- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
30 ਲੱਖ ਤੋਂ ਵੱਧ ਦੀ ਕੀਮਤ ਦੇ ਗਹਿਣੇ, ਕੀਮਤੀ ਘੜੀਆਂ ਤੇ ਦੋ ਲੱਖ ਦੀ ਨਕਦੀ ਚੋਰੀ

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਮਪੁਰ ਭੂਤਵਿੰਡ ਵਿਖੇ ਰਾਤ ਸਮੇਂ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਵੱਲੋਂ 30 ਲੱਖ ਤੋਂ ਵੱਧ ਦੀ ਕੀਮਤ ਦੇ ਸੋਨੇ ਦੇ ਗਹਿਣੇ, ਕੀਮਤੀ ਘੜੀਆਂ ਅਤੇ ਦੋ ਲੱਖ ਦੀ ਨਕਦੀ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦਾ ਪਤਾ ਸਵੇਰੇ ਉਸ ਵੇਲੇ ਲੱਗਾ, ਜਦੋਂ ਘਰ ਦਾ ਮਾਲਕ ਉੱਠ ਕੇ ਕਮਰੇ ਵਿਚ ਗਿਆ ਅਤੇ ਅਲਮਾਰੀ ਦਾ ਦਰਵਾਜ਼ਾ ਖੁੱਲ੍ਹਾ ਤੇ ਸਾਮਾਨ ਖਿੱਲਰਿਆ ਮਿਲਿਆ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਥਾਣਾ ਵੈਰੋਂਵਾਲ ਦੀ ਪੁਲਿਸ ਪਹੁੰਚੀ ’ਤੇ ਜਾਂਚ ਸ਼ੁਰੂ ਕਰ ਦਿੱਤੀ। ਉੱਧਰ ਪਰਿਵਾਰ ਨੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕਰਦਿਆਂ ਚੋਰੀ ਹੋਇਆ ਸਾਮਾਨ ਬਰਾਮਦ ਕਰਨ ਦੀ ਮੰਗ ਵੀ ਕੀਤੀ ਹੈ।
ਪ੍ਰਤਾਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਾਮਪੁਰ ਭੂਤਵਿੰਡ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ, ਉਸਦਾ ਭਰਾ ਹਰਜੀਤ ਸਿੰਘ, ਪਤਨੀ ਜਤਿੰਦਰ ਕੌਰ ਤੇ ਮਾਤਾ ਗੁਰਦੀਪ ਕੌਰ ਆਦਿ ਸਾਰੇ ਘਰ ਵਿਚ ਮੌਜੂਦ ਸਨ। ਰਾਤ ਦਾ ਖਾਣਾ ਖਾ ਕੇ ਸਾਰਾ ਪਰਿਵਾਰ ਸੌਂ ਗਿਆ। ਸਵੇਰੇ 4 ਵਜੇ ਉੱਠ ਕੇ ਉਹ ਕਮਰੇ ਵਿਚ ਗਿਆ ਤਾਂ ਵੇਖਿਆ ਕਿ ਅਲਮਾਰੀ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਉਸਨੇ ਆਪਣਾ ਮਾਤਾ ਤੇ ਪਤਨੀ ਨੂੰ ਅਲਮਾਰੀ ਖੋਲ੍ਹਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਅਲਮਾਰੀ ਵਿੱਚੋਂ 20 ਤੋਲੇ ਸੋਨੇ ਦੇ ਗਹਿਣੇ, ਦੋ ਲੱਖ ਦੀ ਨਕਦੀ ਅਤੇ ਚਾਰ ਦੇ ਕਰੀਬ ਕੀਮਤੀ ਘੜੀਆਂ ਚੋਰੀ ਹੋ ਚੁੱਕੀਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਘਰ ਦੇ ਬਾਹਰੀ ਦਰਵਾਜ਼ੇ ਤਾਂ ਸਾਰੇ ਬੰਦ ਸੀ ਪਰ ਇਕ ਖਿੜਕੀ ਖੁੱਲ੍ਹੀ ਰਹਿ ਗਈ, ਜਿਸ ਰਾਹੀਂ ਚੋਰ ਅੰਦਰ ਦਾਖਲ ਹੋਏ। ਉਨ੍ਹਾਂ ਖਦਸ਼ਾ ਜਿਤਾਇਆ ਕਿ ਚੋਰਾਂ ਨੇ ਜ਼ਰੂਰ ਪਰਿਵਾਰ ਨੂੰ ਕੁਝ ਸੁੰਘਾਇਆ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਜ਼ਰਾ ਜਿਨ੍ਹਾਂ ਵੀ ਪਤਾ ਨਹੀਂ ਲੱਗਾ। ਇਥੋਂ ਤਕ ਕਿ ਘਰ ਵਿਚ ਰੱਖੇ ਕੁੱਤੇ ਦੀ ਵੀ ਕੋਈ ਆਵਾਜ਼ ਨਹੀਂ ਆਈ। ਉਨ੍ਹਾਂ ਦੱਸਿਆ ਕਿ 35 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਦਾ ਪਤਾ ਲਗਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।