- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਮੁੱਖ ਮੰਤਰੀ ਨੂੰ ਕਹਿਣ ਜ਼ਿਲ੍ਹੇ ਦੇ ਵਿਧਾਇਕ- ਐੱਸਕੇਐੱਮ

-ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਮੁੱਖ ਮੰਤਰੀ ਨੂੰ ਕਹਿਣ ਜ਼ਿਲ੍ਹੇ ਦੇ ਵਿਧਾਇਕ- ਐੱਸਕੇਐੱਮ
-ਸਰਕਾਰਾਂ ਨੇ ਨਿੱਜੀਕਰਨ ਨੀਤੀਆਂ ਕਾਰਨ ਬੰਦ ਕੀਤੀਆਂ ਖੰਡ ਮਿੱਲ ਸ਼ੇਰੋਂ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵੱਲੋਂ ਸ਼ੇਰੋਂ ਖੰਡ ਮਿੱਲ ਵਿਖੇ 25ਵੇਂ ਦਿਨ ਵੀ ਮੋਰਚਾ ਜਾਰੀ ਰੱਖਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਵਿਖੇ ਮਿੱਲ ਮੁੜ ਚਾਲੂ ਕਰਨ ਦਾ ਵਾਅਦਾ ਚੇਤੇ ਕਰਵਾਉਂਦਿਆਂ ਮੰਗ ਪੱਤਰ ਦਿੱਤਾ ਗਿਆ। ਵਿਧਾਇਕ ਹਰਮੀਤ ਸਿੰਘ ਸੰਧੂ ਦੀ ਪ੍ਰਤੀਨਿਧਤਾ ਕਰਦਿਆਂ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਵੱਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ। ਉਨ੍ਹਾਂ ਵਾਅਦਾ ਕੀਤਾ ਕਿ ਤਰਨ ਤਾਰਨ ਦੇ ਸਾਰੇ ਵਿਧਾਇਕ ਮਿੱਲ ਮੁੜ ਚਾਲੂ ਕਰਨ ਲਈ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ।
ਇਸ ਮੌਕੇ ਕਿਸਾਨ ਵਫ਼ਦ ਵਿਚ ਮੋਰਚਾ ਆਗੂ ਤਰਸੇਮ ਸਿੰਘ ਲੁਹਾਰ, ਬਲਕਾਰ ਸਿੰਘ ਵਲਟੋਹਾ, ਦਲਜੀਤ ਸਿੰਘ ਦਿਆਲਪੁਰਾ, ਰਤਨ ਸਿੰਘ ਢੰਡ, ਅਜੀਤ ਸਿੰਘ ਚੰਬਾ, ਜਸਬੀਰ ਸਿੰਘ ਸਰਹਾਲੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ, ਮਨਜੀਤ ਸਿੰਘ ਬੱਗੂ ਅਤੇ ਕੈਪਟਨ ਸਿੰਘ ਬਘਿਆੜੀ ਨੇ ਕਿਹਾ ਕਿ ਸ਼ਾਨਦਾਰ ਢੰਗ ਨਾਲ ਚੱਲਦੀ ਖੰਡ ਮਿੱਲ ਨੂੰ ਸਮੇਂ ਦੀਆਂ ਸਰਕਾਰਾਂ ਨੇ ਜਾਣ-ਬੁੱਝ ਕੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਸਹਿਕਾਰੀ ਖੰਡ ਮਿੱਲ ਦੀ ਮਲਕੀਅਤ ਪਨਗਰੇਨ, ਪੁੱਡਾ ਸਮੇਤ ਕੁਝ ਹੋਰ ਵਿਭਾਗਾਂ ਨੂੰ ਤਬਦੀਲ ਕਰ ਦਿੱਤੀ ਹੈ, ਜੋ ਕਿ ਗੈਰ-ਕਾਨੂੰਨੀ ਅਤੇ ਅਨੈਤਿਕ ਹੈ। ਕਿਉਂਕਿ ਖੰਡ ਮਿੱਲ ਵਿਚ 60 ਫੀਸਦੀ ਹਿੱਸਾ ਕਿਸਾਨਾਂ ਦਾ ਹੈ, ਜਿਨ੍ਹਾਂ ਨੂੰ ਇਸ ਸਬੰਧੀ ਪੁੱਛਿਆ ਹੀ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਖੰਡ ਮਿੱਲ ਦੇ ਖਾਤੇ ਵਿਚ ਅੱਜ ਤੋਂ 12 ਸਾਲ ਪਹਿਲਾਂ ਹਾਈਵੇਅ ਬਣਨ ਸਮੇਂ ਦੇ 9 ਕਰੋੜ 18 ਲੱਖ ਰੁਪਏ ਜਮ੍ਹਾਂ ਪਏ ਹਨ। ਇਸ ਰਕਮ ਨਾਲ ਮਿੱਲ ਨੂੰ ਬਿਨਾਂ ਕਿਸੇ ਵਾਧੂ ਸਰਕਾਰੀ ਖਰਚ ਦੇ ਮੁੜ ਚਾਲੂ ਕੀਤਾ ਜਾ ਸਕਦਾ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਸਿੱਧਾ ਅਤੇ ਅਸਿੱਧਾ ਰੁਜ਼ਗਾਰ ਮਿਲੇਗਾ।
ਆਗੂਆਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵੀ ਇਸ ਮਿੱਲ ਨੂੰ ਮੁੜ ਚਲਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹਾ ਪਹਿਲਾਂ ਹੀ ਸਨਅਤੀ ਖੇਤਰ ਪੱਖੋਂ ਪੱਛੜਿਆ ਹੋਇਆ ਹੈ ਅਤੇ ਹੁਣ ਇਸ ਇੱਕੋ-ਇਕ ਖੇਤੀ ਅਧਾਰਿਤ ਸਨਅਤ ਦੇ ਬੰਦ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਧਰ, ਖੰਡ ਮਿੱਲ ਵਿਖੇ ਚੱਲ ਰਹੇ ਪੱਕੇ ਮੋਰਚੇ ਵਿਚ ਅੱਜ ਸਥਾਨਕ ਕਿਸਾਨਾਂ ਦੇ ਨਾਲ ਹੋਰ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਨ੍ਹਾਂ ਵਿਚ ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸ਼ੇਰੋਂ, ਪ੍ਰਗਟ ਸਿੰਘ ਜਾਮਾਰਾਏ, ਅੰਮ੍ਰਿਤਪਾਲ ਸਿੰਘ ਜੌੜਾ, ਸੁਖਚੈਨ ਸਿੰਘ, ਸੁਖਬਾਜ਼ ਸਿੰਘ ਸਿੱਧੂ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।