ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਸ਼ਰਧਾ ਨਾਲ ਹੋਇਆ ਹਫ਼ਤਾਵਾਰੀ ਚੁਪਹਿਰਾ ਸਮਾਗਮ
ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਸ਼ਰਧਾ ਨਾਲ ਹੋਇਆ ਹਫ਼ਤਾਵਾਰੀ ਚੁਪਹਿਰਾ ਸਮਾਗਮ
Publish Date: Sun, 14 Jun 2026 06:59 PM (IST)
Updated Date: Mon, 15 Jun 2026 04:03 AM (IST)

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਚੁਪਹਿਰਾ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਗਰਮੀ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਇਸ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਸੰਗਤੀ ਰੂਪ ਵਿਚ ਸ੍ਰੀ ਜਪੁ ਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਗਤ ਨੂੰ ਸਮੂਹਿਕ ਪਾਠ ਕਰਵਾਉਣ ਦੀ ਸੇਵਾ ਨਿਭਾਈ ਗਈ। ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਚ ਹਰ ਐਤਵਾਰ ਨੂੰ ਚੁਪਹਿਰਾ ਸਮਾਗਮ ਹੁੰਦਾ ਹੈ ਅਤੇ ਹਰ ਹਫ਼ਤੇ ਇਥੇ ਵੱਡੀ ਗਿਣਤੀ ਸੰਗਤ ਹਾਜ਼ਰੀ ਭਰਨ ਲਈ ਪਹੁੰਚਦੀ ਹੈ। ਸ਼ਰਧਾਲੂਆਂ ਦੀ ਭਾਰੀ ਆਮਦ ਦੇ ਚੱਲਦਿਆਂ ਸ੍ਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ, ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਤੇ ਹੋਰ ਅਹੁਦੇਦਾਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਤਾਰਨ ਸ਼ਹਿਰ ਦੇ ਨਾਲ ਆਸ ਪਾਸ ਦੇ ਇਲਾਕਿਆਂ ਤੋਂ ਵੀ ਸੰਗਤ ਇਥੇ ਪਹੁੰਚਦੀ ਹੀ ਹੈ। ਨਾਲ ਹੀ ਪਿੰਡਾਂ ਤੋਂ ਵੀ ਸ਼ਰਧਾਲੂ ਚੁਪਹਿਰਾ ਸਮਾਗਮ ਵਿਚ ਹਾਜ਼ਰੀ ਭਰਨ ਲਈ ਪਹੁੰਚਣ ਲੱਗੇ ਹਨ। ਜਿਨ੍ਹਾਂ ਦੀ ਸਹੂਲਤ ਲਈ ਦੀਵਾਨ ਹਾਲ ਵਿਚ ਜਿਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਉਥੇ ਹੀ ਗੁਰੂ ਕੇ ਲੰਗਰ ਵੀ ਵਿਸ਼ੇਸ਼ ਤੌਰ ’ਤੇ ਤਿਆਰ ਹੁੰਦੇ ਹਨ। ਸਾਰਾ ਦਿਨ ਛਬੀਲ ਦਾ ਪ੍ਰਬੰਧ ਸ਼ਰਧਾਲੂਆਂ ਵੱਲੋਂ ਕੀਤਾ ਜਾਂਦਾ ਹੈ ਅਤੇ ਜੋੜਾ ਘਰ ਸੇਵਕ ਜਥੇ ਦੀ ਸੰਗਤ ਤਨਦੇਹੀ ਨਾਲ ਸੇਵਾ ਨਿਭਾਉਂਦੀ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ 12 ਤੋਂ ਸ਼ਾਮ 4 ਵਜੇ ਤਕ ਹੋਣ ਵਾਲੇ ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੰਗਤ ਨੂੰ ਪਾਠ ਕਰਵਾਉਣ ਦੀ ਸੇਵਾ ਨਿਭਾਉਂਦੇ ਹਨ ਅਤੇ ਅਰਦਾਸ ਉਪਰੰਤ ਚੁਪਹਿਰਾ ਸਮਾਗਮ ਦੀ ਸਮਾਪਤੀ ਹੁੰਦੀ ਹੈ। ਸਰਦੀ ਹੋਵੇ ਜਾਂ ਗਰਮੀ, ਸੰਗਤ ਸਮਾਗਮ ਦੌਰਾਨ ਹਾਜ਼ਰੀ ਭਰਨ ਲਈ ਗੁਰੂ ਘਰ ਜ਼ਰੂਰ ਪੁੱਜਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਿੰਸੀਪਲ ਬਖਸ਼ੀਸ਼ ਸਿੰਘ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਕੁਲਦੀਪ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ, ਹਰਿੰਦਰ ਸਿੰਘ ਨੰਬਰਦਾਰ, ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ, ਗ੍ਰੰਥੀ ਭਾਈ ਮੁਖਤਾਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਿਮਰਨਜੀਤ ਸਿੰਘ ਸਮੇਤ ਹੋਰ ਸੇਵਾਦਾਰ ਜਿਥੇ ਮੌਜੂਦ ਸਨ। ਉਥੇ ਹੀ ਵੱਡੀ ਗਿਣਤੀ ਸੇਵਾਦਾਰਾਂ ਨੇ ਜੋੜਾ ਘਰ ਅਤੇ ਛਬੀਲ ਤੋਂ ਇਲਾਵਾ ਪਾਰਕਿੰਗ ਵਿਚ ਵੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ। ------- ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਸੇਵਾਵਾਂ : ਪੱਡਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਹੋਣ ਵਾਲੇ ਚੁਪਹਿਰਾ ਸਮਾਗਮ ’ਚ ਸੰਗਤ ਦੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਘਰ ਦੇ ਵਿਸਥਾਰ ਤੇ ਵਿਕਾਸ ਲਈ ਕਈ ਸੇਵਾਵਾਂ ਚੱਲ ਰਹੀਆਂ ਹਨ। ਜਿਨ੍ਹਾਂ ਨੂੰ ਸੰਗਤ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲੀ ਕੀਤੀ ਕਿ ਚੱਲ ਰਹੀਆਂ ਸੇਵਾਵਾਂ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ।