ਗੋਇੰਦਵਾਲ ਸਾਹਿਬ ’ਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ
ਗੋਇੰਦਵਾਲ ਸਾਹਿਬ ’ਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ
Publish Date: Sun, 14 Jun 2026 07:15 PM (IST)
Updated Date: Mon, 15 Jun 2026 04:04 AM (IST)

ਪਾਬੰਦੀਸ਼ੁਦਾ ਦਵਾਈਆਂ ਤੇ ਕਾਰਤੂਸ ਬਰਾਮਦ, ਦੋ ਜਣੇ ਗ੍ਰਿਫਤਾਰ, ਕੇਸ ਦਰਜ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਸਬਾ ਗੋਇੰਦਵਾਲ ਸਾਹਿਬ ਦੇ ਇੰਡਸਟਰੀਅਲ ਏਰੀਏ ਵਿਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਕਤ ਕੇਂਦਰ ਵਿੱਚੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਦਵਾਈਆਂ, ਵੱਖ-ਵੱਖ ਬੋਰ ਦੇ ਕਾਰਤੂਸ ਅਤੇ ਖੋਲ੍ਹ ਬਰਾਮਦ ਵੀ ਹੋਏ ਹਨ। ਜਦੋਂਕਿ ਪੁਲਿਸ ਨੇ ਮੌਕੇ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਥਾਣਾ ਗੋਇੰਦਵਾਲ ਸਾਹਿਬ ’ਚ ਐੱਨਡੀਪੀਐੱਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤੋਂ ਇਲਾਵਾ ਮੈਂਟਲ ਹੈਲਥ ਕੇਅਰ ਸੈਕਸ਼ਨ ਅਤੇ ਪੀਸੀਈ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਨੇ ਐੱਸਡੀਐੱਮ ਖਡੂਰ ਸਾਹਿਬ ਸੰਜੀਵ ਸ਼ਰਮਾ ਸਮੇਤ ਗੋਇੰਦਵਾਲ ਸਾਹਿਬ ਦੇ ਇੰਡਸਟਰੀ ਇਲਾਕੇ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਜਿਸ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਵੀ ਪੁਲਿਸ ਪਾਰਟੀ ਸਮੇਤ ਉਥੇ ਪਹੁੰਚ ਗਏ। ਛਾਪੇਮਾਰੀ ਦੌਰਾਨ ਸੁਖਮਨੀ ਵੈਲਫੇਅਰ ਸੁਸਾਇਟੀ ਦੇ ਨਾਂ ਹੇਠ ਚੱਲ ਰਹੇ ਉਕਤ ਸੈਂਟਰ ਵਿੱਚੋਂ ਪੁਲਿਸ ਅਤੇ ਪ੍ਰਸ਼ਾਸਨਿਕ ਟੀਮ ਨੂੰ ਵੱਡੀ ਮਾਤਰਾ ਵਿਚ ਸ਼ੱਕੀ ਦਵਾਈਆਂ ਅਤੇ ਐਮੂਨੇਸ਼ਨ ਮਿਲਿਆ, ਜਿਸ ਨੇ ਜਾਂਚ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ। ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਕਤ ਸੈਂਟਰ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਅੱਧਾ ਦਰਜਨ ਦੇ ਕਰੀਬ ਮੋਬਾਈਲ ਫੋਨ, ਚਾਰ 315 ਬੋਰ ਦੇ ਖੋਰ ਅਤੇ 12 ਬੋਰ ਦੇ ਚਾਰ ਕਾਰਤੂਸ ਬਰਾਮਦ ਹੋਏ। ਉਨ੍ਹਾਂ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਸਤਨਾਮ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਹਰੀਕੇ ਅਤੇ ਡਾ. ਮਹਿਤਾਬ ਸਿੰਘ ਗੋਲਡੀ ਪੁੱਤਰ ਸੇਵਾ ਸਿੰਘ ਵਾਸੀ ਜਨਤਾ ਨਗਰ ਖਰੜ ਸਿਹਤ ਵਿਭਾਗ ਤੇ ਪ੍ਰਸ਼ਾਸਨਿਕ ਟੀਮ ਨੂੰ ਉਕਤ ਨਸ਼ਾ ਛੁਡਾਊ ਕੇਂਦਰ ਬਾਰੇ ਕੋਈ ਲਾਇਸੰਸ ਜਾਂ ਮਨਜੂਰੀ ਪੱਤਰ ਨਹੀਂ ਦਿਖਾ ਸਕੇ। ਜਦੋਂਕਿ ਚੈਕਿੰਗ ਦੌਰਾਨ ਵੱਡੀ ਇਤਰਾਜ਼ਯੋਗ ਸਮੱਗਰੀ ਅਤੇ ਹੋਰ ਰਿਕਾਰਡ ਹੱਥ ਲੱਗਣ ਦੇ ਚੱਲਦਿਆਂ ਸਤਨਾਮ ਸਿੰਘ ਤੇ ਡਾ. ਮਹਿਤਾਬ ਸਿੰਘ ਗੋਲਡੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਉਕਤ ਘਟਨਾ ਨੇ ਇਕ ਵਾਰ ਫਿਰ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੀ ਨਿਗਰਾਨੀ ਸਬੰਧੀ ਪ੍ਰਸ਼ਾਸਨਿਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।