ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਨਾਲ ਮਨਾਈ ਹਾੜ ਮਹੀਨੇ ਦੀ ਮੱਸਿਆ ਤੇ ਸੰਗਰਾਂਦ
ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਨਾਲ ਮਨਾਈ ਹਾੜ ਮਹੀਨੇ ਦੀ ਮੱਸਿਆ ਤੇ ਸੰਗਰਾਂਦ
Publish Date: Mon, 15 Jun 2026 04:10 PM (IST)
Updated Date: Tue, 16 Jun 2026 04:01 AM (IST)

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਹਾੜ ਮਹੀਨੇ ਦੀ ਚੌਦਸ ਅਤੇ ਮੱਸਿਆ ਦਾ ਦਿਹਾੜਾ ਐਤਵਾਰ ਤੇ ਸੋਮਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਦੋਂਕਿ ਸੋਮਵਾਰ ਨੂੰ ਸੰਗਰਾਂਦ ਦਾ ਦਿਹਾੜਾ ਵੀ ਗੁਰੂ ਘਰਾਂ ਵਿਚ ਮਨਾਇਆ ਗਿਆ। ਅੱਤ ਦੀ ਗਰਮੀ ਦੇ ਬਾਵਜੂਦ ਦੋਵੇਂ ਦਿਨ ਲੱਖਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਘਰ ਪੁੱਜੀ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੀਸ ਨਿਵਾਇਆ। ਉਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਮਨ ਬਿਰਤੀ ਇਕਾਗਰ ਕਰਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਹਜ਼ੂਰੀ ਰਾਗੀ ਜਥਿਆਂ ਨੇ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਲੰਗਰ ਹਾਲ ਵਿਖੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ। ਦੀਵਾਨ ਹਾਲ ਵਿਖੇ ਚੌਦਸ ਅਤੇ ਮੱਸਿਆ ਦੇ ਦਿਹਾੜਿਆਂ ’ਤੇ ਦਿਨ-ਰਾਤ ਭਾਰੀ ਦੀਵਾਨ ਸਜਿਆ। ਜਿਸ ਵਿਚ ਭਾਈ ਜੱਜਬੀਰ ਸਿੰਘ ਢਾਡੀ, ਭਾਈ ਲਖਵਿੰਦਰ ਸਿੰਘ ਦਰਦੀ, ਭਾਈ ਹਰਦੀਪ ਸਿੰਘ ਮਾਣੋਚਾਹਲ ਢਾਡੀ, ਭਾਈ ਨਿਰਮਲ ਸਿੰਘ ਬਰਿਆਲ ਕਵੀਸ਼ਰ, ਭਾਈ ਗੁਰਜੀਤ ਸਿੰਘ ਮਾਣੋਚਾਹਲ ਢਾਡੀ, ਭਾਈ ਜੋਬਨਪ੍ਰੀਤ ਸਿੰਘ ਕਵੀਸ਼ਰ, ਭਾਈ ਅਵਤਾਰ ਸਿੰਘ ਧਾਰੀਵਾਲ ਢਾਡੀ, ਭਾਈ ਸੁਲਤਾਨ ਸਿੰਘ ਪੰਧੇਰ ਕਵੀਸ਼ਰ, ਭਾਈ ਸਾਹਿਬਪ੍ਰੀਤ ਸਿੰਘ ਖੜੇ ਦਾ ਖਾਲਸਾ ਢਾਡੀ ਜਥਾ ਭਾਈ ਹੀਰਾ ਸਿੰਘ ਸਭਰਾ ਕਵੀਸ਼ਰ, ਭਾਈ ਸੁਰਜੀਤ ਸਿੰਘ ਸਿੰਧੂ ਕਵੀਸ਼ਰ, ਭਾਈ ਨਿਰਵੈਲ ਸਿੰਘ ਜੋੜਾ ਕਵੀਸ਼ਰ, ਭਾਈ ਸੁਰਜੀਤ ਸਿੰਘ ਖਾਲਸਾ ਢਾਡੀ, ਭਾਈ ਅਵਤਾਰ ਸਿੰਘ ਕਵੀਸ਼ਰ, ਭਾਈ ਸੁਖਦੇਵ ਸਿੰਘ ਬੂਹ ਢਾਡੀ, ਬਾਈ ਦੀਦਾਰ ਸਿੰਘ ਕਵੀਸ਼ਰ ਅਤੇ ਭਾਈ ਸੁਖਵਿੰਦਰ ਸਿੰਘ ਅਰਸ਼ੀ ਕਵੀਸ਼ਰ ਜਥੇ ਨੇ ਦੀਵਾਨ ਵਿਚ ਜੁੜੀ ਸੰਗਤ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ਜਦੋਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਜ਼ਿਲ੍ਹਾ ਨਿਗਰਾਨ, ਭਾਈ ਗੁਰਬਚਨ ਸਿੰਘ ਕਲਸੀਆਂ ਅਤੇ ਭਾਈ ਨੌਸ਼ੇਵਰਜੀਤ ਸਿੰਘ ਪਲਾਸੌਰ ਨੇ ਦੀਵਾਨਾਂ ਵਿਚ ਮੰਚ ਦੀ ਸੇਵਾ ਸੰਭਾਲੀ। -------- ਪਿੰਡਾਂ ਤੇ ਸ਼ਹਿਰ ’ਚ ਕਈ ਥਾਵਾਂ ’ਤੇ ਲੱਗੇ ਗੁਰੂ ਕੇ ਲੰਗਰ ਤੇ ਛਬੀਲਾਂ ਮੱਸਿਆ ਦੇ ਦਿਹਾੜੇ ’ਤੇ ਗੁਰੂ ਘਰ ਆਉਣ ਵਾਲੀ ਸੰਗਤ ਦੀ ਟਹਿਲ ਸੇਵਾ ਵਾਸਤੇ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਿੱਥੇ ਸ਼ਰਧਾਲੂਆਂ ਨੇ ਗੁਰੂ ਕੇ ਲੰਗਰ ਲਗਾਏ ਉਥੇ ਹੀ ਭਾਰੀ ਗਰਮੀ ਦੇ ਚੱਲਦਿਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਛਕਾਈਆਂ। ਇਨ੍ਹਾਂ ਹੀ ਤਰਨਤਾਰਨ ਵੱਲ ਆਉਂਦੀਆਂ ਸੜਕਾਂ ’ਤੇ ਪੈਂਦੇ ਵੱਖ-ਵੱਖ ਪਿੰਡਾਂ ਦੇ ਸ਼ਰਧਾਲੂਆਂ ਵੱਲੋਂ ਆਪੋ-ਆਪਣੇ ਪਿੰਡਾਂ ਦੇ ਅੱਡਿਆਂ ’ਤੇ ਮਹੀਨਾਵਾਰੀ ਲੰਗਰ ਲਗਾਏ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਏ ਜਾ ਸਕਣ। -------- ਸੋਮਵਾਰੀ ਮੱਸਿਆ ’ਤੇ ਜੁੜਦੀ ਹੈ ਵਧੇਰੇ ਸੰਗਤ : ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਚੌਦਸ ਅਤੇ ਮੱਸਿਆ ਦੇ ਦਿਹਾੜੇ ਦਾ ਤਰਨਤਾਰਨ ਵਿਚ ਖਾਸ ਮਹੱਤਵ ਹੈ। ਦੋਵੇਂ ਦਿਨ ਗੁਰੂ ਘਰ ਵਿਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਦੇ ਹਨ। ਜਦੋਂਕਿ ਸੋਮਵਾਰ ਮੱਸਿਆ ਦੇ ਚੱਲਦਿਆਂ ਸੰਗਤ ਵਧੇਰੇ ਗਿਣਤੀ ਵਿਚ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਦੇ ਚੱਲਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਵਿਸ਼ੇਸ਼ ਤਰੀਕੇ ਨਾਲ ਕੀਤੇ ਜਾਂਦੇ ਹਨ, ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਮੂਹ ਸਟਾਫ਼ ਵੱਲੋਂ ਚੌਦਸ ਅਤੇ ਮੱਸਿਆ ਦੇ ਦਿਹਾੜੇ ’ਤੇ ਪੂਰੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ।