ਭਾਜਪਾ ਦੀ ਮਜ਼ਬੂਤੀ ਲਈ ਹਰ ਵਰਕਰ ਦਾ ਸਰਗਰਮ ਹੋਣਾ ਜ਼ਰੂਰੀ : ਡਾ. ਵਿਨਾਇਕ
ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਕੈਂਪ ਦੌਰਾਨ ਭਾਜਪਾ ਨੇ ਪੱਟੀ 'ਚ ਸੰਗਠਨ ਮਜ਼ਬੂਤੀ 'ਤੇ ਦਿੱਤਾ ਜ਼ੋਰ
Publish Date: Sun, 14 Jun 2026 04:22 PM (IST)
Updated Date: Mon, 15 Jun 2026 04:00 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਭਾਰਤੀ ਜਨਤਾ ਪਾਰਟੀ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਤਹਿਤ ਇਕ ਵਿਸ਼ੇਸ਼ ਸਿਖਲਾਈ ਕੈਂਪ ਜੈਨ ਮਾਡਲ ਸਕੂਲ ਪੱਟੀ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਟੀਮ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ, ਅਹੁਦੇਦਾਰਾਂ ਅਤੇ ਨਾਗਰਿਕਾਂ ਨੇ ਸ਼ਮੂਲੀਅਤ ਕੀਤੀ। ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਸਿਖਲਾਈ ਮਹਾਂ ਅਭਿਆਨ ਦੇ ਇੰਚਾਰਜ ਰਾਜੇਸ਼ ਹਨੀ ਨੇ ਪਾਰਟੀ ਦੀ ਵਿਚਾਰਧਾਰਾ, ਸੰਗਠਨਾਤਮਕ ਢਾਂਚੇ ਅਤੇ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਇਕਲੌਤੀ ਅਜਿਹੀ ਪਾਰਟੀ ਹੈ, ਜੋ ਆਮ ਵਰਕਰ ਨੂੰ ਉਸਦੀ ਮਿਹਨਤ, ਲਗਨ ਅਤੇ ਸਮਰਪਣ ਦੇ ਆਧਾਰ ’ਤੇ ਉੱਚੇ ਅਹੁਦਿਆਂ ਤਕ ਪਹੁੰਚਣ ਦੇ ਮੌਕੇ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਪਰਿਵਾਰਵਾਦ ਨਹੀਂ, ਸਗੋਂ ਵਰਕਰਵਾਦ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸ ਮੌਕੇ ਮੰਡਲ ਪ੍ਰਧਾਨ ਡਾ. ਵਿਜੇ ਵਿਨਾਇਕ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਹਰ ਵਰਕਰ ਦਾ ਸਰਗਰਮ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਪੰਜਾਬ ’ਚ ਇਕ ਮਜ਼ਬੂਤ ਰਾਜਨੀਤਿਕ ਤਾਕਤ ਵਜੋਂ ਉਭਰੇਗੀ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਅਜਿਹੀ ਪਾਰਟੀ ਹੈ ਜੋ ਸੰਗਠਨ ਦੀ ਮਰਿਆਦਾ ਵਿਚ ਰਹਿ ਕੇ ਕੰਮ ਕਰਨ ਵਾਲੇ ਹਰ ਵਰਕਰ ਨੂੰ ਸਨਮਾਨ ਅਤੇ ਤਰੱਕੀ ਦੇ ਮੌਕੇ ਦਿੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਇਕ ਆਮ ਵਰਕਰ ਵਜੋਂ ਕਰਕੇ ਅੱਜ ਦੇਸ਼ ਦੀ ਅਗਵਾਈ ਕਰ ਰਹੇ ਹਨ, ਜੋ ਭਾਜਪਾ ਦੀ ਵਰਕਰ-ਕੇਂਦਰਿਤ ਸੋਚ ਦਾ ਸਭ ਤੋਂ ਵੱਡਾ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਵਰਕਰਾਂ ਨੇ ਜ਼ੋਰਦਾਰ ਮਿਹਨਤ ਕੀਤੀ ਅਤੇ ਲੋਕਾਂ ਵਿਚ ਪਾਰਟੀ ਦੀ ਪਹੁੰਚ ਨੂੰ ਹੋਰ ਮਜ਼ਬੂਤ ਕੀਤਾ। ਅੱਜ ਪੱਟੀ ਵਿਧਾਨ ਸਭਾ ਹਲਕੇ ਸਮੇਤ ਜ਼ਿਲ੍ਹਾ ਤਰਨਤਾਰਨ ਦੇ ਹਰ ਕੋਨੇ ਵਿਚ ਭਾਜਪਾ ਦਾ ਸੰਗਠਨ ਮਜ਼ਬੂਤ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜ ਰਹੇ ਹਨ। ਸੰਧੂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਤਕ ਵਿਰੋਧੀ ਪਾਰਟੀਆਂ ਦੇ ਆਗੂ ਇਹ ਕਹਿੰਦੇ ਸਨ ਕਿ ਇਸ ਖੇਤਰ ਵਿਚ ਭਾਜਪਾ ਦੀ ਕੋਈ ਪਛਾਣ ਨਹੀਂ ਹੈ, ਪਰ ਅੱਜ ਭਾਜਪਾ ਦੇ ਮਿਹਨਤੀ ਵਰਕਰਾਂ ਨੇ ਆਪਣੀ ਲਗਨ ਅਤੇ ਸਮਰਪਣ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਪਾਰਟੀ ਦੀਆਂ ਜੜ੍ਹਾਂ ਪਿੰਡ ਪੱਧਰ ਤਕ ਮਜ਼ਬੂਤ ਹੋ ਚੁੱਕੀਆਂ ਹਨ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਪੱਧਰ ਤਕ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨ। ਕੈਂਪ ਦੌਰਾਨ ਵਿਧਾਨ ਸਭਾ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਤੋਂ ਆਏ ਨਿਵਾਸੀਆਂ ਦੀ ਭਾਰਤੀ ਜਨਤਾ ਪਾਰਟੀ ਵਿਚ ਰਜਿਸਟ੍ਰੇਸ਼ਨ ਵੀ ਕੀਤੀ ਗਈ। ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਲੋਕਾਂ ਦਾ ਭਾਜਪਾ ਪ੍ਰਤੀ ਵਧਦਾ ਵਿਸ਼ਵਾਸ ਪਾਰਟੀ ਦੀ ਲੋਕਪ੍ਰਿਯਤਾ ਦਾ ਪ੍ਰਤੀਕ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸ਼ਿੰਦਬਾਦ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਦੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਰ ਵਰਕਰ ਨੂੰ ਸੰਗਠਨ ਦੀਆਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਇਆ ਜਾ ਸਕੇ। ਸਿਖਲਾਈ ਕੈਂਪ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਰਕਲ ਪ੍ਰਧਾਨਾਂ ਨਾਲ ਇਕ ਬੰਦ ਕਮਰਾ ਮੀਟਿੰਗ ਵੀ ਕੀਤੀ, ਜਿਸ ਦੌਰਾਨ ਸੰਗਠਨ ਦੇ ਵਿਸਥਾਰ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਰਕਲ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਪਾਰਟੀ ਨੂੰ ਬੂਥ ਪੱਧਰ ਤਕ ਹੋਰ ਮਜ਼ਬੂਤ ਕਰਨ ਲਈ ਆਦੇਸ਼ ਦਿੱਤੇ ਗਏ। ਇਸ ਮੌਕੇ ਪਰਮਿੰਦਰ ਸਿੰਘ ਢਿੱਲੋਂ ਪੰਜਾਬ ਵਾਈਸ ਪ੍ਰਧਾਨ ਵਿਕਸਿਤ ਭਾਰਤ ਜੀ ਰਾਮ ਜੀ ਸੈੱਲ, ਜਸਵੰਤ ਸਿੰਘ ਸਹੋਤਾ ਮਾਝਾ ਜੋਨ ਪ੍ਰਧਾਨ, ਹਰਚਰਨ ਸਿੰਘ ਸਿੱਧੂ ਬਲਾਕ ਪ੍ਰਧਾਨ ਨੌਸ਼ਹਿਰਾ ਪੰਨੂਆ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਡਾ. ਵਿਜੇ ਵਿਨਾਇਕ, ਕਾਰਕ ਸਿੰਘ ਸ਼ਾਹ, ਜਸਬੀਰ ਸਿੰਘ, ਹਰਪਾਲ ਸਿੰਘ ਸੋਨੀ, ਗੌਰਵ ਦੇਵਗਤ, ਸ਼ੇਖ ਕੁਮਾਰ ਸੋਨੀ ਅਤੇ ਹੋਰ ਕਈ ਭਾਜਪਾ ਆਗੂ ਅਤੇ ਵਰਕਰ ਹਾਜਰ ਸਨ। ਕੈਂਪ ਦੌਰਾਨ ਪਾਰਟੀ ਦੀਆਂ ਨੀਤੀਆਂ, ਸੰਗਠਨ ਦੀ ਕਾਰਜਪ੍ਰਣਾਲੀ ਅਤੇ ਆਉਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਕੈਪਸ਼ਨ - ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ। ਕੈਪਸ਼ਨ - ਭਾਜਪਾ ਵਰਕਰਾਂ ਦਾ ਸਨਮਾਨ੍ਹ ਕਰਦੇ ਹੋਏ ਡਾ. ਵਿਜੇ ਵਿਨਾਇਕ ਸਰਕਲ ਪ੍ਰਧਾਨ ਪੱਟੀ। ਕੈਪਸ਼ਨ - ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮਹਾਂ ਅਭਿਆਨ ਕੈਂਪ ਦੌਰਾਨ ਵੱਖ-ਵੱਖ ਪਿੰਡਾ ਤੋਂ ਹਾਜਰ ਵਰਕਰ।