰਦਵਾਲ ਪੁਲ ਹਾਈਵੇ, ਮੁਰਾਦਪੁਰ ਰੋਡ, ਬਾਠ ਚੌਕ ਪੁਰਾਣਾ ਬਾਈਪਾਸ, ਜੰਡਿਆਲਾ ਚੌਕ, ਬੱਸ ਅੱਡਾ, 80 ਫੁੱਟ ਰੋਡ. ਪੁਰਾਣਾ ਡੀਸੀ ਦਫਤਰ ਚੌਕ, ਸਟੇਸ਼ਨ ਰੋਡ, ਗਾਂਧੀ ਪਾਰਕ ਰੋਡ ਪੀਰਾਂ ਵਾਲਾ ਚੌਕ. ਮੁਰਾਦਪੁਰ ਫਾਟਕ ਵਾਲਾ ਚੌਂਕ। ---------- ਇਹ ਸ਼ਖਸੀਅਤਾਂ ਹੋਈਆਂ ਹਾਜ਼ਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ, ਸਰਬਜੀਤ ਸਿੰਘ ਭੁੱਲਰ, ਯਾਦਵਿੰਦਰ ਸਿੰਘ ਯਾਦੂ, ਜਰਨੈਲ ਸਿੰਘ, ਜਸਕਰਨ ਸਿੰਘ, ਕਮਲੇਸ਼ ਚੌਧਰੀ, ਅਮਰਜੀਤ ਸਿੰਘ ਰਾਜਪੂਤ, ਗੁਰਪ੍ਰੀਤ ਗੋਲਡੀ, ਸਾਹਿਬ ਸਿੰਘ ਗਿੱਲ ਮੁਰਾਦਪੁਰ, ਨਰਿੰਦਰ ਸਿੰਘ ਨਾਗੀ, ਰਣਜੀਤ ਸਿੰਘ ਰਾਣਾ, ਨਵਰੂਪ ਸਿੰਘ ਸੰਧਾਵਾਲੀਆ, ਪੁਨੀਤ ਚੱਢਾ, ਅਮਰਿੰਦਰ ਸਿੰਘ ਨੀਨਾ, ਅੰਜੂ ਵਰਮਾ, ਰੁਪਿੰਦਰ ਕੌਰ ਸੰਧੂ, ਹਰਪ੍ਰੀਤ ਸਿੰਘ ਮੂਸੇ, ਹਰਪ੍ਰੀਤ ਸਿੰਘ ਭੀਤਾ, ਦਲੇਰ ਸਿੰਘ ਪਨੂੰ, ਗੁਰਜੀਤ ਸਿੰਘ, ਅਵਤਾਰ ਸ਼ਰਮਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਦਿਲਬਾਗ ਸਿੰਘ ਪ੍ਰਧਾਨ ਮੰਡੀ ਯੂਨੀਅਨ, ਅਦਨ ਕੁਮਾਰ ਸੇਠੀ, ਨਰਿੰਦਰ ਸਿੰਘ ਪੱਪੂ, ਨਗਰ ਕੌਂਸਲਰ ਤਰਨਤਾਰਨ ਦੇ ਈਓ, ਡੀਐੱਸਪੀ ਸੁਖਬੀਰ ਸਿੰਘ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਸਰਪੰਚ, ਪੰਚ ਅਤੇ ਸ਼ਹਿਰ ਦੀਆਂ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ------ ਗੁਰੂ ਨਗਰੀ ’ਚ ਚੋਣਵੀਆਂ ਥਾਵਾਂ ’ਤੇ ਲੱਗਣਗੀਆਂ ਸਕਰੀਨਾਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਤਰਨਤਾਰਨ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਈ ਗਈ ਪਵਿੱਤਰ ਨਗਰੀ ਹੈ। ਇਥੇ ਚੋਣਵੀਆਂ ਥਾਵਾਂ ’ਤੇ ਵੱਡੀਆਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ। ਜਿਨ੍ਹਾਂ ਉਪਰ ਸਾਰਾ ਦਿਨ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ਦੀ ਚੋਣ ਵੀ ਕਰ ਲਈ ਗਈ ਹੈ ਅਤੇ ਜਲਦ ਹੀ ਸਕਰੀਨਾਂ ਵੀ ਲੱਗ ਜਾਣਗੀਆਂ।