ਪਿੰਡ ਪਿੱਦੀ ’ਚ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ
ਪਿੰਡ ਪਿੱਦੀ ’ਚ ਬੀਬੀਆਂ, ਕਿਸਾਨਾਂ ਤੇ ਮਜ਼ਦੂਰਾਂ ਨੇ ਕੀਤੀ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ
Publish Date: Sun, 14 Jun 2026 05:51 PM (IST)
Updated Date: Mon, 15 Jun 2026 04:03 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਤਰਨਤਾਰਨ ਦੇ ਜ਼ੋਨ ਬਾਬਾ ਬੀਰ ਸਿੰਘ ਅਧੀਨ ਆਉਂਦੇ ਪਿੰਡ ਪਿੱਦੀ ਦੀਆਂ ਬੀਬੀਆਂ, ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰਾਤ ਸਮੇਂ ਪਿੰਡ ਪੁੱਜੇ ਸਥਾਨਕ ਵਿਧਾਇਕ ਦਾ ਵਿਰੋਧ ਵੀ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੀਬੀ ਦਵਿੰਦਰ ਕੌਰ, ਕੁਲਦੀਪ ਕੌਰ ਪਿੱਦੀ, ਨਿਰਮਲ ਸਿੰਘ ਪਿੱਦੀ ਅਤੇ ਫ਼ਤਿਹ ਸਿੰਘ ਪਿੱਦੀ ਨੇ ਕਿਹਾ ਕਿ ਪਿਛਲੇ ਸਾਲ 19 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ’ਤੇ ਰਾਤ ਸਮੇਂ ਕਿਸਾਨਾਂ ਉਪਰ ਹਮਲਾ ਕਰਕੇ ਕਿਸਾਨੀ ਮੋਰਚੇ ਵਿਚ ਸ਼ਾਮਿਲ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ’ਤੇ ਵੱਡੇ ਪੱਧਰ ’ਤੇ ਤਸ਼ੱਦਦ ਕੀਤਾ ਗਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੋਰਚੇ ਦੀ ਸਟੇਜ ਨੂੰ ਜੇਸੀਬੀ ਮਸ਼ੀਨਾਂ ਨਾਲ ਢਾਹ ਦਿੱਤਾ ਗਿਆ ਅਤੇ ਸਾਰੀ ਰਾਤ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੁੱਟਮਾਰ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਵੱਡੀ ਮਾਤਰਾ ਵਿਚ ਸਮਾਨ ਨੁਕਸਾਨਿਆ ਗਿਆ ਅਤੇ ਕਈ ਕਿਸਾਨਾਂ ਦੇ ਟਰੈਕਟਰ-ਟਰਾਲੇ, ਮੋਬਾਈਲ ਫੋਨ, ਘੜੀਆਂ, ਸਿਲੰਡਰ, ਮੰਜੇ, ਬਿਸਤਰੇ, ਇਨਵਰਟਰ ਅਤੇ ਪੱਖੇ ਵੀ ਚੁੱਕ ਲਏ ਗਏ। ਉਨ੍ਹਾਂ ਦਾਅਵਾ ਕੀਤਾ ਕਿ ਲਗਭਗ 200 ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ, ਜਿਨ੍ਹਾਂ ਵਿਚ ਤਰਨਤਾਰਨ ਜ਼ਿਲ੍ਹੇ ਦੀਆਂ 12 ਬੀਬੀਆਂ ਵੀ ਸ਼ਾਮਿਲ ਸਨ। ਬੁਲਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਵਿਚ ਮੀਟਿੰਗ ਲਈ ਜਾ ਰਹੇ ਕਿਸਾਨ ਆਗੂਆਂ ਨੂੰ ਵੀ ਰਸਤੇ ਵਿੱਚੋਂ ਹਿਰਾਸਤ ਵਿਚ ਲਿਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ’ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਸ ਤਸ਼ੱਦਦ ਕਾਰਨ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਕਈ ਹੋਰ ਅਪਾਹਜ ਹੋ ਗਏ। ਆਗੂਆਂ ਨੇ ਦੱਸਿਆ ਕਿ 19 ਮਾਰਚ 2025 ਦੀ ਘਟਨਾ ਤੋਂ ਬਾਅਦ ਜਦੋਂ ਵੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪਿੰਡ ਪਿੱਦੀ ਆਏ ਸਨ, ਤਾਂ ਪਿੰਡ ਇਕਾਈ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਅਤੇ ਇਹ ਵਿਰੋਧ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਦਰਬਾਰ ਸਿੰਘ, ਹਰਚੰਦ ਸਿੰਘ, ਸੁਰਜੀਤ ਸਿੰਘ ਟਿੱਬਾ, ਸਵਿੰਦਰ ਸਿੰਘ, ਸਤਨਾਮ ਸਿੰਘ, ਕੇਵਲ ਸਿੰਘ, ਦਿਲਬਾਗ ਸਿੰਘ, ਨਿੰਦਰ ਕੌਰ, ਬਲਵਿੰਦਰ ਕੌਰ, ਕੈਲਾਸ਼ ਕੌਰ, ਹਰਜਿੰਦਰ ਕੌਰ ਸਮੇਤ ਹੋਰ ਹਾਜ਼ਰ ਸਨ।