ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਪੱਟੀ ’ਚ ਸੰਗਰਾਂਦ ਨਤਮਸਤਕ ਹੋਈ ਸੰਗਤ
ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਪੱਟੀ ’ਚ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Mon, 15 Jun 2026 07:08 PM (IST)
Updated Date: Tue, 16 Jun 2026 04:07 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਇਤਿਹਾਸਕ ਨਗਰ ਪੱਟੀ ਦੇ ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ਪੱਟੀ ਵਿਖੇ ਹਾੜ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਧਾਰਮਿਕ ਸਮਾਗਮ ਦਲ ਪੰਥ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਸਰਪ੍ਰਸਤੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਪੰਨ ਹੋਇਆ। ਜਥੇਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਗੁਰਦੁਆਰਾ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਸੇਵਾਦਾਰਾਂ ਵੱਲੋਂ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕੀਤੀ ਗਈ। ਸਮਾਗਮ ਦੌਰਾਨ ਹਜ਼ੂਰੀ ਕਥਾ ਵਾਚਕ ਭਾਈ ਸੂਰਜ ਪ੍ਰਤਾਪ ਸਿੰਘ ਨੇ ਹਾੜ ਮਹੀਨੇ ਦੇ ’ਬਾਰਾਂ ਮਾਹ’ ਦੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਇਸ ਮਹੀਨੇ ਦੀ ਅਧਿਆਤਮਿਕ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਸ਼ਬਦਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਗੁਰੂ ਲੜ ਲੱਗਣ ਅਤੇ ਜੀਵਨ ਸਫ਼ਲ ਕਰਨ ਦੀ ਪ੍ਰੇਰਨਾ ਦਿੱਤੀ। ਧਰਮ ਪ੍ਰਚਾਰ ਦੀ ਲਹਿਰ ਤਹਿਤ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਸੰਗਤਾਂ ਲਈ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਧਾਰਮਿਕ ਸਮਾਗਮ ਵਿਚ ਗਿਆਨੀ ਜਗਬੀਰ ਸਿੰਘ, ਹਜ਼ੂਰੀ ਕਥਾ ਵਾਚਕ ਭਾਈ ਸੂਰਜ ਪ੍ਰਤਾਪ ਸਿੰਘ, ਮਨਪ੍ਰੀਤ ਸਿੰਘ ਹਜ਼ੂਰੀ ਰਾਗੀ, ਭਾਈ ਸਤਨਾਮ ਸਿੰਘ, ਬਾਬਾ ਮਹਾਂ ਸਿੰਘ ਹੈੱਡ ਗ੍ਰੰਥੀ, ਜਥੇਦਾਰ ਕਰਤਾਰ, ਵਰਿੰਦਰ ਸਿੰਘ, ਅਮਰਜੀਤ ਸਿੰਘ, ਤਜਿੰਦਰ ਸਿੰਘ ਛੀਨਾ, ਗੁਰਪ੍ਰੀਤ ਸਿੰਘ ਗੋਰਾ ਬੀਬੀਸੀ ਸਵੀਟਸ, ਅਤੇ ਹਰਜਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਸੇਵਾਦਾਰ ਅਤੇ ਸੰਗਤਾਂ ਮੌਜੂਦ ਸਨ। ਜਥੇਦਾਰ ਯਾਦਵਿੰਦਰ ਸਿੰਘ ਨੇ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਜਾਵੇਗੀ। 17 ਜੂਨ ਨੂੰ ਗੁਰਦੁਆਰਾ ਭੱਠ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਵੱਧ-ਚੜ੍ਹ ਕੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। 18 ਜੂਨ ਨੂੰ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਭੱਠ ਸਾਹਿਬ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।