ਪੱਕੇ ਮੋਰਚੇ ਦੇ 26ਵੇਂ ਦਿਨ ਸਰਕਾਰ ਖਿਲਾਫ਼ ਐੱਸਕੇਐੱਮ ਵੱਲੋਂ ਨਾਅਰੇਬਾਜ਼ੀ
ਪੱਕੇ ਮੋਰਚੇ ਦੇ 26ਵੇਂ ਦਿਨ ਭਗਵੰਤ ਮਾਨ ਸਰਕਾਰ ਖਿਲਾਫ਼ ਐੱਸਕੇਐੱਮ ਨੇ ਕੀਤੀ ਨਾਅਰੇਬਾਜ਼ੀ
Publish Date: Mon, 15 Jun 2026 05:37 PM (IST)
Updated Date: Tue, 16 Jun 2026 04:04 AM (IST)

18 ਏਕੜ ’ਚ ਗੁਦਾਮ ਬਣਾਉਣ ਲਈ ਕੀਤੀ ਜਾ ਰਹੀ ਉਸਾਰੀ ਬੰਦ ਕਰਨ ਦੀ ਕੀਤੀ ਮੰਗ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਤਬਦੀਲ ਕਰਨ ਖਿਲਾਫ਼ ਲੱਗਾ ਹੈ ਪੱਕਾ ਮੋਰਚਾ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਜ਼ਿਲ੍ਹਾ ਕਮੇਟੀ ਵੱਲੋਂ ਸ਼ੇਰੋਂ ਖੰਡ ਮਿੱਲ ਨੂੰ ਮੁੜ ਚਾਲੂ ਕਰਵਾਉਣ ਅਤੇ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਖ਼ਿਲਾਫ਼ ਲਗਾਏ ਪੱਕੇ ਮੋਰਚੇ ਦੇ 26ਵੇਂ ਦਿਨ ਸੋਮਵਾਰ ਨੂੰ ਭਗਵੰਤ ਮਾਨ ਸਰਕਾਰ ਵਿਰੁੱਧ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ, ਮੁਖਤਾਰ ਸਿੰਘ ਮੱਲਾ, ਇੰਦਰਜੀਤ ਸਿੰਘ ਮਰਹਾਣਾ ਅਤੇ ਅੰਮ੍ਰਿਤਪਾਲ ਸਿੰਘ ਜੌੜਾ ਨੇ ਕਿਹਾ ਕਿ ਲੋਕਾਂ ਦੇ ਰੁਜ਼ਗਾਰ ਦਾ ਸਰੋਤ ਰਹੀ ਖੰਡ ਮਿੱਲ ਸ਼ੇਰੋਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬੰਦ ਕਰਕੇ ਖੇਤੀਬਾੜੀ ਕਿੱਤੇ ਨਾਲ ਸਬੰਧਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਸੀ। ਹੁਣ ਭਗਵੰਤ ਮਾਨ ਸਰਕਾਰ ਉਸ ਤੋਂ ਵੀ ਦੋ ਕਦਮ ਅੱਗੇ ਵਧਦਿਆਂ ਖੰਡ ਮਿੱਲ ਦੀ ਸੌ ਏਕੜ ਤੋਂ ਵੱਧ ਜ਼ਮੀਨ ਦੀ ਮਾਲਕੀ ਪੁੱਡਾ ਸਮੇਤ ਕੁਝ ਹੋਰ ਏਜੰਸੀਆਂ ਨੂੰ ਤਬਦੀਲ ਕਰ ਚੁੱਕੀ ਹੈ ਅਤੇ 18 ਏਕੜ ਜ਼ਮੀਨ ਵਿਚ ਨਿਯਮਾਂ ਦੀ ਉਲੰਘਣਾ ਕਰਦਿਆਂ ਅਬਾਦੀ ਦੇ ਬਿਲਕੁਲ ਨਜ਼ਦੀਕ ਗੁਦਾਮਾਂ ਦੀ ਉਸਾਰੀ ਕਰਵਾ ਰਹੀ ਹੈ। ਉਨ੍ਹਾਂ ਇਸ ਉਸਾਰੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਸਨਅਤੀ ਖੇਤਰ ਪੱਖੋਂ ਪੱਛੜੇ ਜ਼ਿਲ੍ਹੇ ਦੀ ਇੱਕੋਂ-ਇਕ ਖੇਤੀ ਆਧਾਰਿਤ ਸਨਅਤ ਦਾ ਖੁਰਾ-ਖੋਜ ਮਿਟਾਉਣ ਲਈ ਭਗਵੰਤ ਮਾਨ ਸਰਕਾਰ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਹੈ। ਇਸ ਮੌਕੇ ਜਸਬੀਰ ਸਿੰਘ ਸਰਹਾਲੀ ਖੁਰਦ, ਚਰਨ ਸਿੰਘ ਬੇਗਮਪੁਰਾ, ਕਸ਼ਮੀਰ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ, ਅਮਰੀਕ ਸਿੰਘ ਸ਼ੇਰੋਂ, ਮੇਹਰ ਸਿੰਘ ਸਮੇਤ ਹੋਰ ਆਗੂਆਂ ਨੇ ਖੰਡ ਮਿੱਲ ਦੀ ਮਲਕੀਅਤ ਤਬਦੀਲ ਕਰਨ ਦੇ ਫ਼ੈਸਲੇ ਦੀ ਨਿੰਦਾ ਕੀਤੀ ਅਤੇ ਖੰਡ ਮਿੱਲ ਦੀ ਜ਼ਮੀਨ ਬਚਾਉਣ ਲਈ ਚੱਲ ਰਹੇ ਪੱਕੇ ਮੋਰਚੇ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖਣ ਦਾ ਅਹਿਦ ਲਿਆ। ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚਲੇ ਫ਼ਰਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੇ ਕਦਮਾਂ ’ਤੇ ਚੱਲਦਿਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਲੋਕ ਵਿਰੋਧੀ ਨੀਤੀਆਂ ਧੜਾਧੜ ਲਾਗੂ ਕਰ ਰਹੀ ਹੈ। ਪਰ ਜਨਤਕ ਤੌਰ ’ਤੇ ਕੀਤੇ ਜਾਣ ਵਾਲੇ ਭਾਸ਼ਣਾਂ ਦੌਰਾਨ ਭਰਮ ਪੈਦਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਨ੍ਹਾਂ ਲੋਕ-ਮਾਰੂ ਨੀਤੀਆਂ ਖਿਲਾਫ਼ ਪੰਜਾਬ ਦੀਆਂ ਸਮੁੱਚੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਉਤਰਣ ਦਾ ਸੱਦਾ ਦਿੱਤਾ।