‘ਆਪ’ ਦੇ ਗੁਰਜੀਤ ਸਿੰਘ ਝਾਮਕਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ
ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਆਪ ਦੇ ਗੁਰਜੀਤ ਸਿੰਘ ਝਾਮਕਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ
Publish Date: Mon, 15 Jun 2026 04:31 PM (IST)
Updated Date: Tue, 16 Jun 2026 04:03 AM (IST)

ਝੂਠੇ ਵਾਅਦੇ ਕਰ ਸੱਤਾ ’ਚ ਆਈ ਆਮ ਆਦਮੀ ਪਾਰਟੀ ਤੋਂ ਜਨਤਾ ਦਾ ਮੋਹ ਹੋਇਆ ਭੰਗ : ਹਰਜੀਤ ਸਿੰਘ ਸੰਧੂ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਝਾਮਕਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਗੁਰਜੀਤ ਸਿੰਘ ਝਾਮਕਾ ਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ’ਚ ਸ਼ਾਮਿਲ ਹੋਣ ’ਤੇ ਸੁਆਗਤ ਕਰਦਿਆਂ ਕਿਹਾ ਕਿ ਭਾਜਪਾ ਹੀ ਉਹ ਪਾਰਟੀ ਹੈ, ਜੋ ਆਪਣੇ ਵਰਕਰ ਨੂੰ ਬਣਦਾ ਪੂਰਾ ਮਾਣ-ਸਨਮਾਨ ਦਿੰਦੀ ਹੈ। ਸ਼ਾਮਿਲ ਹੋਣ ਵਾਲਿਆਂ ਵਿਚ ਝਾਮਕਾ ਤੋਂ ਇਲਾਵਾ ਕਾਬਲ ਸਿੰਘ ਤੁੜ, ਗੁਰਜੰਟ ਸਿੰਘ ਝਾਮਕਾ, ਹਰਪਾਲ ਸਿੰਘ ਬਾਜਵਾ, ਯੁਵਰਾਜ ਸਿੰਘ, ਮੰਗਤਪ੍ਰੀਤ ਸਿੰਘ, ਰੰਗਪ੍ਰੀਤ ਸਿੰਘ, ਲੱਕੀ, ਨਵਦੀਪ ਸਿੰਘ, ਕੁਲਵੰਤ ਕੌਰ ਝਾਮਕਾ, ਦਲਜੀਤ ਸਿੰਘ ਭੋਜੀਆਂ, ਸੁਖਜਿੰਦਰ ਸਿੰਘ ਕੈਰੋਵਾਲ, ਦਲਬੀਰ ਸਿੰਘ, ਨਿਸ਼ਾਨ ਸਿੰਘ ਆਦਿ ਪ੍ਰਮੁੱਖ ਹਨ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ। ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ। 2022 ਦੀਆਂ ਚੋਣਾਂ ਵਿਚ ਮਹਿਲਾਵਾਂ ਨਾਲ ਜੋ 1 ਹਜ਼ਾਰ ਰੁਪਏ ਮਾਣ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਹਾਲੇ ਤਕ ਪੂਰਾ ਨਹੀ ਕੀਤਾ ਗਿਆ। ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨ ਵਰਗ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ, ਸਗੋ ਆਪਣੀਆਂ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਮੁਲਾਜ਼ਮ ਵਰਗ ਉਪਰ ਤਸ਼ਦੱਦ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਲਈ ਭੇਜੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਵੀ ਪੰਜਾਬ ਸਰਕਾਰ ਵੱਲੋਂ ਲੋਕਾਂ ਤਕ ਸਹੀ ਢੰਗ ਨਾਲ ਨਹੀ ਪਹੁੰਚਾਇਆ ਜਾ ਰਿਹਾ। ਸਹੂਲਤਾਂ ਦਾ ਲਾਭ ਤਾਂ ਲੋਕਾਂ ਤਕ ਕੀ ਪਹੁੰਚਾਉਣਾ, ਉਲਟਾ ਕੇਂਦਰ ਸਰਕਾਰ ਦੇ ਖ਼ਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਨਸ਼ਾ ਅਤੇ ਗੈਂਗਸਟਰਵਾਦ ਦਾ ਪੰਜਾਬ ਵਿਚ ਪੂਰੀ ਤਰ੍ਹਾਂ ਬੋਲਬਾਲਾ ਹੈ। ਨਸ਼ੇ ਦੀ ਸਪਲਾਈ ਬੰਦ ਤਾਂ ਕੀ ਕਰਨੀ ਸੀ, ਸਗੋਂ ਘਰ-ਘਰ ਤਕ ਨਸ਼ਾ ਪਹੁੰਚ ਰਿਹਾ ਹੈ ਅਤੇ ਰੋਜ਼ਾਨਾ ਹੀ ਕਈ ਮਾਵਾਂ ਦੇ ਪੁੱਤ ਇਸ ਨਸ਼ੇ ਦੀ ਦਲ-ਦਲ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਗੈਂਗਸਟਵਾਦ ਇਨ੍ਹਾਂ ਵੱਧ ਚੁੱਕਾ ਹੈ ਕਿ ਰੋਜ਼ਾਨਾ ਕਤਲ, ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆ ਹਨ। ਬੇਖੌਫ ਹੋ ਕੇ ਗੈਗਸਟਰਾਂ ਵੱਲੋਂ ਵਪਾਰੀ ਵਰਗ ਕੋਲੋ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਫਿਰੌਤੀ ਨਾ ਦੇਣ ’ਤੇ ਉਨ੍ਹਾਂ ਦੀ ਦੁਕਾਨਾਂ, ਘਰਾਂ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਥੋਂ ਤਕ ਕੀ ਕਈ ਥਾਵਾਂ ’ਤੇ ਵਪਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਹੋਣ ਦੀਆਂ ਘਟਨਾਵਾਂ ਵੀ ਅਕਸਰ ਸਾਹਮਣੇ ਆਉਂਦੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਪੰਜਾਬ ਦਾ ਹਰ ਵਰਗ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਲੋਕਾਂ ਨੂੰ ਮਹਿਸੂਸ ਹੋਣ ਲੱਗ ਗਿਆ ਹੈ ਕਿ ਜੇਕਰ ਪੰਜਾਬ ਨੂੰ ਕੋਈ ਨਸ਼ਾ ਮੁਕਤ, ਗੈਗਸਟਵਾਦ ਮੁਕਤ ਕਰਨ ਤੋਂ ਇਲਾਵਾ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਸਕਦੀ ਹੈ, ਤਾਂ ਉਹ ਕੇਵਲ ਭਾਜਪਾ ਹੀ ਬਣਾ ਸਕਦੀ ਹੈ, ਕਿਉਕਿ ਉੱਤਰ ਪ੍ਰਦੇਸ਼ ਵਰਗੇ ਸੂਬੇ ਜਿਥੇ ਕਦੇ ਗੈਗਸਟਰਾਂ ਦਾ ਬੋਲਬਾਲਾ ਹੋਇਆ ਕਰਦਾ ਸੀ, ਉਥੇ ਮੁੱਖ ਮੰਤਰੀ ਯੋਗੀ ਆਦਿੱਤਨਾਥ ਨੇ ਪੂਰੀ ਤਰ੍ਹਾਂ ਨਾਲ ਗੈਂਗਸਟਵਾਦ ਦਾ ਖਾਤਮਾ ਕੀਤਾ ਅਤੇ ਉਥੋਂ ਦੇ ਲੋਕ ਖੁਸ਼ਹਾਲੀ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਪੰਜਾਬ ਦੇ ਲੋਕਾਂ ਸਾਹਮਣੇ ਆਮ ਆਦਮੀ ਪਾਰਟੀ ਦਾ ਸੱਚ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਲੋਕ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦਾ ਭਲਾ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ, ਇਸ ਲਈ ਲੋਕਾਂ ਨੇ 2027 ਵਿਚ ਭਾਜਪਾ ਦੀ ਮਜ਼ਬੂਤ ਸਰਕਾਰ ਬਣਾਉਣ ਦਾ ਪੂਰੀ ਤਰ੍ਹਾਂ ਮਨ ਬਣਾ ਲਿਆ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸ਼ਿੰਦਬਾਦ, ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਐੱਸਸੀ ਮੋਰਚਾ ਦੇ ਪ੍ਰਧਾਨ ਅਵਤਾਰ ਸਿੰਘ ਬੰਟੀ, ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਗਿੱਲ, ਮੀਤ ਪ੍ਰਧਾਨ ਚਰਨਜੀਤ ਸਿੰਘ ਖਾਲਸਾ, ਦਲਜਿੰਦਰ ਸਿੰਘ ਖਾਲਸਾ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।