- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਸਟੇਡੀਅਮ ’ਚ ਲਗਾਏ ਯੋਗ ਕੈਂਪ ਦਾ ਇਲਾਕਾ ਨਿਵਾਸੀ ਲੈ ਰਹੇ ਭਰਪੂਰ ਲਾਭ

ਬੱਲੂ ਮਹਿਤਾ•, ਪੰਜਾਬੀ ਜਾਗਰਣ,
ਪੱਟੀ : ਅਜੋਕੇ ਭੱਜ-ਦੌੜ ਅਤੇ ਤਣਾਅ ਭਰੇ ਜੀਵਨ ਵਿਚ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ, 21 ਜੂਨ ਨੂੰ ਮਨਾਏ ਜਾਣ ਵਾਲੇ ’ਵਿਸ਼ਵ ਯੋਗਾ ਦਿਵਸ’ ਦੇ ਮੱਦੇਨਜ਼ਰ ਪੱਟੀ ਦੇ ਸਥਾਨਕ ਸਟੇਡੀਅਮ ਵਿਖੇ ਇਕ ਵਿਸ਼ੇਸ਼ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਚੱਲ ਰਹੇ ਇਸ ਕੈਂਪ ਵਿਚ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਪਹੁੰਚ ਕੇ ਯੋਗ ਦਾ ਲਾਭ ਉਠਾ ਰਹੇ ਹਨ। ਕੈਂਪ ਦੀ ਸ਼ੁਰੂਆਤ ਰੋਜ਼ਾਨਾ ਸਵੇਰੇ 5 ਵਜੇ ਹੁੰਦੀ ਹੈ। ਇਸ ਵਿਚ ਸ਼ਹਿਰ ਦੇ ਨੌਜਵਾਨਾਂ ਤੋਂ ਇਲਾਵਾ ਔਰਤਾਂ ਅਤੇ ਬਜ਼ੁਰਗਾਂ ਵਿਚ ਵੀ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੋਗਾ ਮਾਹਿਰਾਂ ਵੱਲੋਂ ਕੈਂਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਅਤੇ ਧਿਆਨ ਲਗਾਉਣ ਦੀਆਂ ਵਿਧੀਆਂ ਸਿਖਾਈਆਂ ਜਾ ਰਹੀਆਂ ਹਨ।
ਕੈਂਪ ਦੇ ਮੁੱਖ ਪ੍ਰਬੰਧਕ, ਯੋਗ ਗੁਰੂ ਅਤੇ ਸੇਵਾ ਮੁਕਤ ਪੀਸੀਐੱਸ ਅਧਿਕਾਰੀ ਰਣਜੀਤ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਸਾਡੀ ਪ੍ਰਾਚੀਨ ਵਿਰਾਸਤ ਹੈ, ਜਿਸ ਨੂੰ ਅੱਜ ਪੂਰੀ ਦੁਨੀਆ ਨੇ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਕੁਝ ਸਮਾਂ ਯੋਗ ਲਈ ਕੱਢੀਏ, ਤਾਂ ਅਸੀਂ ਦਵਾਈਆਂ ਦੇ ਖ਼ਰਚੇ ਅਤੇ ਹਸਪਤਾਲਾਂ ਦੇ ਗੇੜਿਆਂ ਤੋਂ ਬਚ ਸਕਦੇ ਹਾਂ। ਇਸੇ ਤਰ੍ਹਾਂ ਸੇਵਾ ਮੁਕਤ ਮੈਨੇਜਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਇਹ ਕੈਂਪ ਲਗਾਤਾਰ 21 ਜੂਨ ਤਕ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਵਾਲੇ ਦਿਨ ਇਕ ਵਿਸ਼ਾਲ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ, ਜਿਸ ਵਿਚ ਸ਼ਹਿਰ ਵਾਸੀਆਂ ਨੂੰ ਯੋਗ ਦੇ ਅਹਿਮ ਪਹਿਲੂਆਂ ਨਾਲ ਜੋੜਿਆ ਜਾਵੇਗਾ। ਇਸ ਕੈਂਪ ਦੌਰਾਨ ਸਿਰਫ਼ ਆਸਣ ਹੀ ਨਹੀਂ, ਸਗੋਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਬੰਧਕਾਂ ਵੱਲੋਂ ਭਾਰ ਘਟਾਉਣ, ਸਰੀਰਿਕ ਤਾਕਤ ਵਧਾਉਣ ਅਤੇ ਗੰਭੀਰ ਰੋਗਾਂ ਤੋਂ ਬਚਾਅ ਸਬੰਧੀ ਵਿਸ਼ੇਸ਼ ਸੈਸ਼ਨ ਕਰਵਾਏ ਜਾ ਰਹੇ ਹਨ। ਖ਼ਾਸ ਕਰ ਅਜੋਕੇ ਸਮੇਂ ਵਿਚ ਵਧ ਰਹੇ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਯੋਗ ਨੂੰ ਸਭ ਤੋਂ ਉੱਤਮ ਸਾਧਨ ਦੱਸਿਆ ਗਿਆ।
ਇਸ ਦੌਰਾਨ ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਗਾ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਸ਼ਰਮਾ ਜ਼ਿਲ੍ਹਾ ਸ਼ੋਸਲ ਮੀਡੀਆਂ ਪ੍ਰਭਾਰੀ, ਹਰੀ ਚੰਦ ਜ਼ਿਲ੍ਹਾ ਪ੍ਰਭਾਰੀ, ਵਜ਼ੀਰ ਸਿੰਘ ਪਾਰਸ, ਕਲੱਬ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਾਠ, ਕਾਮਰੇਡ ਸੁਖਦੇਵ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ, ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਯੋਗ ਨਾਲ ਜੁੜਨ ਦਾ ਸੱਦਾ ਦਿੱਤਾ।