- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਖੂਨਦਾਨ ਦਿਵਸ ਮੌਕੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ

ਕੇਪੀ ਗਿੱਲ, •ਪੰਜਾਬੀ ਜਾਗਰਣ,
ਕੈਰੋਂ : ਅੰਤਰਰਾਸ਼ਟਰੀ ਖ਼ੂਨਦਾਤਾ ਦਿਵਸ ਮੌਕੇ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਵੱਲੋਂ ਸਿਵਲ ਹਸਪਤਾਲ ਪੱਟੀ ਦੀ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਇਲਾਕੇ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਅਣਗਿਣਤ ਯੂਨਿਟ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਕੈਂਪ ਦੌਰਾਨ ਖੂਨਦਾਨੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਨੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਦੇ ਮਕਸਦ ਨਾਲ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਸੁਸਾਇਟੀ ਵੱਲੋਂ ਖ਼ੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਕ ਯੂਨਿਟ ਖ਼ੂਨ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਵਿਚ ਸਹਾਈ ਸਾਬਿਤ ਹੁੰਦਾ ਹੈ। ਹਾਦਸਿਆਂ, ਜਣੇਪੇ, ਆਪ੍ਰੇਸ਼ਨਾਂ ਅਤੇ ਗੰਭੀਰ ਬਿਮਾਰੀਆਂ ਦੌਰਾਨ ਖ਼ੂਨ ਦੀ ਲੋੜ ਪੈਂਦੀ ਰਹਿੰਦੀ ਹੈ, ਜਿਸ ਨੂੰ ਸਿਰਫ਼ ਸਵੈ-ਇੱਛੁਕ ਖ਼ੂਨਦਾਨੀ ਹੀ ਪੂਰਾ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਦੇ ਅਜਿਹੇ ਕਾਰਜਾਂ ਨਾਲ ਜੁੜਨ ਦੀ ਅਪੀਲ ਕੀਤੀ। ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਸੁਖਬੀਰ ਸਿੰਘ ਨਿੱਬਰ ਨੇ ਕਿਹਾ ਕਿ ਵਿਸ਼ਵ ਖ਼ੂਨਦਾਨ ਦਿਵਸ ਸਿਰਫ਼ ਇਕ ਦਿਨ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਖ਼ੂਨ ਦਾ ਕੋਈ ਬਦਲ ਨਹੀਂ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ ’ਤੇ ਖ਼ੂਨਦਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਉਣ ਲਈ ਦਿਨ-ਰਾਤ ਸੇਵਾ ਨਿਭਾਅ ਰਹੀ ਹੈ ਅਤੇ ਭਵਿੱਖ ਵਿਚ ਵੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਜਾਤ-ਪਾਤ ਅਤੇ ਧਰਮ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਿਵਲ ਹਸਪਤਾਲ ਪੱਟੀ ਦੀ ਬਲੱਡ ਬੈਂਕ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਸਫਲਤਾ ਪੂਰਵਕ ਨੇਪਰੇ ਚੜ੍ਹਿਆ।
ਇਸ ਮੌਕੇ ਬਲੱਡ ਬੈਂਕ ਦੇ ਸਟਾਫ਼ ਮੈਂਬਰ ਅਰਦੀਪ ਕੌਰ, ਕੰਵਲਜੀਤ ਕੌਰ, ਸੁਰਭੀ, ਬਿਨੇ ਮਿਸ਼ਰਾ, ਕੋਮਲਪ੍ਰੀਤ ਕੌਰ ਅਤੇ ਪਰਤਾਪ ਸਿੰਘ ਹਾਜ਼ਰ ਰਹੇ । ਇਸ ਮੌਕੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਸੁਖਬੀਰ ਸਿੰਘ ਨਿੱਬਰ, ਮਨਪ੍ਰੀਤ ਸਿੰਘ ਸਾਗਰ, ਲਖਵਿੰਦਰ ਸਿੰਘ ਲੱਕੀ, ਮਾਸਟਰ ਸਰਬਜੀਤ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ ਪਿੰਦਰ, ਵਿਕਰਮਜੀਤ ਸਿੰਘ ਜੱਸਾ, ਦਿਲਦਾਰ ਸਿੰਘ, ਸਾਹਿਬ ਸਿੰਘ, ਰਾਜੂ ਕਮਲ ਅਤੇ ਬਿੱਲਾ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ।
ਕੈਪਸ਼ਨ : ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।